ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾ ਲਈ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਨੂੰ ਖੇਡਾਂ ਵਿੱਚ ਜ਼ਿਆਦਾ ਰੁਚੀ ਸੀ। ਦੀਪਿਕਾ ਨੇ ਬੀਤੇ ਦਿਨੀਂ ਹੋਈ ‘ਨਿਕਲੋਡੀਅਨ ਕਿੱਡਜ਼ ਐਵਾਰਡ’ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘ਸਕੂਲ ਦੇ ਦਿਨਾਂ ਵਿੱਚ ਮੈਨੂੰ ਹਮੇਸ਼ਾ ਪੜ੍ਹਾਈ ਤੋਂ ਇਲਾਵਾ ਹੋਣ ਵਾਲੀਆਂ ਸਰਗਰਮੀਆਂ ਵਿੱਚ ਜ਼ਿਆਦਾ ਰੁਚੀ ਰਹਿੰਦੀ ਸੀ। ਮੈਨੂੰ ਖੇਡਾਂ ਅਤੇ ਨਾਟਕਾਂ ਵਿੱਚ ਹਿੱਸਾ ਲੈਣਾ ਅਤੇ ਪ੍ਰਦਰਸ਼ਨ ਕਰਨਾ ਜਿੰਨਾ ਚੰਗਾ ਲਗਦਾ ਸੀ, ਓਨਾ ਦਿਲ ਪੜ੍ਹਾਈ ‘ਚ ਨਹੀਂ ਸੀ ਲਗਦਾ।’ ‘ਪੀਕੂ’ ਅਭਿਨੇਤਰੀ ਦਾ ਮੰਨਣਾ ਹੈ ਕਿ ਅੱਜ ਦੇ ਬੱਚੇ ਕਿਤੇ ਜ਼ਿਆਦਾ ਆਤਮਵਿਸ਼ਵਾਸੀ ਅਤੇ ਪ੍ਰਤਿਭਾਵਾਨ ਹੁੰਦੇ ਹਨ। ਉਸ ਨੇ ਕਿਹਾ, ‘ਮੈਨੂੰ ਯਾਦ ਹੈ, ਜਦੋਂ ਅਸੀਂ ਬੱਚੇ ਸੀ ਤਾਂ ਸਾਡੇ ‘ਚ ਏਨਾ ਆਤਮਵਿਸ਼ਵਾਸ ਨਹੀਂ ਸੀ ਅਤੇ ਬੱਚਿਆਂ ਨੂੰ ਜ਼ਿਆਦਾ ਮੌਕੇ ਵੀ ਨਹੀਂ ਸਨ ਮਿਲਦੇ। ਪਰ ਅੱਜ ਦੇ ਬੱਚਿਆਂ ਕੋਲ ਢੇਰਾਂ ਮੌਕੇ ਹਨ ਤੇ ਉਹ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ। ਉਨ੍ਹਾਂ ਦੀ ਪ੍ਰਤਿਭਾ ਦੀ ਤਾਰੀਫ਼ ਦੇਖ ਕੇ ਬਹੁਤ ਹੀ ਚੰਗਾ ਲੱਗਦਾ ਹੈ।’ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਕਰ ਰਹੀ ਹੈ ਜਿਸ ਵਿੱਚ ਉਸ ਦੇ ਨਾਲ ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਵੀ ਹਨ।