ਹਾਲਾਤ ਨਾਲ ਸਮਝੌਤਾ

kahaniya-300x150ਕਈ ਵਾਰ ਨਾ ਚਾਹੁੰਦੇ ਹੋਏ ਵੀ ਮਨੁੱਖ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪੈਂਦਾ ਹੈ। ਚਾਨਣ ਦੇ ਘਰ ਵਿੱਚ ਦੋ ਚੰਨ ਵਰਗੇ ਪੁੱਤਰ ਜਿਉਂ-ਜਿਉਂ ਜਵਾਨ ਹੋ ਰਹੇ ਸਨ ਤਿਉਂ-ਤਿਉਂ ਬਾਪੂ ਚਾਨਣ ਨੂੰ ਮਾਣ ਅਤੇ ਸਹਾਰਾ ਮਿਲ ਰਿਹਾ ਸੀ ਕਿ ਬੁਢਾਪੇ ਵਿੱਚ ਇਹ ਸਪੁੱਤਰ ਉਸਦੇ ਬਿਖਰੇ ਰਾਹਾਂ ਦੀ ਡੰਗੋਰੀ ਬਣਨਗੇ। ਸਰਕਾਰੀ ਨੌਕਰੀ ਵਿੱਚ ਚੰਗੇ ਮਰਤਬੇ ਵਾਲਾ ਚਾਨਣ ਆਪਣੇ ਪਰਿਵਾਰ ਨੂੰ ਹਰ ਸੁੱਖ ਮੁਹੱਈਆ ਕਰਦਾ ਆ ਰਿਹਾ ਸੀ ਜਿਵੇਂ ਕਹਿੰਦੇ ਨੇ ਕਿ ਚਿੜੀਆਂ ਦੇ ਦੁੱਧ ਵੀ ਜੇਕਰ ਇਸਦੇ ਇਹ ਸਪੁੱਤਰ ਮੰਗਦੇ ਤਾਂ ਚਾਨਣ ਕਦੀ ਢਿੱਲ ਨਹੀਂ ਸੀ ਕਰਦਾ, ਨਾ ਹੀ ਨਾਂਹ ਕਹਿ ਕੇ ਆਪਣੇ ਹੋਣਹਾਰ ਸਾਹਿਬਜ਼ਾਦਿਆਂ ਦਾ ਦਿਲ ਤੋੜਦਾ ਸੀ। ਸਮਾਂ ਕਦੀ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਇਸ ਲਈ ਉਹ ਦਿਨ ਆਣ ਪਹੁੰਚਿਆ ਜਦੋਂ ਚਾਨਣ ਆਪਣੇ ਮਹਿਕਮੇ ਵਿੱਚੋਂ 40 ਵਰ੍ਹੇ ਦੀ ਇੱਜ਼ਤ ਭਰਪੂਰ ਨੌਕਰੀ ਕਰਕੇ ਅਗਸਤ 1990 ਵਿੱਚ ਸੇਵਾ ਮੁਕਤ ਹੋ ਗਿਆ। 10,000/- ਰੁਪਏ ਮਹੀਨੇ ਤੋਂ ਵੱਧ ਮਾਸਿਕ ਤਨਖਾਹ ਲੈਣ ਵਾਲਾ ਚਾਨਣ ਅੱਜ ਆਪਣੇ ਆਪ ਨੂੰ ਬੇਰੁਜ਼ਗਾਰ ਸਮਝਣ ਲੱਗਾ ਪਰ ਉਸਨੂੰ ਆਪਣੇ ”ਪੁੱਤਰ ਬੈਂਕ” ਤੇ ਬੜਾ ਵੱਡਾ ਮਾਣ ਸੀ ਕਿਉਂਕਿ ਆਪਣੇ ਲਾਡਲਿਆਂ ਪਾਸੋਂ ਉਹ ਬਹੁਤ ਵੱਡੀਆਂ ਉਮੀਦਾਂ ਰੱਖਦਾ ਸੀ ਅਤੇ ਉਹ ਵੀ ਉਸਦੇ ਉਜਲੇ ਭਵਿੱਖ ਦੀਆਂ ਚਮਕਦੀਆਂ ਕਿਰਨਾਂ ਸਨ। ਬਾਪੂ ਦੇ ਸੇਵਾ ਮੁਕਤ ਹੋਣ ਨਾਲ ਪੁੱਤਰਾਂ ਦੇ ਸੁਭਾਅ ਵਿੱਚ ਪਿਉ ਪ੍ਰਤੀ ਤਲਖ਼ੀ ਆ ਗਈ। ਸਤਿਕਾਰ ਨਫ਼ਰਤ ਵਿੱਚ ਬਦਲਣ ਲੱਗਾ ਅਤੇ ਪਿਉ ਦੀਆਂ ਆਸਾਂ ਸ਼ੀਸ਼ੇ ‘ਤੇ ਪਏ ਤੇਲ ਵਾਂਗ ਧੁੰਦਲੀਆਂ ਹੋਣ ਲੱਗੀਆਂ ਜਿਸ ਪਿਉ ਨੇ ਪੁੱਤਰਾਂ ਦੇ ਇਕ ਇਕ ਹੰਝੂ ਲਈ ਸਾਰਾ ਖੂਨ-ਪਸੀਨਾ ਡੋਲਿਆ ਸੀ ਉਹ ਉਨ੍ਹਾਂ ਹੀ ਪੁੱਤਰਾਂ ਦੀਆਂ ਅੱਖਾਂ ਵਿੱਚੋਂ ਕਿਰਦੇ ਲੋਹੇ ਦੇ ਅੰਗਾਰ ਜਿਗਰ ‘ਤੇ ਪੱਥਰ ਰੱਖ ਕੇ ਪੀਣ ਲੱਗ ਪਿਆ। ਪੈਨਸ਼ਨ ਦੇ ਪੈਸੇ ਚਾਨਣ ਅਤੇ ਉਸਦੀ ਘਰਵਾਲੀ ਘਰ ਵਿੱਚ ਲਾ ਦਿੰਦੇ ਅਤੇ ਜੋ ਕੁਝ ਚਾਲੀ ਸਾਲਾਂ ਦੀ ਬਚਤ ਦਾ ਬਚਿਆ ਸੀ ਉਹ ਇਹ ਬਜ਼ੁਰਗ ਹੌਲੀ-ਹੌਲੀ ਮੁਕਾਉਣ ਲੱਗ ਪਏ ਕਿਉਂਕਿ ਸ਼ਰੀਕੇ ਕਬੀਲੇ, ਦੋਸਤਾਂ, ਮਿੱਤਰਾਂ ਦੇ ਵਿਆਹਾਂ ‘ਤੇ ਸ਼ਗਨ, ਰਸਮੋ ਰਿਵਾਜ਼ਾਂ ‘ਤੇ ਖਰਚ ਆਪਣੇ ਅਤੇ ਆਪਣੀ ਘਰਵਾਲੀ ਲਈ ਲੋੜੀਂਦੀਆਂ ਸਹੂਲਤਾਂ ਤੇ ਜੋ ਪੈਸੇ ਲੱਗ ਰਹੇ ਸਨ ਉਹ ਚਾਨਣ ਦੀ ਜੋੜੀ ਹੋਈ ਪੂੰਜੀ ਦੇ ਹੀ ਲਾਏ ਜਾ ਰਹੇ ਸਨ ਜਿਸ ਨਾਲ ਉਸਦਾ ਨਿੱਜੀ ਬੈਂਕ, ਬਕਾਇਆ ਘੱਟਦਾ ਹੀ ਘੱਟਦਾ ਜਾ ਰਿਹਾ ਸੀ। ਇਥੋਂ ਤੱਕ ਕਿ ਪ੍ਰਾਈਵੇਟ ਟੈਲੀਫ਼ੋਨ ਦਾ ਬਿੱਲ ਵੀ ਚਾਨਣ ਨਿੱਜੀ ਪੈਸਿਆਂ ‘ਚੋਂ ਹੀ ਅਦਾ ਕਰਦਾ ਸੀ। ਪੁੱਤਰਾਂ ਦੇ ਇਸ ਕੋਝੇ ਰਵੱਈਏ ਨੂੰ ਜਿਥੇ ਚਾਨਣ ਨੂੰ ਲਾਚਾਰ ਅਤੇ ਬੇਵਸ ਬਣਾ ਦਿੱਤਾ ਉਥੇ ਉਹ ਆਪਣੇ ਆਪ ਨੂੰ ਸਮਾਜ ਵਿੱਚ ਨਿਮੋਝੂਣਾ ਅਤੇ ਬੇ-ਸਹਾਰਾ ਮਨੁੱਖ ਸਮਝਣ ਲੱਗਾ। ਕਿਸੇ ਨੂੰ ਕੀ ਦੱਸੇ ਕਿ ਜਿਨ੍ਹਾਂ ਪੁੱਤਰਾਂ ਲਈ ਉਸ ਨੇ ਆਪਣੇ ਸਰਵਿਸ ਕਾਲ ਵਿੱਚ ਸੁੱਖਾਂ ਭਰਿਆ ਜੀਵਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਹੀ ਲਾਡਲੇ ਅੱਜ ਭਖੜੇ ਦੇ ਕੰਢਿਆਂ ਵਾਂਗ ਹਮੇਸ਼ਾਂ ਹੀ ਉਸਦੇ ਜੀਵਨ ਵਿੱਚ ਚੁੱਭਣ ਲੱਗ ਪਏ ਸਨ ਅਤੇ ਆਪ ਧੁੱਪ ਵਿੱਚ ਬੈਠ ਕੇ ਲਾਡਲਿਆਂ ਨੂੰ  ਛਾਵਾਂ ਪ੍ਰਦਾਨ ਕਰਨ ਵਾਲਾ ਚਾਨਣ ਅੱਜ ਉਨ੍ਹਾਂ ਹੀ ਹਮਸਾਇਆ ਪਾਸੋਂ ਛਾਂ ਦੀ ਭੀਖ ਮੰਗਦਾ ਨਜ਼ਰ ਆਉਂਦਾ ਸੀ। ਨਵੀਂ ਜੁੱਤੀ ਲੈਣ ਦਾ ਚਾਅ ਲਾਂਭੇ ਕਰਕੇ ਚਾਨਣ ਨੇ ਪੁਰਾਣੀ ਗੁਰਗਾਬੀ ਨੂੰ ਮੁਰੰਮਤ ਕਰਾਉਣ ਲਈ ਵੱਡੇ ਪੁੱਤਰ ਨੂੰ ਬੇਨਤੀ ਕੀਤੀ ਪਰ ਖਰਵੇ ਉਤਰ ਨੇ ਉਸ ਟੁੱਟੀ ਹੋਈ ਜੁੱਤੀ ਵਾਂਗ ਉਸਦਾ ਦਿਲ ਤੋੜ ਕੇ ਰੱਖ ਦਿੱਤਾ। ਬਾਪੂ ਮੈਂ ਕੱਲ੍ਹ ਹੀ ਨਵੀਆਂ ਕੈਸਟਾਂ ਅਤੇ ਪਰਫ਼ੀਊਮ ਦੀ ਸ਼ੀਸ਼ੀ ਤੇ ਪੰਜ ਸੌ ਰੁਪਏ ਖਰਚ ਕਰਕੇ ਆਇਆ ਹਾਂ ਇਸ ਲਈ ਮੈਂ ਤੁਹਾਡੀ ਜੁੱਤੀ ਤੇ ਇਕ ਪੈਸਾ ਵੀ ਖਰਚ ਨਹੀਂ ਕਰ ਸਕਦਾ। ਬਦਕਿਸਮਤ ਚਾਨਣ ਨੇ ਇਕ ਵਾਰ ਆਪਣੇ ਛੋਟੇ ਪੁੱਤਰ ਦਾ ਸਤਿਕਾਰ ਵੀ ਪਰਖਣਾ ਚਾਹਿਆ ਕਿਤੇ ਉਸਦੇ ਮਨ ਵਿੱਚ ਭੁਲੇਖਾ ਹੀ ਨਾ ਰਹਿ ਜਾਵੇ ਕਿ ਉਹ ਉਸਦਾ ਛੋਟਾ ਲਾਡਲਾ ਬਾਪੂ ਦਾ ਆਗਿਆਕਾਰੀ ਅਤੇ ਸਵਰਨ ਪੁੱਤਰ ਸੀ। ਇਸ ਆਦੇਸ਼ ਨੂੰ ਸਾਹਮਣੇ ਰੱਖ ਕੇ ਅੱਜ ਚਾਨਣ ਨੇ ਛੋਟੇ ਸਾਹਿਬਜ਼ਾਦੇ ਨੂੰ ਠਰੰਮੇ ਨਾਲ ਪਾਸ ਬੁਲਾਇਆ ਅਤੇ ਕਿਹਾ ਕਿ ਕਾਕਾ ਮੇਰਾ ਜੀਅ ਕਰਦੈ ਕਿ ਅੰਮ੍ਰਿਤਸਰ ਇਸ਼ਨਾਨ ਕਰਕੇ ਆਵਾਂ ਅਤੇ ਨਾਲ ਤੇਰੀ ਮਾਂ ਨੂੰ ਵੀ ਲੈ ਕੇ ਜਾਵਾਂ। ਸੁੱਖ ਨਾਲ ਤੈਨੂੰ ਚੰਗੀ ਤਨਖਾਹ ਮਿਲਦੀ ਹੈ ਨਾਲੇ ਬਹੁਤਾ ਖਰਚ ਨਹੀਂ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਸਾਡੇ ਨਾਲ ਚਲੇਂ ਇਸ ਨਾਲ ਸਾਡਾ ਜੀਅ ਰਾਜ਼ੀ ਹੋ ਜਾਵੇਗਾ। ”ਨਾਲੇ ਪੁੰਨ ਨਾਲੇ ਫ਼ਲੀਆਂ।” ਆਪਾਂ ਸਾਰੇ ਯਾਤਰਾ ਕਰ ਆਵਾਂਗੇ ਅਤੇ ਆਉਂਦੇ ਹੋਏ ਕੁਝ ਇਤਿਹਾਸਕ ਕਿਤਾਬਾਂ ਅਤੇ ਘਰ ਲਈ ਪਾਪੜ, ਬੜੀਆਂ ਵੀ ਖ੍ਰੀਦ ਲਿਆਵਾਂਗੇ। ਚਾਨਣ ਦਾ ਭਰਮ ਸ਼ੀਸ਼ੇ ਵਾਂਗ ਚਕਨਾਚੂਰ ਹੋ ਗਿਆ ਜਦੋਂ ਛੋਟੇ ਸਪੁੱਤਰ ਨੇ ਤਲਖ਼ੀ ਭਰੇ ਲਹਿਜੇ ਵਿੱਚ ਕਿਹਾ ਬਾਪੂ ਕੀ ਲੈਣਾ ਤੂੰ ਇਸ ਉਮਰ ਵਿੱਚ ਸਫ਼ਰ ਕਰਕੇ, ਘਰ ਨਹੀਂ ਬੈਠ ਹੁੰਦਾ ਨਾਲੇ ਮੈਂ ਕੱਲ੍ਹ ਚੰਡੀਗੜ੍ਹ ਫ਼ੈਸ਼ਨ ਸ਼ੋਅ ਦੇਖਣ ਜਾਣਾ ਹੈ। ਜਿਸਦਾ ਟਿਕਟ ਇਕ ਹਜ਼ਾਰ ਰੁਪਈਆ ਹੈ। ਇਸ ਲਈ ਮੈਂ ਤੇਰੀ ਯਾਤਰਾ ਲਈ ਨਾ ਹੀ ਸਮਾਂ ਕੱਢ ਸਕਦਾ ਹਾਂ ਅਤੇ ਨਾ ਹੀ ਪੈਸੇ। ਪਿਆਰ ਦੀ ਇਮਾਰਤ ਵਿੱਚ ਤਰੇੜਾਂ ਆ ਗਈਆਂ। ਲਾਡ ਦੇ ਦੁੱਧ ਵਿੱਚ ਜ਼ਹਿਰ ਘੁਲ ਗਿਆ ਅਤੇ ਉਹ ਇੱਦਾਂ ਫ਼ੱਟ ਗਿਆ ਕਿ ਨਾ ਦੁੱਧ ਰਿਹਾ ਤੇ ਨਾ ਦਹੀਂ। ਬੱਚਿਆਂ ਦੀ ਹਰ ਮੰਗ ਪੂਰੀ ਕਰਨ ਵਾਲਾ ਵਿੱਚਾਰਾ ਚਾਨਣ ਅੱਜ ਕੱਖੋਂ ਹੋਲਾ ਹੋ ਗਿਆ। ਉਸਦੀ ਘਰਵਾਲੀ ਜੋ ਉਸ ਨਾਲੋਂ ਦੁਨੀਆਂ ਨੂੰ ਜ਼ਿਆਦਾ ਜਾਣਦੀ ਸੀ ਚਾਨਣ ਨੂੰ ਸਮਝਾਉਣ ਲੱਗੀ, ”ਸਰਦਾਰ ਜੀ ਸੁੱਖ ਕਿਸਮਤ ਨਾਲ ਮਿਲਦੇ ਹਨ, ਸਾਰੇ ਸਰਵਨ ਪੁੱਤਰ ਨਹੀਂ ਜੰਮਦੇ। ਇਨ੍ਹਾਂ ਅੱਜ ਦੇ ਭੁਲੜ ਗੱਭਰੂਆਂ ਪਾਸੋਂ ਰਹਿਮ ਦੀ ਭੀਖ ਮੰਗਣੀ ਕੋਈ ਬਹੁਤੀ ਸਿਆਣਪ ਨਹੀਂ ਅਤੇ ਨਾ ਹੀ ਇਸਦੀ ਉਮੀਦ ਇਸ ਪੀੜ੍ਹੀ ਪਾਸੋਂ ਰੱਖਣੀ ਚਾਹੀਦੀ ਹੈ। ਜੇ ਯਾਤਰਾ ਹੀ ਕਰਨੀ ਹੈ ਮੇਰੇ ਪਾਸ ਸੋਨੇ ਦੀਆਂ ਚੂੜੀਆਂ ਹਨ ਵੇਚ ਕੇ ਬਾਬੇ ਦੇ ਦਰਸ਼ਨ ਕਰ ਆਉਂਦੇ ਹਾਂ। ਉਹ ਹਾਲੇ ਗੱਲਾਂ ਹੀ ਕਰ ਰਹੇ ਸਨ ਕਿ ਇਕ ਕਾਲਾ ਨਾਗ ਸੱਪ ਕਮਰੇ ਵਿੱਚੋਂ ਬਾਹਰ ਵੱਲ ਭੱਜਿਆ। ਚਾਨਣ ਅਤੇ ਉਸਦੀ ਘਰਾਵਲੀ ਤ੍ਰਬਕੇ ਅਤੇ ਸੋਟੀ ਲੈ ਕੇ ਚਾਨਣ ਉਸ ਵੱਲ ਵਧਿਆ ਪਰ ਅਚਨਚੇਤ ਕੀ ਵੇਖਦਾ ਹੈ ਕਿ ਇਕ ਸਪਨੀ ਅਤੇ ਉਸਦੇ ਪਿਛੇ ਦੋ ਛੋਟੇ ਸੱਪ ਦੇ ਬੱਚੇ ਭੱਜੇ ਜਾ ਰਹੇ ਸਨ। ਉਨ੍ਹਾਂ ਬੱਚਿਆਂ ਵਿੱਚੋਂ ਆਪਣੀ ਮਮਤਾ ਦੀ ਪਛੜਾਈ ਵੇਖਦਾ ਚਾਨਣ ਖਲੋ ਗਿਆ। ਕੱਪੜੇ ਨਾਲ ਉਹ ਸੱਪ ਦੇ ਬੱਚੇ ਫ਼ੜ ਕੇ ਉਸਨੂੰ ਇਕ ਕੁੰਜੇ ਵਿੱਚ ਪਾ ਲਏ ਅਤੇ ਦੋ ਵੇਲੇ ਉਨ੍ਹਾਂ ਨੂੰ ਦੁੱਧ ਪਿਲਾਉਣ ਲੱਗਾ। ਇਸ ਦੇ ਦੋਨਾਂ ਸਾਹਿਬਜ਼ਾਦਿਆਂ ਵਾਂਗ ਉਹ ਜਵਾਨ ਹੋਣ ਲੱਗੇ ਅਤੇ ਹੌਲੀ-ਹੌਲੀ ਵੱਡੇ ਸੱਪ ਬਣ ਖਲੋਤੇ। ਇਕ ਦਿਨ ਚਾਨਣ ਬਹੁਤ ਗਮਗੀਨ ਹੋ ਗਿਆ ਅਤੇ ਪੁੱਤਰਾਂ ਦੇ ਵਰਤਾਉ ਤੋਂ ਤੰਗ ਆ ਕੇ ਉਸਨੇ ਸੱਪਾਂ ਨੂੰ ਦੁੱਧ ਪਿਲਾਉਣ ਵੇਲੇ ਜੋ ਕਟੋਰਾ ਰੱਸੀ ਨਾਲ ਉਸ ਕੁੱਜੇ ਵਿੱਚ ਰੱਖਣਾ ਸੀ ਉਹ ਆਪਣੇ ਹੱਥ ਨਾਲ ਕੁਜੇ ਵਿੱਚ ਰੱਖਣ ਲੱਗਾ। ਤੇ ਦੋਵਾਂ ਸੱਪ ਦੇ ਬੱਚਿਆਂ ਨੇ ਜੋ ਹੁਣ ਪੂਰਨ ਸੱਪ ਬਣ ਚੁੱਕੇ ਸਨ ਉਸਦੇ ਹੱਥ ‘ਤੇ ਡੰਗ ਮਾਰ ਦਿੱਤਾ।  ਵਿੱਚਾਰਾ ਚਾਨਣ ਜ਼ਮੀਨ ‘ਤੇ ਤੜਫ਼ਣ ਲੱਗਾ। ਗੁਆਂਢੀ ਚੁੱਕ ਕੇ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ। ਇਲਾਜ ਕਾਰਗਰ ਹੋਇਆ ਅਤੇ ਚਾਨਣ ਬਚ ਗਿਆ। ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਲੋਕੀਂ ਚਾਨਣ ਨੂੰ ਘਰ ਲੈ ਆਏ। ਘਰ ਆ ਕੇ ਸਭ ਤੋਂ ਪਹਿਲਾਂ ਚਾਨਣ ਨੇ ਦੁੱਧ ਦਾ ਕਟੋਰਾ ਭਰਿਆ ਅਤੇ ਮਟਕੇ ਨੂੰ ਰੱਸੀ ਬੰਨ੍ਹ ਕੇ ਉਨ੍ਹਾਂ ਸੱਪਾਂ ਦੇ ਬੱਚਿਆਂ ਦੇ ਕੁੱਜੇ ਵਿੱਚ ਲਮਕਾ ਦਿੱਤਾ ਅਤੇ ਬੜੇ ਠਰੰਮੇ ਨਾਲ ਦੁੱਧ ਪੀਂਦੇ ਸੱਪਾਂ ਦੇ ਬੱਚਿਆਂ ਵੱਲ ਬਿਟਰ ਬਿਟਰ ਤੱਕਦਾ ਰਿਹਾ ਅਤੇ ਉਨ੍ਹਾਂ ਵਿੱਚੋਂ ਆਪਣੇ ਲਾਡਲੇ ਪੁੱਤਰਾਂ ਦੀ ਤਸਵੀਰ ਵੇਖ ਕੇ ਉਸਨੇ ਹਾਲਾਤ ਨਾਲ ਸਮਝੌਤਾ ਕਰ ਲੈਣ ਦਾ ਮਨ ਬਣਾ ਲਿਆ।
ਹਰਚੰਦ ਸਿੰਘ ਦਿਲਬਰ

LEAVE A REPLY