3ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਹੰਗਾਮੀ ਹਾਲਤਾਂ ਜਿਵੇਂ ਕਿ ਅੱਤਵਾਦੀ ਹਮਲਿਆਂ, ਹਾਈਜੈਕਿੰਗ ਅਤੇ ਅਜਿਹੇ ਹੋਰ ਮੌਕਿਆਂ ਸਮੇਂ ਨਜਿੱਠਣ ਲਈ 250 ਪੁਲਿਸ ਮੁਲਾਜ਼ਮਾਂ ਦਾ ਵਿਸ਼ੇਸ਼ ਪੁਲਿਸ ਬਲ ਗਠਿਤ ਕੀਤਾ ਜਾਵੇਗਾ ਜਿਨ੍ਹਾਂ ਨੂੰ ਕਿ ਅਤਿ ਆਧੁਨਿਕ ਤਕਨੀਕਾਂ, ਹਥਿਆਰਾਂ ਅਤੇ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਇੱਥੇ 125 ਖਿਡਾਰੀਆਂ ਸਮੇਤ (9 ਡੀਐਸਪੀ ਸਣੇ) ਕੁੱਲ 768 ਮੁਲਾਜ਼ਮਾਂ ਨੂੰ ਪੰਜਾਬ ਪੁਲਿਸ ਵਿਚ ਨਿਯੁਕਤੀ ਪੱਤਰ ਸੌਂਪਣ ਮੌਕੇ ਆਪਣੇ ਸੰਬੋਧਨ ਦੌਰਾਨ ਪੰਜਾਬ ਪੁਲਿਸ ਦੀ ਪ੍ਰਸੰਸਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦੀ ਬੇਹਤਰੀਨ ਫੋਰਸ ਹੈ ਜਿਸ ਵਿਚ ਕਿ ਸਾਹਸੀ, ਬਹਾਦਰ ਅਤੇ ਉੱਚ ਵਿੱਦਿਆ ਪ੍ਰਦਾਨ ਨੌਜਵਾਨ ਹਨ ਜੋ ਕਿ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।
ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਚ ਕੁੱਲ 70000 ਮੁਲਾਜ਼ਮਾਂ ਵਿਚੋਂ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 8 ਸਾਲਾਂ ਵਿਚ 26000 ਤੋਂ ਵੀ ਜ਼ਿਆਦਾ ਮੁਲਾਜ਼ਮ ਭਰਤੀ ਕੀਤੇ ਹਨ। ਇਸ ਮੌਕੇ ਡੀਐਸਪੀ, ਸਬ-ਇੰਸਪੈਕਟਰ ਅਤੇ ਕਾਂਸਟੇਬਲ ਰੈਂਕ ਵਿਚ ਭਰਤੀ ਕੀਤੇ ਗਏ ਖਿਡਾਰੀਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਹੋਰ ਵਿੰਗਾਂ ਲਈ ਭਰਤੀ ਕੀਤੇ ਗਏ ਸਬ-ਇੰਸਪੈਕਟਰ ਅਤੇ ਕਾਂਸਟੇਬਲਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ।
ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਪੰਜਾਬ ਪੁਲਿਸ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਕਰਕੇ ਵਿਸ਼ਵ ਦੀਆਂ ਉੱਤਮ ਫੋਰਸਾਂ ਵਿਚ ਸ਼ਾਮਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਭਰਤੀ ਲਈ ਪੂਰੀ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਗਈ ਸੀ ਅਤੇ ਸਾਰਿਆਂ ਨੂੰ ਨਿਰੋਲ ਮੈਰਿਟ ਦੇ ਆਧਾਰ ‘ਤੇ ਭਰਤੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਅਕਾਲੀ-ਭਾਜਪਾ ਸਰਕਾਰ ਨੇ ਢਾਈ ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ।
ਉੱਪ ਮੁੱਖ ਮੰਤਰੀ, ਜੋ ਕਿ ਸੂਬੇ ਦੇ ਖੇਡ ਮੰਤਰੀ ਵੀ ਹਨ, ਨੇ ਇਸ ਮੌਕੇ 9 ਨਾਮੀਂ ਖਿਡਾਰੀਆਂ ਨੂੰ ਨਵੀਂ ਖੇਡ ਨੀਤੀ ਤਹਿਤ ਡੀਐਸਪੀ ਦੇ ਨਿਯੁਕਤੀ ਪੱਤਰ ਵੀ ਸੌਂਪੇ ਜਿਨ੍ਹਾਂ ਵਿਚ ਤਿੰਨ ਵਾਰ ਏਸ਼ੀਅਨ ਖੇਡਾਂ ਵਿਚ ਸੋਨ ਤਮਗਾ ਜੇਤੂ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜੇਤੂ ਐਥਲੀਟ ਮਨਦੀਪ ਕੌਰ, ਏਸ਼ੀਅਨ ਖੇਡਾਂ ਵਿਚ ਸੋਨ ਤਮਗਾ ਜੇਤੂ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਗੁਰਵਿੰਦਰ ਸਿੰਘ ਚੰਦੀ, ਧਰਮਵੀਰ ਸਿੰਘ ਅਤੇ ਸਰਵਨਜੀਤ ਸਿੰਘ, ਏਸ਼ੀਅਨ ਖੇਡਾਂ ਵਿਚ ਚਾਂਦੀ ਤਮਗਾ ਜੇਤੂ ਐਥਲੀਟ ਖੁਸ਼ਬੀਰ ਕੌਰ ਅਤੇ ਏਸ਼ੀਅਨ ਖੇਡਾਂ ਵਿਚ ਕਾਂਸੀ ਤਮਗਾ ਜੇਤੂ ਹਾਕੀ ਖਿਡਾਰੀ ਅਮਨਦੀਪ ਕੌਰ ਸ਼ਾਮਲ ਹਨ। ਇਸ ਤੋਂ ਇਲਾਵਾ 643 ਮੁਲਾਜ਼ਮਾਂ ਨੂੰ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਵਿਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਰੈਂਕ ਵਿਚ ਭਰਤੀ ਕਰਨ ਦੇ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਹਰੇਕ ਸਾਲ 125 ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਨ ਦਾ ਐਲਾਨ ਵੀ ਕੀਤਾ।
ਖਿਡਾਰੀਆਂ ਨੂੰ ਪੰਜਾਬ ਪੁਲਿਸ ਦਾ ਇਕ ਮਹੱਤਵਪੂਰਣ ਹਿੱਸਾ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਵਿਚ ਚੋਟੀ ਦੇ ਖਿਡਾਰੀ ਪੈਦਾ ਕਰਨ ਵਿਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮਹੱਤਵਪੂਰਣ ਭੂਮਿਕਾ ਅਦਾ ਕਰ ਰਿਹਾ ਹੈ ਜਿੱਥੇ ਕਿ ਖਿਡਾਰੀਆਂ ਦੇ ਰਹਿਣ-ਸਹਿਣ ਅਤੇ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਚੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਪੋਰਟਸ ਸਕੂਲ, ਘੁੱਦਾ ਦੀ ਤਰਜ਼ ‘ਤੇ ਸੂਬਾ ਸਰਕਾਰ ਹਰੇਕ ਜ਼ਿਲ੍ਹੇ ਵਿਚ ਖੇਡ ਸਕੂਲ ਖੋਲ੍ਹੇਗੀ।
ਪੰਜਾਬ ਪੁਲਿਸ ਵਿਚ ਔਰਤ-ਪੱਖੀ ਪਹਿਲਕਦਮੀਆਂ ਦੀ ਗੱਲ ਕਰਦਿਆਂ ਸ. ਬਾਦਲ, ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੇ ਦੱਸਿਆ ਕਿ ਪੰਜਾਬ ਪੁਲਿਸ ਵਿਚ 4500 ਮਹਿਲਾਵਾਂ ਨੂੰ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 200 ਮਹਿਲਾਵਾਂ ਨੂੰ ਪਹਿਲੀ ਵਾਰ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਔਰਤ ਪੁਲਿਸ ਮੁਲਾਜ਼ਮ ਦੀ ਵੱਖਰੀ ‘ਸਵੈਟ’ ਟੀਮ ਵੀ ਤਿਆਰ ਕੀਤੀ ਜਾਵੇਗੀ।
ਹੋਰਨਾਂ ਪੱਖਾਂ ਬਾਰੇ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਚ ਤਰੱਕੀਆਂ ਵਿਚ ਆਈ ਖੜੋਤ ਨੂੰ ਤੋੜਦਿਆਂ ਹਰ ਰੈਂਕ ਦੀਆਂ ਵੱਡੇ ਪੱਧਰ ‘ਤੇ ਤਰੱਕੀਆਂ ਕਰਕੇ ਕਰੀਬ 25000 ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਹੁਣ ਅਜਿਹੀ ਨੀਤੀ ਬਣਾ ਦਿੱਤੀ ਗਈ ਹੈ ਕਿ 8 ਅਤੇ 16 ਸਾਲਾਂ ਬਾਅਦ ਮੁਲਾਜ਼ਮ ਦੀ ਤਰੱਕੀ ਖੁਦ ਹੋ ਜਾਇਆ ਕਰੇਗੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਨੇ ਆਪਣੇ ਕਾਰਜ ਕਾਲ ਦੌਰਾਨ ਨੌਕਰੀਆਂ ‘ਤੇ ਮੁਕੰਮਲ ਰੋਕ ਲਗਾ ਦਿੱਤੀ ਸੀ ਜਿਸ ਨਾਲ ਕਿ ਸੂਬੇ ਦੇ ਨੌਜਵਾਨ ਆਪਣੇ ਹੱਕਾਂ ਤੋਂ ਵਾਂਝੇ ਹੋ ਗਏ ਸਨ।ਆਮ ਆਦਮੀ ਪਾਰਟੀ ਵਿਚ ਅਪਰਾਧੀਆਂ ਨੂੰ ਭਰਤੀ ਕਰਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਗੰਵਾ ਚੁੱਕੀ ਹੈ ਜਿਸ ਨੇ ਕਿ ਪਾਰਟੀ ਵਿਚ ਬਲਾਤਕਾਰੀਆਂ ਤੇ ਹੋਰ ਅਪਰਾਧੀਆਂ ਨੂੰ ਭਰਤੀ ਕੀਤਾ ਹੈ।
ਇਸ ਮੌਕੇ ਡੀਜੀਪੀ ਸੁਰੇਸ਼ ਅਰੋੜਾ ਨੇ ਨਵੇਂ ਭਰਤੀ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਸਵਾਗਤ ਕੀਤਾ ਅਤੇ ਪ੍ਰੇਰਣਾ ਦਿੰਦਿਆਂ ਕਿਹਾ ਕਿ ਸਾਰੇ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਪੰਜਾਬ ਪੁਲਿਸ ਦੀ ਬਿਹਤਰੀ ਲਈ ਚੁੱਕੇ ਗਏ ਕਦਮਾਂ ਲਈ ਉੱਪ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਏਡੀਜੀਪੀ (ਪ੍ਰਬੰਧ) ਦਿਨਕਰ ਗੁਪਤਾ, ਏਡੀਜੀਪੀ ਆਈਪੀਐਸ ਸਹੋਤਾ, ਡਾਇਰੈਕਟਰ ਖੇਡਾਂ ਰਾਹੁਲ ਗੁਪਤਾ ਅਤੇ ਪੰਜਾਬ ਪੁਲਿਸ ਦੇ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY