ਪ੍ਰਮਾਣੂ ਹਥਿਆਰਾਂ ਦੀ ਦੌੜ ਮੁੜ ਸ਼ੁਰੂ?

editorial1ਸੰਯੁਕਤ ਰਾਜ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ, ਡੌਨਲਡ ਟਰੰਪ, ਨੇ ਪਿੱਛਲੇ ਹਫ਼ਤੇ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਲੈ ਕੇ ਇੱਕ ਗਰਮਾ ਗਰਮ ਟਵੀਟ ਕਰਦਿਆਂ ਆਪਣੀ ਰਾਏ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਕੀਤਾ: ”ਸੰਯੁਕਤ ਰਾਜ (ਅਮਰੀਕਾ) ਨੂੰ ਆਪਣੀ ਪ੍ਰਮਾਣੂ ਕਾਬਲੀਅਤ ਨੂੰ ਉਸ ਵਕਤ ਤਕ ਵਧਾਉਂਦੇ ਅਤੇ ਮਜ਼ਬੂਤ ਕਰਦੇ ਰਹਿਣਾ ਚਾਹੀਦੈ ਜਦੋਂ ਤਕ ਨਿਊਕਲੀਅਰ ਹਥਿਆਰਾਂ ਨੂੰ ਲੈ ਕੇ ਦੁਨੀਆਂ ਦੀ ਮਤ ਠਿਕਾਣੇ ਨਹੀਂ ਆ ਜਾਂਦੀ।”
ਪਿਛਲੇ ਹਫ਼ਤੇ ਹੀ, ਟਰੰਪ ਦੀ ਉਪਰੋਕਤ ਟਵੀਟ ਤੋਂ ਕੁਝ ਕੁ ਘੰਟੇ ਪਹਿਲਾਂ, ਰੂਸ ਦੇ ਮੌਜੂਦਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਇੱਕ ਅਜਿਹਾ ਹੀ ਸੁਨੇਹਾ ਵਿਸ਼ਵ ਨੂੰ ਦਿੱਤਾ: ”ਸਾਨੂੰ ਆਪਣੇ ਰਣਨੀਤਕ ਨਿਊਕਲੀਅਰ ਹਥਿਆਰਾਂ ਦੀ ਫ਼ੌਜੀ ਸਮਰਥਾ ਮਜ਼ਬੂਤ ਕਰਨੀ ਚਾਹੀਦੀ ਹੈ, ਖ਼ਾਸਕਰ ਉਨ੍ਹਾਂ ਮਿਜ਼ਾਈਲਾਂ ਦੀ ਜਿਹੜੀਆਂ ਵਿਸ਼ਵ ਭਰ ਦੇ ਮੌਜੂਦਾ ਤੇ ਭਵਿੱਖ ਦੇ ਸੁਰੱਖਿਆ ਢਾਂਚਿਆਂ (ਡੀਫ਼ੈਂਸ ਸਿਸਟਮਜ਼) ਨੂੰ ਸਫ਼ਲਤਾ ਨਾਲ ਤੋੜਨ ਦੇ ਸਮਰੱਥ ਹਨ। ਸਾਨੂੰ ਵਿਸ਼ਵ ਦੇ ਤਾਕਤ ਦੇ ਤਵਾਜ਼ਨ ਵਿੱਚ ਹੋ ਰਹੀ ਕਿਸੇ ਕਿਸਮ ਦੀ ਵੀ ਤਬਦੀਲੀ ਨੂੰ ਗਹੁ ਨਾਲ ਵਾਚਣਾ ਚਾਹੀਦੈ ਅਤੇ ਕਿਸੇ ਵੀ ਸਿਆਸੀ-ਫ਼ੌਜੀ ਤਬਦੀਲੀ ਦਾ ਜਵਾਬ ਦੇਣਾ ਸਾਨੂੰ ਆਉਣਾ ਚਾਹੀਦੈ, ਖ਼ਾਸਕਰ ਸਾਡੀ ਫ਼ੌਜ ਨੂੰ ਰੂਸ ਦੀ ਸੀਮਾਵਾਂ ਦੇ ਆਲੇ ਦੁਆਲੇ ਦੇ ਖ਼ਤਰਿਆਂ ‘ਤੇ ਕਾਬੂ ਪਾਉਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਯੂ.ਐੱਸ. ਸਟੇਟ ਡਿਪਾਰਟਮੈਂਟ ਦੇ ਜੌਹਨ ਕਰਬੀ ਨੇ ਟਰੰਪ ਦੀ ਪ੍ਰਮਾਣੂ ਟਵੀਟ ਬਾਰੇ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ:
ਸਵਾਲ: ”ਚੋਣ ਮੁਹਿੰਮ ਦੌਰਾਨ ਇਸ ਗੱਲ ਬਾਰੇ ਬਹੁਤ ਜ਼ਿਆਦਾ ਰੌਲਾ ਪਾਇਆ ਗਿਆ ਸੀ, ਖ਼ਾਸਕਰ ਕਲਿੰਟਨ ਪੱਖੀਆਂ ਵਲੋਂ, ਕਿ ਟਰੰਪ ਦਾ ਸੁਭਾਅ ਪ੍ਰਮਾਣੁ ਹਥਿਆਰਾਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਮਾਕੂਲ ਨਹੀਂ, ਕਿ ਉਸ ਦੇ ਗੁੱਸੇ ਦਾ ਕੋਈ ਭਰੋਸਾ ਨਹੀਂ ਅਤੇ ਇਹ ਵੀ ਕਿ ਉਹ ਇੱਕ ਆਵੇਗੀ ਇਨਸਾਨ ਹੈ। ਕੀ ਟਰੰਪ ਦੀ ਇਹ ਹਾਲੀਆ ਟਵੀਟ ਤੁਹਾਡੇ ਉਸੇ ਖ਼ਦਸ਼ੇ ਦੀ ਪੁਸ਼ਟੀ ਕਰਦੀ ਹੈ ਜਿਸ ਤਹਿਤ ਤੁਸੀਂ ਕਹਿੰਦੇ ਸੀ ਕਿ ਟਰੰਪ ਦੇ ਹੱਥ ਪ੍ਰਮਾਣੂ ਹਥਿਆਰਾਂ ਦਾ ਕੰਟਰੋਲ ਦੇਣਾ ਖ਼ਤਰੇ ਤੋਂ ਖ਼ਾਲੀ ਨਹੀਂ?”
ਕਰਬੀ: ”ਇਹ ਮੇਰੇ ਕਹਿਣ ਦੀ ਗੱਲ ਨਹੀਂ, ਬਾਰਬਰਾ। ਮੈਨੂੰ ਕੀ ਪਤਾ ਭਲਾ ਅਗਲੇ ਅਮਰੀਕੀ ਰਾਸ਼ਟਰਪਤੀ ਦੀ ਪ੍ਰਮਾਣੂ ਵਿਚਾਰਧਾਰਾ ਕਿਹੋ ਜਿਹੀ ਹੋਵੇਗੀ ਜਾਂ ਕੀ ਹੈ। ਇਸ ਬਾਰੇ ਕੋਈ ਵੀ ਗੱਲ ਕਰਨ ਦਾ ਹੱਕ ਕੇਵਲ ਵ੍ਹਾਈਟ ਹਾਊਸ ਵਿੱਚ ਆਉਣ ਵਾਲੇ ਨਵੇਂ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਟੀਮ ਦਾ ਹੀ ਹੋਣਾ ਚਾਹੀਦੈ। ਜੋ ਮੈਂ ਤੁਹਾਨੂੰ ਦੱਸ ਸਕਦਾਂ ਉਹ ਹੈ ਉਨ੍ਹਾਂ ਕਦਮਾਂ ਬਾਰੇ ਜਿਹੜੇ ਇਸ ਪ੍ਰਸ਼ਾਸਨ ਨੇ ਚੁੱਕੇ ਹਨ ਤਾਂ ਜੋ ਸਾਨੂੰ ਇੱਕ ਪ੍ਰਮਾਣੂ ਹਥਿਆਰਾਂ ਤੋਂ ਰਹਿਤ ਸੰਸਾਰ ਵਸਾਉਣ ਦੇ ਪੰਧ ‘ਤੇ ਪਾਇਆ ਜਾ ਸਕੇ।”
ਕਰਬੀ ਦਾ ਉਪਰੋਕਤ ਬਿਆਨ, ਘੱਟੋਘੱਟ, ਵਿਸ਼ਵ ਦੇ ਬਣ ਰਹੇ ਸਿਆਸੀ ਮਾਹੌਲ ਦੇ ਸੰਦਰਭ ਵਿੱਚ ਬਚਕਾਨਾ ਹੀ ਕਿਹਾ ਜਾ ਸਕਦੈ।
ਸਾਡੇ ਪਾਠਕ ਜਾਣਦੇ ਹੀ ਹੋਣਗੇ ਕਿ ਅਸੀਂ ਪਿੱਛਲੇ ਕੁਝ ਸਾਲਾਂ ਤੋਂ ਇਨ੍ਹਾਂ ਕਾਲਮਾਂ ਵਿੱਚ ਇਹੀ ਭਵਿੱਖਬਾਣੀ ਕਰਦੇ ਆ ਰਹੇ ਹਾਂ ਕਿ ਆਗਾਮੀ ਸਭਿਆਤਾਵਾਂ ਦੇ ਭੇੜ ਵਿੱਚ ਜਾਂ ਵਿਸ਼ਵ ਯੁੱਧ ਵਿੱਚ ਸੰਯੁਕਤ ਰਾਜ ਅਮਰੀਕਾ ਅਤੇ ਰੂਸ ਭਾਈਵਾਲ ਬਣਨਗੇ। ਅਸੀਂ ਇਨ੍ਹਾਂ ਕਾਲਮਾਂ ਵਿੱਚ ਇਹ ਵੀ ਲਿਖਦੇ ਆਏ ਹਾਂ ਕਿ ਰੂਸ ਦੀ ਸਾਂਝ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਪੈਣ ਵਾਲੀ ਹੈ ਜਦੋਂ ਕਿ ਚੀਨ ਪਾਕਿਸਤਾਨ ਅਤੇ ਸੰਸਾਰ ਦੇ ਦੂਸਰੇ ਸੁੰਨੀ ਮੁਲਕਾਂ ਦਾ ਭਾਈਵਾਲ ਬਣੇਗਾ। ਤੀਜੇ ਵਿਸ਼ਵ ਯੁੱਧ ਵਿੱਚ ਇਰਾਨ ਵੀ ਰੂਸ ਅਤੇ ਭਾਰਤ ਨਾਲ ਗੱਠਜੋੜ ਕਰੇਗਾ ਕਿਉਂਕਿ ਸ਼ੀਆ ਮੁਸਲਮਾਨਾਂ ਅਤੇ ਹਿੰਦੂਆਂ ਦੀ ਸੁੰਨੀ ਮੁਸਲਮਾਨਾਂ ਖ਼ਿਲਾਫ਼ ਭਾਈਵਾਲੀ ਦਾ ਸਿਲਸਿਲਾ ਘੱਟੋ ਘੱਟ ਕਰਬਲਾ ਦੇ ਯੁੱਧ ਦੇ ਵਕਤ ਤੋਂ ਹੀ ਚਲਦਾ ਆਇਐ।
ਜਦੋਂ ਮੈਂ ਇਨ੍ਹਾਂ ਕਾਲਮਾਂ ਵਿੱਚ ਇਹ ਗੱਲਾਂ ਲਿਖਦਾ ਹੁੰਦਾ ਸਾਂ ਤਾਂ ਸ਼ਾਇਦ ਹੀ ਕੋਈ ਪਾਠਕ ਅਜਿਹੇ ਕਿਸੇ ਗੱਠਜੋੜ ਦੀ ਕਲਪਨਾ ਕਰ ਸਕਦਾ ਹੋਵੇ, ਪਰ ਅੱਜ ਦੇਖੋ ਵਿਸ਼ਵ ਦੀ ਸਿਆਸਤ ਵਿੱਚ ਕਿਹੋ ਜਿਹੀਆਂ ਨਾਟਕੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ। ਟਰੰਪ, ਜਿਸ ਨੇ ਕਦੇ ਵੀ ਰੂਸ ਦੇ ਰਾਸ਼ਟਰਪਤੀ ਲਈ ਆਪਣੇ ਡੁੱਲ੍ਹ ਡੁੱਲ੍ਹ ਪੈਂਦੇ ਪਿਆਰ ਦਾ ਇਜ਼ਹਾਰ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ, ਹੁਣ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਵਾਲਾ ਹੈ ਅਤੇ 20 ਜਨਵਰੀ ਨੂੰ ਉਹ ਆਪਣੇ ਦਫ਼ਤਰ ਦਾ ਬਕਾਇਦਾ ਉਦਘਾਟਨ ਵੀ ਕਰ ਲਵੇਗਾ। ਮੈਂ ਮੰਨਦਾਂ ਕਿ ਬਰਾਕ ਓਬਾਮਾ ਜਾਂ ਹਿਲਰੀ ਕਲਿੰਟਨ ਦੇ ਰਾਸ਼ਟਰਪਤੀ ਅਹੁਦੇ ‘ਤੇ ਹੁੰਦਿਆਂ ਰੂਸ ਅਤੇ ਅਮਰੀਕਾ ਵਿਚਾਲੇ ਭਾਈਵਾਲੀ ਦਾ ਅਜਿਹਾ ਰਿਸ਼ਤਾ ਕਦੇ ਵੀ ਤੋੜ ਨਹੀਂ ਸੀ ਚੜ੍ਹ ਸਕਣਾ, ਪਰ ਹੁਣ ਇਸ ਪ੍ਰੇਮ ਪ੍ਰਸੰਗ ਨੂੰ ਵਧਣ ਫੁਲਣ ਤੋਂ ਰੋਕਣ ਵਾਲਾ ਕੋਣ?
ਜਿਵੇਂ ਕਿ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖਦੇ ਹੀ ਆਏ ਹਾਂ ਕਿ ਚੀਨ ਲਗਾਤਾਰ ਆਪਣੀ ਫ਼ੌਜੀ ਕਾਬਲੀਅਤ ਤੇ ਤਾਕਤ ਵਧਾਉਣ ਵਿੱਚ ਜੁਟਿਆ ਹੋਇਐ; ਵੱਖ ਵੱਖ ਅਮਰੀਕੀ ਸ਼ਹਿਰਾਂ ਨੂੰ ਤਬਾਹ ਕਰਨ ਲਈ ਨਵੇਂ ਪ੍ਰਮਾਣੂ ਮਿਜ਼ਾਇਲ ਡਲਿਵਰੀ ਸਿਸਟਮ ਵਿਕਸਿਤ ਕਰਨ ਤੋਂ ਇਲਾਵਾ ਚੀਨ ਨੇ ਸਾਊਥ ਚਾਈਨਾ ਸੀਅ ਵਿੱਚ ਆਪਣੇ ਨਵੇਂ ਫ਼ੌਜੀ ਅੱਡੇ ਵੀ ਸਥਾਪਿਤ ਕਰ ਲਏ ਹਨ ਅਤੇ ਉਸ ਨੇ ਬੇਹਤਰੀਨ ਜੰਗੀ ਏਅਰਕਰਾਫ਼ਟ ਕੈਰੀਅਰਜ਼ ਨਾਲ ਆਪਣੀ ਵਾਯੂ ਸੈਨਾ ਨੂੰ ਲੈਸ ਕੀਤਾ ਹੋਇਐ। ਪਿੱਛਲੇ ਸਾਲ ਮਈ ਮਹੀਨੇ ਵਿੱਚ ਛਾਪੀ ਆਪਣੀ ਇੱਕ ਰਿਪੋਰਟ ਵਿੱਚ ਪੈਂਟਾਗਨ ਦਾ ਇਹ ਮੰਨਣਾ ਸੀ ਕਿ ਚੀਨ ਪਿਛਲੇ ਕਈ ਸਾਲਾਂ ਤੋਂ ਆਪਣੀ ਮਾਰੂ ਸਮਰਥਾ ਵਧਾਉਣ ਦੀ ਦੌੜ ਵਿੱਚ ਰੁਝਿਆ ਹੋਇਐ ਅਤੇ ਉਸ ਦੇ ਹਥਿਆਰਾਂ ਦੀ ਗਿਣਤੀ ਕੁਆਲਿਟੀ ਨਾਲੋਂ ਕਿਤੇ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ, ਨੇੜਲੇ ਅਤੀਤ ਤਕ, ਅਮਰੀਕਾ ਇਹ ਮੰਨ ਕੇ ਚੱਲ ਰਿਹਾ ਸੀ ਕਿ ਉਸ ਦੀ ਫ਼ੌਜ ਕਿਸੇ ਵੀ ਚੀਨੀ ਹਮਲੇ ਤੋਂ ਆਪਣੀ ਰੱਖਿਆ ਕਰਨ ਦੇ ਕਾਬਿਲ ਹੈ, ਪਰ ਇਸ ਰਿਪੋਰਟ ਦਾ ਸੁਝਾਣਾ ਇਹ ਸੀ ਕਿ ਚੀਨ ਦੀ ਫ਼ੌਜੀ ਤਾਕਤ ਇਸ ਵੇਲੇ ਉਸ ਟਿਪਿੰਗ ਪੁਆਇੰਟ ‘ਤੇ ਪਹੁੰਚੀ ਹੋਈ ਹੈ ਜਿਸ ਤੋਂ ਬਾਅਦ ਉਹ ਅਮਰੀਕੀ ਫ਼ੌਜ ‘ਤੇ ਭਾਰੂ ਪੈਣਾ ਸ਼ੁਰੂ ਕਰ ਸਕਦੀ ਹੈ।
ਰੂਸੀ ਫ਼ੌਜੀ ਅਧਿਕਾਰੀ ਵੀ ਆਪਣੇ ਇਤਿਹਾਸਕ ਦੁਸ਼ਮਣ ਚੀਨ ਵਲੋਂ ਖ਼ਤਰਨਾਕ ਅਤੇ ਸੁਧਰੇ ਹੋਏ ਮਾਰੂ ਹਥਿਆਰਾਂ ਦੇ ਸਟੌਕ ਨੂੰ ਵਧਾਉਣ ਦੇ ਸ਼ੁਰੂ ਕੀਤੇ ਗਏ ਉਪਰਾਲਿਆਂ ਤੋਂ ਪਹਿਲਾਂ ਹੀ ਚੌਕਸ ਹੋਣਗੇ। ਇਸੇ ਲਈ, ਪੂਤਿਨ ਤੇ ਟਰੰਪ ਵਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਬਿਆਨਾਂ ਨੂੰ ਸਾਨੂੰ ਰੂਸ ਅਤੇ ਅਮਰੀਕਾ ਦਰਮਿਆਨ ਸ਼ੁਰੂ ਹੋ ਰਹੀ ਪ੍ਰਮਾਣੂ ਹਥਿਆਰਾਂ ਦੀ ਕਿਸੇ ਨਵੀਂ ਦੌੜ ਦੀ ਸ਼ੁਰੂਆਤ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ ਸਗੋਂ ਇਸ ਨੂੰ ਇਸ ਗੱਲ ਦਾ ਸੰਕੇਤ ਸਮਝਣਾ ਚਾਹੀਦਾ ਹੈ ਕਿ ਰੂਸ ਅਤੇ ਅਮਰੀਕਾ ਚੀਨ ਖ਼ਿਲਾਫ਼ ਆਪੋ ਆਪਣੇ ਸੁਰੱਖਿਆ ਕਵਚ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਇੱਛੁਕ ਹਨ। ਇਸ ਦਾ ਮਤਲਬ ਕੇਵਲ ਇਹ ਹੋਇਆ ਕਿ ਇਹ ਦੋਹੇਂ ਮੁਲਕ ਚੀਨ ਵਲੋਂ ਭਵਿੱਖ ਵਿੱਚ ਉਨ੍ਹਾਂ ਉੱਪਰ ਕੀਤੇ ਜਾਣ ਵਾਲੇ ਕਿਸੇ ਵੀ ਪ੍ਰਮਾਣੂ ਹਮਲੇ ਖ਼ਿਲਾਫ਼ ਵਧੇਰੇ ਸ਼ਕਤੀਸ਼ਾਲੀ ਹੋ ਕੇ ਉਭਰਨਾ ਚਾਹੁੰਦੇ ਹਨ।
ਵਲਾਦੀਮੀਰ ਪੂਤਿਨ ਕਹਿੰਦਾ ਹੈ ਕਿ ਟਰੰਪ ਦੀਆਂ ਪ੍ਰਮਾਣੂ ਟਿੱਪਣੀਆਂ ‘ਕੋਈ ਖ਼ਾਸ ਗੱਲ ਨਹੀਂ’
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਕਹਿਣੈ ਕਿ ਉਹ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਅਮਰੀਕੀ ਫ਼ੌਜ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਹੈ, ਅਤੇ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਆਪਣੇ ਮੁਲਕ ਦੀ ਪ੍ਰਮਾਣੂ ਕਾਬਲੀਅਤ ਨੂੰ ਵਧਾਉਣ ਤੇ ਉਸ ਨੂੰ ਹੋਰ ਬਿਹਤਰ ਬਣਾਉਣ ਵਾਲਾ ਬਿਆਨ ਇੱਕ ”ਨੌਰਮਲ’ ਨੀਤੀ ਬਿਆਨ ਹੈ। ਪੂਤਿਨ ਨੇ ਮੌਸਕੋ ਵਿੱਚ ਕੀਤੀ ਇੱਕ ਪ੍ਰੈੱਸ ਕੌਨਫ਼ਰੈਂਸ ਵਿੱਚ ਕਿਹਾ ਕਿ ਉਸ ਨੂੰ ਟਰੰਪ ਵਲੋਂ ਪ੍ਰਮਾਣੂ ਹਥਿਆਰਾਂ ਬਾਰੇ ਕੀਤੀ ਗਈ ਉਸ ਟਵੀਟ ਨੂੰ ਲੈ ਕੇ ਸ਼ੁਰੂ ਹੋਏ ਸ਼ੋਰ-ਓ-ਗੁਲ ‘ਤੇ ਖ਼ਾਸੀ ਹੈਰਾਨੀ ਹੈ ਅਤੇ ਇਸ ਗੱਲ ‘ਤੇ ਵੀ ਕਿ ਕਿਵੇਂ ਟਰੰਪ ਦੀ ਟਵੀਟ ਨੂੰ ਮੇਰੇ ਵਲੋਂ ਰੂਸ ਦੇ ਪ੍ਰਮਾਣੂ ਭੰਡਾਰ ਨੂੰ ਹੋਰ ਆਧੁਨਿਕ ਬਣਾਉਣ ਵਾਲੇ ਬਿਆਨ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੂਤਿਨ ਨੇ ਅੱਗੇ ਕਿਹਾ ਕਿ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਦਾ ਆਪਣੇ ਮੁਲਕ ਦੇ ਪ੍ਰਮਾਣੂ ਜ਼ਖ਼ੀਰੇ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਿਰ ਕਰਨਾ ਕੋਈ ਖ਼ਾਸ ਗੱਲ ਨਹੀਂ। ”ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਲਗਾਤਾਰ ਅਮਰੀਕਾ ਦੀ ਪ੍ਰਮਾਣੂ ਕਾਬਲੀਅਤ ਵਧਾਉਣ ਦੀ ਗੱਲ ਕੀਤੀ ਸੀ।”
ਪੂਤਿਨ ਨੇ ਕਿਹਾ ਕਿ ਰੂਸੀ ਫ਼ੌਜ ਕਿਸੇ ਵੀ ਸੰਭਾਵੀ ਹਮਲਾਵਰ ਫ਼ੌਜ ਦੇ ”ਦੰਦ ਖੱਟੇ ਕਰਨ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੈ।” ਰੂਸੀ ਨੇਤਾ ਨੇ ਸਪੱਸ਼ਟ ਕੀਤਾ ਕਿ ਉਹ ਸੰਯੁਕਤ ਰਾਜ ਅਮਰੀਕਾ ਦਾ ਸ਼ੁਮਾਰ ਆਪਣੇ ਸੰਭਾਵੀ ਦੁਸ਼ਮਣਾਂ ਵਿੱਚ ਨਹੀਂ ਕਰਦਾ।
”ਮੈਂ ਮੌਜੂਦਾ ਅਮਰੀਕੀ ਪ੍ਰਸ਼ਾਸਨ ਦੇ ਕੁਝ ਪ੍ਰਤੀਨਿਧੀਆਂ ਦੇ ਉਨ੍ਹਾਂ ਬਿਆਨਾਂ ਨੂੰ ਸੁਣ ਕੇ ਵੀ ਥੋੜ੍ਹਾ ਹੈਰਾਨ ਹੋ ਰਿਹਾ ਸਾਂ ਜਿਨ੍ਹਾਂ ਵਿੱਚ ਉਨ੍ਹਾਂ ਦਾ ਸਾਰਾ ਜ਼ੋਰ ਇਹ ਸਾਬਿਤ ਕਰਨ ‘ਤੇ ਲੱਗਾ ਹੋਇਆ ਸੀ ਕਿ ਅਮਰੀਕੀ ਫ਼ੌਜ ਵਿਸ਼ਵ ਦੀ ਸਭ ਤੋਂ ਤਾਕਤਵਰ ਫ਼ੌਜ ਹੈ,” ਪੂਤਿਨ ਨੇ ਕਿਹਾ। ”ਬਈ, ਇਸ ਵਿੱਚ ਸ਼ੱਕ ਕਿਸ ਨੂੰ ਹੈ!”

LEAVE A REPLY