ਪੱਗੜੀ ਦਾ ਰੰਗ ਹੁਣ ਵਿਸ਼ੇਸ਼ ਪਾਰਟੀ ਦੀ ਪਹਿਚਾਣ ਨਹੀਂ

dar-300x111-300x111ਜ਼ਿਆਦਾਤਰ ਅਕਾਲੀ ਬੰਨ੍ਹਦੇ ਨੇ ਨੀਲੀਆਂ ਪੱਗਾਂ ਤੇ ਕਾਂਗਰਸੀ ਬੰਨ੍ਹਦੇ ਨੇ ਰੰਗ ਬਰੰਗੀਆਂ
ਪਟਿਆਲਾ, 24 ਦਸੰਬਰ : ਕਿਸੇ ਸਮੇਂ ਵਿਸ਼ੇਸ਼ ਰੰਗ ਦੀਆਂ ਪੱਗੜੀਆਂ ਵਿਸ਼ੇਸ਼ ਸਿਆਸੀ ਪਾਰਟੀਆਂ ਦੀ ਪਹਿਚਾਣ ਹੁੰਦੀਆਂ ਸਨ ਪਰ ਹੁਣ ਇਹ ਰੁਝਾਨ ਕੁਝ ਘਟ ਗਿਆ ਹੈ। ਕਿਸੇ ਸਮੇਂ ਨੀਲਾ ਰੰਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬੰਨ੍ਹਦੇ ਸਨ ਜਦਕਿ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਲੀਡਰ ਸਫੇਦ ਰੰਗ ਦੀ ਹੀ ਪੱਗੜੀ ਬੰਨ੍ਹਦੇ ਸਨ। ਲੇਕਿਨ ਕੁਝ ਸਿਆਸੀ ਪਾਰਟੀਆਂ ਦੇ ਲੀਡਰ ਇਕ ਰੰਗ ਦੀ ਪੱਗ ਹੀ ਬੰਨ੍ਹਦੇ ਹਨ ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਲੱਗ-ਅਲੱਗ ਰੰਗ ਦੀਆਂ ਪੱਗਾਂ ਬੰਨ੍ਹਦੇ ਹੀ ਰਹਿੰਦੇ ਹਨ।
ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੀਲੇ ਰੰਗ ਦੀ ਪੱਗੜੀ ਬੰਨ੍ਹਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੀ ਨੀਲੇ ਰੰਗ ਦੀ ਪੱਗੜੀ ਅਤੇ ਪੀਲੇ ਰੰਗ ਦੀ ਫਿਫਟੀ ਬੰਨ੍ਹਦੇ ਹਨ। ਪਰ ਪਾਰਟੀ ਦੇ ਸਕੱਤਰ ਜਨਰਲ ਸ੍ਰ. ਸੁਖਦੇਵ ਸਿੰਘ ਢੀਂਡਸਾ ਕੇਸਰੀ ਰੰਗ ਦੀ ਪੱਗੜੀ ਬੰਨ੍ਹਦੇ ਹਨ ਜਦਕਿ ਇਕ ਹੋਰ ਸੀਨੀਅਰ ਲੀਡਰ ਸ੍ਰ. ਬਲਵਿੰਦਰ ਸਿੰਘ ਭੁੰਦੜ ਹਲਕੇ ਪੀਲੇ ਰੰਗ ਦੀ ਪੱਗ ਬੰਨ੍ਹਦੇ ਹਨ। ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਹਿਲਾਂ ਨੀਲੀ ਪੱਗ ਬੰਨ੍ਹਦੇ ਹੁੰਦੇ ਸਨ ਤੇ ਬਾਅਦ ਵਿੱਚ ਉਨ੍ਹਾਂ ਨੇ ਕੇਸਰੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਦੇ ਸਪੀਕਰ ਸ੍ਰ. ਚਰਨਜੀਤ ਸਿੰਘ ਅਟਵਾਲ ਹਮੇਸ਼ਾਂ ਹੀ ਨੀਲੀ ਪੱਗ ਬੰਨ੍ਹਦੇ ਹਨ। ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੀਲੀ ਅਤੇ ਕੇਸਰੀ ਪੱਗ ਦੋਹਾਂ ਤਰ੍ਹਾਂ ਦੀਆਂ ਪੱਗਾਂ ਬੰਨ੍ਹਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਕਦੇ ਕਾਲੀ ਪਰ ਜ਼ਿਆਦਾਤਰ ਨੀਲੀ ਪੱਗ ਹੀ ਬੰਨ੍ਹਦੇ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜ਼ਿਆਦਾਤਰ ਨੀਲੀ ਪੱਗ ਹੀ ਬੰਨ੍ਹਦੇ ਹਨ।  ਪਰ ਵਿੱਚ-ਵਿੱਚ ਆਪਣੀ ਪੱਗ ਦਾ ਰੰਗ ਵੀ ਬਦਲ ਲੈਂਦੇ ਹਨ। ਕਦੇ ਕਦੇ ਉਹ ਹਲਕੀ ਗੁਲਾਬੀ ਅਤੇ ਕਾਲੀ ਪੱਗ ਵੀ ਬੰਨ੍ਹ ਲੈਂਦੇ ਹਨ।
ਬੇਸ਼ੱਕ ਅਕਾਲੀ ਦਲ ਦੇ ਲੀਡਰਾਂ ਦੇ ਸਿੱਖ ਲੀਡਰਾਂ ਲਈ ਪੱਗ ਬੰਨ੍ਹਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪਾਰਟੀ ਸਿੱਖ ਸਿਧਾਂਤਾਂ ਅਨੁਸਾਰ ਚੱਲਦੀ ਹੈ ਅਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਨਵੇਂ ਯੂਥ ਲੀਡਰ ਪੱਗ ਦੀ ਪ੍ਰਵਾਹ ਹੀ ਨਹੀਂ ਕਰਦੇ ਅਤੇ ਉਨ੍ਹਾਂ ਨੇ ਤਾਂ ਵਾਲਾਂ ਦੀ ਵੀ ਬੇਅਦਬੀ ਕੀਤੀ ਹੋਈ ਹੈ। ਉਂਝ ਜਿਹੜੇ ਯੂਥ ਲੀਡਰ ਪੱਗੜੀਆਂ ਬੰਨ੍ਹਦੇ ਹਨ ਉਹ ਖੂਬਸੂਰਤ ਤੇ ਸਟਾਈਲਿਸਟ ਪੱਗਾਂ ਬੰਨ੍ਹਦੇ ਹਨ।
ਦੂਜੇ ਪਾਸੇ ਕਾਂਗਰਸ ਜਿਸ ਦੇ ਜ਼ਿਆਦਾਤਰ ਸਿੱਖ ਲੀਡਰ ਸਫੇਦ ਪੱਗ ਹੀ ਬੰਨ੍ਹਦੇ ਸਨ ਪਰ ਹੁਣ ਇਹ ਰੁਝਾਨ ਘੱਟ ਗਿਆ ਹੈ। ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਰੰਗ ਬਰੰਗੀਆਂ ਪੱਗਾਂ ਬੰਨ੍ਹਣ ਦਾ ਸ਼ੌਕ ਹੈ। ਉਹ ਕਦੇ ਫਿਰੋਜ਼ੀ ਰੰਗ ਬੰਨ੍ਹਦੇ ਹਨ ਅਤੇ ਕਦੇ ਹਲਕੇ ਹਰੇ ਰੰਗ ਦੀ, ਕਦੇ ਅਸਮਾਨੀ, ਕਦੇ ਖਾਕੀ ਤੇ ਕਦੇ ਗੂੜ੍ਹੀ ਹਰੀ ਪੱਗ ਵੀ ਬੰਨ੍ਹ ਲੈਂਦੇ ਹਨ। ਉਨ੍ਹਾਂ ਦੀਆਂ ਫਿਫਟੀਆਂ ਵੀ ਅਲੱਗ-ਅਲੱਗ ਰੰਗ ਦੀਆਂ ਹੁੰਦੀਆਂ ਹਨ। ਅੱਜ ਕਲ੍ਹ ਜਿਹੜੇ ਬੈਨਰ ਲੱਗੇ ਹੋਏ ਹਨ ਉਨ੍ਹਾਂ ਉਤੇ ਅਲੱਗ-ਅਲੱਗ ਰੰਗ ਦੀਆਂ ਪੱਗੜੀਆਂ ਨਜ਼ਰ ਆਉਂਦੀਆਂ ਹਨ। ਇਕ ਹੋਰ ਸੀਨੀਅਰ ਲੀਡਰ ਅਤੇ ਵਿਰੋਧੀ ਧਿਰ ਦੇ ਆਗੂ ਰਹੇ ਸ੍ਰ. ਚਰਨਜੀਤ ਸਿੰਘ ਚੰਨੀ ਨਾਭੀ, ਪੀਲੀ ਅਤੇ ਗੁਲਾਬੀ ਰੰਗ ਦੀ ਪੱਗ ਵੀ ਬੰਨ੍ਹਦੇ ਹਨ। ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਸ੍ਰ. ਪ੍ਰਤਾਪ ਸਿੰਘ ਬਾਜਵਾ ਵੀ ਰੰਗ ਬਰੰਗੀਆਂ ਪੱਗਾਂ ਬੰਨ੍ਹਣ ਦਾ ਸ਼ੌਕ ਰੱਖਦੇ ਹਨ ਪਰ ਇਸ ਦੇ ਨਾਲ-ਨਾਲ ਇਹ ਵੀ ਦੱਸਣਯੋਗ ਹੈ ਕਿ ਉਹ ਖੂਬਸੂਰਤ ਪੇਚਾਂ ਵਾਲੀ ਪੱਗ ਬੰਨ੍ਹਦੇ ਹਨ।
ਕਾਂਗਰਸ ਵਿੱਚ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਪਿਛਲੇ ਸਮੇਂ ਦੌਰਾਨ ਜ਼ਿਆਦਾਤਰ ਸਿੱਖ ਕਾਂਗਰਸੀ ਨੌਜਵਾਨ ਲੀਡਰਾਂ ਨੇ ਵਾਲ ਕਟਾ ਲਏ ਸਨ ਅਤੇ ਬਿਨਾਂ ਪੱਗ ਤੋਂ ਹੀ ਵਿਚਰਦੇ ਸਨ ਪਰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਪੱਗ ਬੰਨ੍ਹਣ ਦੀਆਂ ਹਦਾਇਤਾਂ ਕੀਤੀਆਂ।  ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਸ੍ਰ. ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਦੇ ਕਹਿਣ ਉਤੇ ਹੀ ਦੁਬਾਰਾ ਸਿੱਖੀ ਸਰੂਪ ਧਾਰਿਆ। ਅੱਜ ਉਹ ਰੰਗ ਬਰੰਗੀਆਂ ਖੂਬਸੂਰਤ ਪੱਗਾਂ ਬੰਨ੍ਹਦੇ ਹਨ।  ਕਾਂਗਰਸ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਸ੍ਰ. ਬਾਦਲ ਦੇ ਭਤੀਜੇ ਸ੍ਰ. ਮਨਪ੍ਰੀਤ ਸਿੰਘ ਬਾਦਲ ਜਦੋਂ ਅਕਾਲੀ ਦਲ ਵਿੱਚ ਸਨ ਤਾਂ ਉਹ ਨੀਲੀ ਪੱਗ ਬੰਨ੍ਹਦੇ ਸਨ। ਫਿਰ ਉਨ੍ਹਾਂ ਨੇ ਆਪਣੀ ਸਿਆਸੀ ਜਮਾਤ ਪੰਜਾਬ ਪੀਪਲਜ਼ ਪਾਰਟੀ ਬਣਾਈ ਤਾਂ ਉਹ ਪੀਲੇ ਰੰਗ ਦੀ ਪੱਗ ਬੰਨ੍ਹਣ ਲੱਗ ਪਏ ਪਰ ਹੁਣ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਤਾਂ ਉਹ ਹਲਕੇ ਪੀਲੇ ਰੰਗ ਦੀ ਪੱਗ ਅਕਸਰ ਹੀ ਬੰਨ੍ਹਦੇ ਹਨ। ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਰਾਹੂਲ ਦੀ ਪ੍ਰੇਰਨਾ ਕਰ ਕੇ ਹੀ ਕੁਝ ਉਹ ਯੂਥ ਲੀਡਰ ਵੀ ਪੱਗੜੀ ਬੰਨ੍ਹਣ ਲੱਗ ਪਏ ਹਨ ਜਿਨ੍ਹਾਂ ਦੇ ਪਿਤਾ ਪੱਗੜੀ ਤਿਆਗ ਗਏ ਸਨ। ਦੁਆਬੇ ਦੀ ਧਰਤੀ ਉਤੇ ਮਾਸਟਰ  ਗੁਰਬੰਤਾਂ ਸਿੰਘ ਦਾ ਦਲਿਤ ਭਾਈਚਾਰੇ ਉਤੇ ਬਹੁਤ ਪ੍ਰਭਾਵ ਰਿਹਾ ਹੈ। ਉਹ ਕਾਂਗਰਸੀ ਹੋਣ ਦੇ ਨਾਅਤੇ ਸਫੇਦ ਰੰਗ ਦੀ ਪੱਗ ਬੰਨ੍ਹਦੇ ਸਨ ਪਰ ਉਨ੍ਹਾਂ ਦੇ ਦੋਵੇਂ ਬੇਟੇ ਚੌਧਰੀ ਜਗਜੀਤ ਸਿੰਘ ਅਤੇ ਚੌਧਰੀ ਸੰਤੋਖ ਸਿੰਘ ਕਲੀਨ ਸ਼ੇਵਨ ਹੋ ਗਏ ਅਤੇ ਉਨ੍ਹਾਂ ਨੇ ਪੱਗੜੀ ਤਿਆਗ ਦਿੱਤੀ ਪਰ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਅੱਜ ਖੂਬਸੂਰਤ ਪੇਚਾਂ ਵਾਲੀ ਪੱਗ ਬੰਨ੍ਹਦੇ ਹਨ।
ਪੰਜਾਬ ਵਿੱਚ ਇਸ ਸਮੇਂ ਤੀਜੀ ਧਿਰ ਵਜੋਂ ਵਿਚਰ ਰਹੀ ਆਮ ਆਦਮੀ ਪਾਰਟੀ ਨੇ ਹਾਲੇ ਵਿਸ਼ੇਸ਼ ਰੰਗ ਦੀ ਪੱਗ ਦੀ ਪਹਿਚਾਣ ਨਹੀਂ ਬਣਾਈ ਪਰ ਇਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ੍ਰ. ਭਗਵੰਤ ਸਿੰਘ ਮਾਨ ਜ਼ਿਆਦਾਤਰ ਪੀਲੀ ਪੱਗ ਵਿੱਚ ਹੀ ਨਜ਼ਰ ਆਉਂਦੇ ਹਨ। ਇਸ ਪਾਰਟੀ ਦੇ ਪ੍ਰਮੁੱਖ ਲੀਡਰ ਐਚ ਐਸ ਫੂਲਕਾ ਅਸਮਾਨੀ ਰੰਗ ਦੀ ਹੀ ਪੱਗ ਬੰਨ੍ਹਦੇ ਹਨ। ਬਾਕੀ ਸਿੱਖ ਲੀਡਰ ਰੰਗ ਬਰੰਗੀਆਂ ਪੱਗਾਂ ਹੀ ਬੰਨ੍ਹਦੇ ਹਨ। ਆਪ ਤੋਂ ਅਲੱਗ ਹੋਏ ਸ੍ਰ. ਸੁੱਚਾ ਸਿੰਘ ਛੋਟੇਪੁਰ ਵੀ ਇਕ ਰੰਗ ਨਾਲ ਬੱਝੇ ਨਹੀਂ ਹੋਏ ਅਤੇ ਉਹ ਵੀ ਕਈ ਤਰ੍ਹਾਂ ਦੇ ਰੰਗਾਂ ਦੀ ਪੱਗ ਬੰਨ੍ਹਦੇ ਹਨ।

LEAVE A REPLY