sports-news-300x150ਨਵੀਂ ਦਿੱਲੀ: ਭਾਰਤੀ ਐਥਲੈਟਿਕਸ ਲਈ ਸਾਲ 2016 ਕਾਫ਼ੀ ਨਿਰਾਸ਼ਾਜਨਕ ਰਿਹਾ, ਜਿਸ ‘ਚ ਓਲੰਪਿਕ ਸਮੇਤ ਕਿਸੇ ਵੀ ਵੱਡੀ ਪ੍ਰਤੀਯੋਗਤਾ ‘ਚ ਖਿਡਾਰੀ ਆਪਣੀ ਛਾਪ ਨਹੀਂ ਛੱਡ ਸਕੇ, ਜਦਕਿ ਡੋਪਿੰਗ ਨੂੰ ਲੈ ਕੇ ਦੇਸ਼ ਨੂੰ ਸ਼ਰਮਸਾਰ ਹੋਣਾ ਪਿਆ। ਐਥਲੀਟਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਵਿੱਚਾਲੇ ਇੱਕਲੌਤੀ ਚੰਗੀ ਖ਼ਬਰ ਜੈਵਲਿਨ ਥ੍ਰੋਅ ਖਿਡਾਰੀ ਨੀਰਜ ਚੋਪੜਾ ਦਾ ਜੂਨੀਅਰ ਵਿਸ਼ਵ ਰਿਕਾਰਡ ਰਿਹਾ, ਜੋ ਵਿਸ਼ਵ ਰਿਕਾਰਡ ਆਪਣੇ ਨਾਂ ਕਰਨ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ। ਇਸ ਨਾਲ ਇਹ ਉਮੀਦ ਵੀ ਬੱਝੀ ਕਿ ਭਾਰਤ ਵਿਸ਼ਵ ਪੱਧਰੀ ਐਥਲੀਟ ਤਿਆਰ ਕਰ ਸਕਦਾ ਹੈ।
ਹਰਿਆਣਾ ਦੇ ਇਸ 18 ਸਾਲਾ ਐਥਲੀਟ ਨੇ ਪੋਲੈਂਡ ਦੇ ਬਿਦਗੋਜ ‘ਚ ਆਈ. ਏ. ਏ. ਐੱਫ਼. ਵਿਸ਼ਵ ਅੰਡਰ-20 ਚੈਂਪੀਅਨਸ਼ਿਪ ‘ਚ 86.48 ਮੀਟਰ ਦੀ ਦੂਰੀ ਦੇ ਨਾਲ ਪਿਛਲੇ ਅੰਡਰ-20 ਵਿਸ਼ਵ ਰਿਕਾਰਡ ‘ਚ ਲਗਭਗ 2 ਮੀਟਰ ਦਾ ਸੁਧਾਰ ਕੀਤਾ, ਜੋ 84.69 ਮੀਟਰ ਦੇ ਨਾਲ ਲਾਤਵੀਆ ਦੇ ਜਿਮਿਮੁੰਦਸ ਸਿਰਮਾਈਸ ਦੇ ਨਾਂ ਸੀ। ਨੀਰਜ ਓਲੰਪਿਕ ਲਈ ਕੁਆਲੀਫ਼ਾਈ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਨੇ ਇਹ ਪ੍ਰਦਰਸ਼ਨ 11 ਜੁਲਾਈ ਦੀ ਸਮੇਂ ਸੀਮਾ ਤੋਂ ਬਾਅਦ ਕੀਤਾ ਸੀ। ਨੀਰਜ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਟ੍ਰੈਕ ਐਂਡ ਫ਼ੀਲਡ ਖਿਡਾਰੀ ਵੀ ਬਣੇ। ਇਸ ਤੋਂ ਪਹਿਲਾਂ ਲਾਂਗ ਜੰਪ (ਲੰਮੀ ਛਾਲ) ਦੀ ਦਿੱਗਜ ਖਿਡਾਰਣ ਅੰਜੂ ਬਾਬੀ ਜਾਰਜ ਨੇ 2003 ‘ਚ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ ਜਿਤਿਆ ਸੀ।
ਇਸ ਵਾਰ ਓਲੰਪਿਕ ‘ਚ ਭਾਰਤ ਦੇ ਰਿਕਾਰਡ 34 ਟ੍ਰੈਕ ਐਂਡ ਫ਼ੀਲਡ ਖਿਡਾਰੀਆਂ ਨੇ ਹਿੱਸਾ ਲਿਆ ਪਰ ਲਲਿਤਾ ਬਾਬਰ ਤੋਂ ਇਲਾਵਾ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਿਆ। ਰੀਓ ਓਲੰਪਿਕ ‘ਚ ਪ੍ਰਦਰਸ਼ਨ ਭਾਰਤ ਦੇ ਐਥਲੈਟਿਕਸ ਇਤਿਹਾਸ ਦੇ ਸਭ ਤੋਂ ਨਿਰਾਸ਼ਾਜਨਕ ਪ੍ਰਦਰਸ਼ਨਾਂ ‘ਚੋਂ ਇੱਕ ਹੈ। ਲੰਡਨ 2012 ‘ਚ ਦੋ ਖਿਡਾਰੀਆਂ ਵਿਕਾਸ ਗੌੜਾ ਅਤੇ ਕ੍ਰਿਸ਼ਣਾ ਪੂਨੀਆ ਨੇ ਫ਼ਾਈਨਲ ‘ਚ ਥਾਂ ਬਣਾਈ ਸੀ, ਜਦਕਿ ਪੈਦਲ ਚਾਲ ਦੇ ਦੋ ਖਿਡਾਰੀਆਂ ਨੇ ਰਾਸ਼ਟਰੀ ਰਿਕਾਰਡ ਤੋੜਿਆ ਸੀ ਪਰ ਇਸ ਵਾਰ ਸਰਕਾਰ ਦਾ ਟੀਚਾ ਓਲੰਪਿਕ ਪੋਡੀਅਮ ਯੋਜਨਾ ਦੇ ਤਹਿਤ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।
ਲਲਿਤਾ ਬਾਬਰ ਨੇ ਮਹਿਲਾ 3000 ਮੀਟਰ ਸਟੀਪਲਚੇਜ ਦੇ ਫ਼ਾਈਨਲ ‘ਚ ਜਗ੍ਹਾ ਬਣਾਈ। ਉਹ 30 ਸਾਲ ਪਹਿਲਾਂ ਲਾਸ ਏਂਜਲਸ 1984 ‘ਚ 400 ਮੀਟਰ ਅੜਿੱਕਾ ਦੌੜ ਦੇ ਫ਼ਾਈਨਲ ‘ਚ ਪੀ. ਟੀ. ਊਸ਼ਾ ਤੋਂ ਬਾਅਦ ਟ੍ਰੈਕ ਮੁਕਾਬਲੇ ਦੇ ਫ਼ਾਈਨਲ ‘ਚ ਜਗ੍ਹਾ ਬਣਾਉਣ ਵਾਲੀ ਪਹਿਲੀ ਭਾਰਤੀ ਬਣੀ। ਉਹ 10ਵੇਂ ਸਥਾਨ ‘ਤੇ ਰਹੀ। ਭਾਰਤ ਲਈ ਓਲੰਪਿਕ ਤੋਂ ਪਹਿਲਾਂ ਦਾ ਸਮਾਂ ਵੀ ਚੰਗਾ ਨਹੀਂ ਰਿਹਾ, ਜਦੋਂ ਦੋ ਰਾਸ਼ਟਰੀ ਰਿਕਾਰਡ ਧਾਰਕ ਸ਼ਾਟ ਪੁਟ ਦੇ ਇੰਦਰਜੀਤ ਸਿੰਘ ਅਤੇ 200 ਮੀਟਰ ਦੌੜਾਕ ਧਰਮਬੀਰ ਸਿੰਘ ਡੋਪਿੰਗ ‘ਚ ਫ਼ੇਲ ਹੋ ਗਏ ਅਤੇ ਦੋਵਾਂ ਨੂੰ ਓਲੰਪਿਕ ‘ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ।

LEAVE A REPLY