ਅਦਾਕਾਰ ਵਿੰਦੂ ਦਾਰਾ ਸਿੰਘ ਨੇ ਕਿਹਾ ਹੈ ਕਿ ਅਦਾਕਾਰ ਅਕਸ਼ੈ ਕੁਮਾਰ ਉਨ੍ਹਾਂ ਦੇ ਪਿਤਾ ਪਹਿਲਵਾਨ-ਅਦਾਕਾਰ ਦਾਰਾ ਸਿੰਘ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫ਼ਿਲਮ ‘ਚ ਕੰਮ ਕਰਨ ਨੂੰ ਲੈ ਕੇ ਉਲਝਣ ‘ਚ ਫ਼ਸੇ ਹੋਏ ਹਨ। ਵਿੰਦੂ ਨੇ ਕਿਹਾ ਹੈ,”ਹਾਂ, ਅਸੀਂ ਫ਼ਿਲਮ ਨੂੰ ਲੈ ਕੇ ਅਕਸ਼ੈ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਹੁਣ ਤੱਕ ਕਹਾਣੀ ਨਹੀਂ ਸੁਣੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਫ਼ਿਲਮ ‘ਚ ਕੰਮ ਕਰਨ। ਉਹ ਥੋੜ੍ਹੀ ਉਲਝਣ ‘ਚ ਹਨ, ਉਹ ਥੋੜ੍ਹਾ ਸੋਚ ਰਹੇ ਹਨ। ਉਹ ਬੇਹੱਦ ਸਮਰਪਿਤ ਅਦਾਕਾਰ ਹਨ ਅਤੇ ਜੋ ਵੀ ਕਰਦੇ ਹਨ ਦਿਲ ਨਾਲ ਕਰਦੇ ਹਨ।” ਅਕਸ਼ੈ ਨਾਲ ‘ਕਮਬਖਤ ਇਸ਼ਕ, ਮੁਝਸੇ ਸ਼ਾਦੀ ਕਰੋਗੀ, ਹਾਉਸਫ਼ੁਲ ਅਤੇ ਜੋਕਰ’ ਜਿਹੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ 52 ਸਾਲ ਦੇ ਅਦਾਕਾਰ ਨੇ ਕਿਹਾ ਹੈ ਕਿ ਅਕਸ਼ੈ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫ਼ਿਲਮ ਲਈ ਸਹੀ ਹਨ। ਰਿਐਲਟੀ ਸ਼ੋਅ ‘ਬਿਗ ਬੌਸ’ ਦੇ ਸਾਬਕਾ ਜੇਤੂ ਵਿੰਦੂ ਨੇ ਕਿਹਾ,”ਅਕਸ਼ੈ ਨੂੰ ਲੱਗਦਾ ਹੈ ਕਿ ਕਿਰਦਾਰ ਲਈ ਉਨ੍ਹਾਂ ਨੂੰ ਹੋਰ ਤਾਕਤਵਰ ਬਣਨਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਉਂਝ ਹੀ ਦਿਖਣਾ ਹੋਵੇਗਾ, ਜਿਵੇਂ ਕਿ ਉਹ ‘ਬ੍ਰਦਰਜ਼ (ਫ਼ਿਲਮ)’ ‘ਚ ਸਨ, ਦਸ ਫ਼ੀਸਦੀ ਹੋਰ ਮਜ਼ਬੂਤ ਦਿਖਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਉਹ ਦਾਰਾ ਸਿੰਘ ਦੇ ਰੂਪ ‘ਚ ਸ਼ਾਨਦਾਰ ਹੋਣਗੇ।” ਵਿੰਦੂ ਫ਼ਿਲਮ ਦੇ ਨਿਰਮਾਤਾ ਹਨ ਅਤੇ ਅਗਲੇ ਸਾਲ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਣਾ ਚਾਹੁੰਦੇ ਹਨ।