ਚਵਿੰਡਾ ਦੇਵੀ (ਮਜੀਠਾ), -ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜੀਠਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣ ਲਈ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾਡ਼ੂ ਦਾ ਬਟਨ ਦਬਾਉਣ। ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਜਬਰਦਸਤ ਰੋਡ ਸ਼ੋਅ ਦੌਰਾਨ ਚਵਿੰਡਾ ਦੇਵੀ ਦੇ ਬਜਾਰ ਵਿੱਚ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦੇ ਮਤਲਬ ਵੋਟ ਖਰਾਬ ਕਰਨਾ ਹੈ ਅਤੇ ਬਿਕਰਮ ਸਿੰਘ ਮਜੀਠੀਏ ਨੂੰ ਜਿੱਤਣ ਦਾ ਮੌਕਾ ਦੇਣਾ ਹੈ। ਉਨਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਵੋਟ ਪਾਈ ਤਾਂ ਮਜੀਠੇ ਹਲਕੇ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਅਤੇ ਬਿਕਰਮ ਮਜੀਠੀਏ ਦੇ ਫਿਰ ਜਿੱਤਣ ਦੀ ਸੰਭਾਵਨਾ ਬਣ ਜਾਵੇਗੀ। ਇਸ ਲਈ ਹਰ ਇੱਕ ਵੋਟ ਝਾਡ਼ੂ ਨੂੰ ਦਿੱਤੀ ਜਾਵੇ ਤਾਂਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਕਰਾਰੀ ਹਾਰ ਦੇ ਕੇ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪੂਰੇ ਸੂਬੇ ਵਿਚ ਆਮ ਆਦਮੀ ਪਾਰਟੀ ਦੇ ਪੱਖ ਵਿਚ ਹਨੇਰੀ ਚਲ ਰਹੀ ਹੈ ਅਤੇ ਮਜੀਠੇ ਦੇ ਲੋਕ ਵੀ ਇਸ ਵਾਰ ਬਿਕਰਮ ਮਜੀਠੀਏ ਨੂੰ ਹਰਾ ਕੇ ਇਸ ਕ੍ਰਾਂਤੀ ਦਾ ਹਿੱਸਾ ਬਣਨਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਜੀਠੀਆ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਭਤੀਜਾ ਹੈ, ਇਸ ਲਈ ਜਾਣਬੁੱਝ ਕੇ ਮਜੀਠੇ ਤੋਂ ਕਾਂਗਰਸ ਕਮਜੋਰ ਆਦਮੀ ਖਡ਼ਾ ਕਰਦੀ ਹੈ। ਪਿਛਲੀ ਵਾਰ ਵੀ ਕਾਂਗਰਸ ਦਾ ਉਮੀਦਵਾਰ ਐਨਾ ਕਮਜੋਰ ਸੀ ਕਿ ਉਸਦੀ ਜਮਾਨਤ ਜਬਤ ਹੋ ਗਈ ਸੀ। ਲੇਕਿਨ ਇਨਾਂ ਚਾਚੇ-ਭਤੀਜੇ ਦੀ ਖੇਡ ਖਰਾਬ ਕਰਨ ਲਈ ਆਮ ਆਦਮੀ ਪਾਰਟੀ ਨੇ ਹਿੰਮਤ ਸਿੰਘ ਸ਼ੇਰਗਿੱਲ ਵਰਗਾ ਨਿਡਰ ਅਤੇ ਮਜਬੂਤ ਉਮੀਦਵਾਰ ਮਜੀਠੀਆ ਖਿਲਾਫ ਉਤਾਰਿਆ ਹੈ। ਅਰਵਿੰਦ ਕੇਜਰੀਵਾਲ ਨੇ ਮਜੀਠਾ ਹਲਕੇ ਦੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਵਿੱਚ ਗੁਪਤ ਸਮਝੌਤਾ ਹੋਇਆ ਹੈ, ਤਾਂਕਿ ਪੰਜਾਬ ਨੂੰ ਵਾਰੀ-ਵਾਰੀ ਲੁੱਟਣ ਦਾ ਸਿਲਸਿਲਾ ਜਾਰੀ ਰਹੇ, ਇਸ ਕਰਕੇ ਸਭ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ ਅਤੇ ਪੰਜਾਬ ਨੂੰ ਬਚਾਉਣਾ ਹੈ।
ਰੋਡ ਸ਼ੋਅ ਦੀ ਸ਼ੁਰੂਆਤ ਮਜੀਠਾ ਹਲਕੇ ਦੇ ਪਿੰਡ ਬੋਪਾਰਾਏ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਹੋਈ। ਇਸ ਮੌਕੇ ਅਰਵਿੰਦ ਕੇਜਰੀਵਾਲ ਨਾਲ ਹਿੰਮਤ ਸਿੰਘ ਸ਼ੇਰਗਿੱਲ, ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੌਮੀ ਬੁਲਾਰੇ ਸੰਜੇ ਸਿੰਘ ਸਮੇਤ ਮਾਝਾ ਖੇਤਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰ ਮੌਜੂਦ ਸਨ। ਸੈਂਕਡ਼ੇ ਮੋਟਰਸਾਇਕਲਾਂ, ਕਾਰਾਂ, ਜੀਪਾਂ ਅਤੇ ਗੱਡੀਆਂ ਦਾ ਕਾਫਿਲਾ ਜਿੰਦਾਬਾਦ ਦੇ ਨਾਅਰਿਆਂ ਨਾਲ ਜਦ ਮਜੀਠਾ ਹਲਕੇ ਵੱਲ ਵਧਿਆ ਤਾਂ ਰਸਤੇ ਵਿੱਚ ਥਾਂ-ਥਾਂ ਸਡ਼ਕਾਂ ਕਿਨਾਰੇ ਖਡ਼ੇ ਲੋਕਾਂ ਨੇ ਅਰਵਿੰਦ ਕੇਰਜੀਵਾਲ ਉਤੇ ਫੁੱਲਾਂ ਦੀ ਵਰਖਾ ਕੀਤੀ। ਜੋਸ਼ ਅਤੇ ਉਤਸ਼ਾਹ ਨਾਲ ਲਬਾਲਬ ਇਸ ਮਾਹੌਲ ਵਿੱਚ ਦੇਸ਼ ਭਗਤੀ ਦੇ ਗੀਤ ਅਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰਿਆਂ ਨੇ ਸਮੁੱਚੀ ਫਿਜਾ ਗੂੰਜਣ ਲਾ ਦਿੱਤੀ। ਕਾਫਿਲਾ ਮੱਤੇਵਾਲ, ਟਾਹਲੀ ਸਾਹਿਬ, ਫੱਤੂ ਭੀਲਾ, ਸ਼ਹਿਜਾਦਾ, ਚਵਿੰਡਾ ਦੇਵੀ, ਕੱਥੂ ਨੰਗਲ, ਟਰਪਈ, ਸ਼ਾਮ ਨਗਰ, ਮਰਡ਼ੀਕਲਾਂ, ਥਰੀਏਵਾਲ, ਮਰਡ਼ੀਖੁਰਦ, ਕੋਟਲਾ ਸੁਲਤਾਨ ਸਿੰਘ, ਅਠਵਾਲ, ਹਮਜਾ, ਰੋਡ਼ੀ, ਮਜੀਠਾ ਅਤੇ ਮਜੀਠਾ ਹਲਕੇ ਦੇ ਪਿੰਡ ਨਾਗਕਲਾਂ ਵਿੱਚ ਜਾ ਕੇ ਦੇਰ ਸ਼ਾਮ ਸਮਾਪਤ ਹੋਇਆ।