ਭਾਜਪਾ ਦੀ ‘ਵਿਜੇ ਸੰਕਲਪ ਰਥ ਯਾਤਰਾ’ ਹੁਸੈਨੀਵਾਲਾ ਤੋਂ ਹੋਈ ਸ਼ੁਰੂ

1ਚੰਡੀਗੜ੍ਹ – ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੀ ਸ਼ਹੀਦੀ ਯਾਦਗਾਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ ਅੱਜ ‘ਵਿਜੇ ਸੰਕਲਪ ਰਥ ਯਾਤਰਾ’ ਸ਼ੁਰੂ ਹੋ ਗਈ ਹੈ। ਸ਼ਹੀਦੀ ਯਾਦਗਾਰ ਵਿਖੇ ਹਜ਼ਾਰਾਂ ਦੀ ਤਾਦਾਦ ਵਿਚ ਪਹੁੰਚੇ ਭਾਜਪਾ ਵਰਕਰਾਂ ਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਹੁਸੈਨੀਵਾਲਾ ਦੀ ਧਰਤੀ ਸਾਡਾ ਤੀਰਥ ਹੈ। ਇਸ ਦੀ ਮਿੱਟੀ ਵਿਚ ਸਾਡੇ ਸ਼ਹੀਦਾਂ ਦਾ ਖੂਨ ਅਤੇ ਕਿਸਾਨਾਂ ਦਾ ਪਸੀਨਾ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਨਾਮ ਲੈਣ ਤੋਂ ਹੀ ਸਾਨੂੰ ਦੇਸ਼ ਭਗਤੀ ਦੀ ਪ੍ਰੇਰਨਾ ਮਿਲਦੀ ਹੈ।
ਵਿਜੇ ਸਾਂਪਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਆਰÎਥਿਕ ਆਜ਼ਾਦੀ ਦੀ ਜੰਗ ਲੜ੍ਹ ਰਹੀ ਹੈ, ਦੂਜੇ ਪਾਸੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਸੂਬੇ ਉੱਤੇ ਕਬਜ਼ਾ ਕਰਨ ਲਈ ਦੋ ਤਾਕਤਾਂ ਸ਼ਜਿਸ਼ੀ ਢੰਗ ਨਾਲ ਸਰਗਰਮ ਹਨ। ਪਹਿਲੀ ਉਹ ਪਾਰਟੀ ਹੈ, ਜਿਸ ਨੇ ਗੋਰਿਆਂ ਦੀ ਥਾਂ ਕਾਲੇ ਅੰਗਰੇਜ਼ ਕਲਚਰ ਨੂੰ ਜਨਮ ਦਿੱਤਾ। ਭਾਰਤੀ ਜਨਤਾ ਪਾਰਟੀ ਜਦੋਂ ਦੇਸ਼ ਨੂੰ ਸੋਨੇ ਦੀ ਚਿੜੀ ਬਣਾਉਣ ਵਿਚ ਲੱਗੀ ਹੋਈ ਹੈ ਤਾਂ ਕਾਲੇ ਅੰਗਰੇਜ਼ਾਂ ਦੀ ਇਹ ਕਾਂਗਰਸ ਪਾਰਟੀ ਮੁਲਕ ਨੂੰ ਸੋਨੀਆਂ ਦੀ ਚਿੜੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਦੇਸ਼ ਜਿਸ ਭ੍ਰਿਸ਼ਟਚਾਰ, ਬੇਰੁਜ਼ਗਾਰੀ, ਗਰੀਬੀ ਅਤੇ ਕਾਲੇ ਧੰਨ ਦੀ ਸਮੱਸਿਆ ਨਾਲ ਜੂਝ ਜਿਹਾ ਹੈ, ਉਹ ਸਭ ਕਾਂਗਰਸ ਪਾਰਟੀ ਦੇ ਪੈਦਾ ਕੀਤੇ ਹੋਏ ਹਨ ਅਤੇ ਪੰਜਾਬ ਨਾਲ ਹਮੇਸ਼ਾ ਮਤਰੇਆ ਸਲੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ, ਕਿਸਾਨਾਂ ਦੀ ਲੁੱਟ, ਪੰਜਾਬ ਨੂੰ ਅੱਤਵਾਦ ਦੇ ਕਾਲੇ ਦੌਰ ਵਿਚ ਧੱਕਣ ਵਰਗੇ ਸਾਰੇ ਕਾਰੇ ਇਨ੍ਹਾਂ ਕਾਂਗਰਸੀਆਂ ਦੀ ਹੀ ਦੇਣ ਹਨ। ਪੰਜਾਬ ਤੇ ਪੰਜਾਬੀਅਤ ਵਿਰੋਧੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਦਹਾਕੇ ਤੋਂ ਨਕਾਰਿਆ ਹੋਇਆ ਹੈ।
ਵਿਜੇ ਸਾਂਪਲਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕੈਪਟਨ ਕੋਲ ਜਨਤਾ ਨੂੰ ਮਿਲਣ ਦਾ ਸਮਾ ਨਹੀਂ, ਪਰ ਉਹ ਸਰਹੱਦ ਪਾਰ ਦੇ ਦੋਸਤ ਨੂੰ ਜਰੂਰ ਮਿਲਣ ਦਾ ਸਮਾਂ ਕੱਢਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨਾਲ ਧੋਖਾ ਕੀਤਾ ਹੈ ਪਰੰਤੂ ਪੰਜਾਬ ਦੇ ਲੋਕ ਉਸਦੇ ਝਾਂਸੇ ‘ਚ ਆਉਣ ਵਾਲੇ ਨਹੀਂ। ਸ੍ਰੀ ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਸ਼ੇ ਖ਼ਤਮ ਕਰਨ ਦੇ ਦਾਅਵੇ ਕਰਦੀ ਹੈ, ਲੇਕਿਨ ਲੱਗਦਾ ਹੈ ਕਿ ਇਕੱਲੇ ਭਗਵੰਤ ਮਾਨ ਨੇ ਹੀ ਖੁਦ ਪੀ-ਪੀ ਕੇ ਖ਼ਤਮ ਕਰ ਦੇਣੇ ਹਨ।
ਹੁਸੈਨੀਵਾਲਾ ਯਾਦਗਾਰ ਤੋਂ ‘ਵਿਜੇ ਸੰਕਲਪ ਰਥ ਯਾਤਰਾ’ ਫਿਰੋਜ਼ਪੁਰ ਵੱਲ ਕਾਫ਼ਲੇ ਦੇ ਰੂਪ ਵਿਚ ਅੱਗੇ ਵਧੀ, ਜਿਸ ਦੌਰਾਨ ਮੋਟਰਸਾਈਕਲਾਂ ਤੇ ਕਾਰਾਂ ਉਪਰ ਬੜੀ ਵੱਡੀ ਗਿਣਤੀ ਵਿਚ ਵਰਕਰ ਤੇ ਸਮਰਥਕ ਮੌਜੂਦ ਸਨ। ਰਥ ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ਤੇ ਸ਼ਹਿਰ ਵਿਚ ਜਗ੍ਹਾ ਜਗ੍ਹਾ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪਾਰਟੀ ਪ੍ਰਧਾਨ ਵਿਜੇ ਸਾਂਪਲਾ ਤੇ ਹੋਰਨਾਂ ਆਗੂਆਂ ਨੇ ਰਸਤੇ ਵਿਚ ਵੱਖ ਵੱਖ ਚੌਂਕਾਂ ਉਤੇ ਸ਼ਹੀਦ ਭਗਤ ਸਿੰਘ, ਸ਼ਹੀਦ ਊੁਧਮ ਸਿੰਘ ਦੇ ਬੁੱਤਾਂ,  ਗੁਰੂ ਰਵਿਦਾਸ ਜੀ, ਭਗਵਾਨ ਵਾਲਮੀਕਿ ਜੀ ਅਤੇ ਭਗਤ ਨਾਮਦੇਵ ਜੀ ਦੀਆਂ ਮੂਰਤੀਆਂ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਯਾਤਰਾ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਥੇਬੰਦਕ ਸਕੱਤਰ ਦਿਨੇਸ਼ ਕੁਮਾਰ, ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ, ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਕਮਲ ਸ਼ਰਮਾ, ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਸੂਬਾ ਜਨਤਰ ਸਕੱਤਰ ਮਨਜੀਤ ਸਿੰਘ ਰਾਏ, ਸੂਬਾ ਸਕੱਤਰ ਵਿਨੀਤ ਜੋਸ਼ੀ, ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਦਵਿੰਦਰ ਬਜਾਜ, ਜਿਲ੍ਹਾ ਜਨਰਲ ਸਕੱਤਰ ਅਰੁਣ ਪੁੱਗਲ, ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਵੀਰ ਰਾਜਨ, ਜਨਰਲ ਸਕੱਤਰ ਅਮਿਤ ਸਾਂਪਲਾ ਮੌਜੂਦ ਸਨ।

LEAVE A REPLY