ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੀ ਆਪਣੇ ਕਾਰਜਕਾਲ ਦੇ ਅਖੀਰ ‘ਚ ਵੱਡੇ ਪੱਧਰ ‘ਤੇ ਨਿਯੁਕਤੀਆਂ ਕਰਨ ਦੇ ਫੈਸਲੇ ‘ਤੇ ਵਰ੍ਹਦਿਆਂ ਕਿਹਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਪਹਿਲਾਂ ਹੀ ਹਾਰ ਮੰਨ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਕਈ ਆਗੂਆਂ ਨੂੰ ਚੋਣ ਕਮਿਸ਼ਨ ਸਮੇਤ ਵੱਖ ਵੱਖ ਬੋਰਡਾਂ, ਕਾਰਪੋਰੇਸ਼ਨਾ ਤੇ ਹੋਰ ਬਾਡੀਆਂ ‘ਚ ਸ਼ਾਮਿਲ ਕੀਤਾ ਗਿਆ ਹੈ। ਇਥੋਂ ਤੱਕ ਕਿ ਆਪਣੇ ਖਾਸ ਵਿਅਕਤੀਆਂ ਨੂੰ ਏਡਜਸਟ ਕਰਨ ਵਾਸਤੇ ਬਾਦਲ ਸਰਕਾਰ ਨੇ ਸੀਵਰੇਜ ਬੋਰਡ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਰਗੀਆਂ ਕਈ ਸੰਸਥਾਵਾਂ ‘ਚ ਸੀਨੀਅਰ ਵਾਈਸ ਚੇਅਰਮੈਨ ਵਰਗੇ ਨਵੇਂ ਅਹੁਦੇ ਸਥਾਪਤ ਕਰ ਦਿੱਤੇ ਹਨ। ਸਾਫ ਤੌਰ ‘ਤੇ ਇਹ ਸਿਆਸੀ ਨਿਯੁਕਤੀਆਂ ਕਰਨ ਲਈ ਕੀਤਾ ਗਿਆ ਹੈ, ਜਿਹੜੀਆਂ ਇਸ ਦੀਵਾਲੀਆ ਸਰਕਾਰ ਦੇ ਖਜ਼ਨੇ ਉਪਰ ਸਿਰਫ ਗੈਰ ਲੋੜੀਂਦਾ ਬੋਝ ਪਾਉਣਗੀਆਂ।
ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਫਰਵਰੀ 2017 ਵਿਧਾਨ ਸਭਾ ਚੋਣਾਂ ਦੌਰਾਨ ‘ਚ ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਇਨ੍ਹਾਂ ਸਾਰੀਆਂ ਸਿਆਸੀ ਨਿਯੁਕਤੀਆਂ ਦੀ ਸਮੀਖਿਆ ਕਰੇਗੀ, ਜਦਕਿ ਇਸ ਸਰਕਾਰ ਕੋਲ ਅਜਿਹੇ ਫੈਸਲੇ ਲੈਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਕਿਉਂਕਿ ਚੋਣ ਜਾਬਤਾ ਕਿਸੇ ਵੀ ਵਕਤ ਲਾਗੂ ਹੋ ਸਕਦਾ ਹੈ। ਚੰਨੀ ਨੇ ਕਿਹਾ ਹੈ ਕਿ ਇਹ ਜ਼ਲਦਬਾਜੀ ਉਸ ਸੱਚਾਈ ਵੱਲ ਇਸ਼ਾਰਾ ਕਰਦੀ ਹੈ ਕਿ ਬਾਦਲ ਤੇ ਉਨ੍ਹਾਂ ਦੀ ਪਾਰਟੀ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਚੁੱਕੇ ਹਨ, ਨਹੀਂ ਤਾਂ ਇਸ ਮੌਕੇ ਇਨ੍ਹਾਂ ਲੋਕਾਂ ਨੂੰ ਅਜਿਹੇ ਤੋਹਫੇ ਦੇਣ ਦੀ ਕੋਈ ਲੋੜ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸਿਆਸੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਦੂਜੇ ਹੱਥ ਸਮਾਜ ਦੇ ਕੁਝ ਹੋਰ ਵਰਗ ਵੀ ਹਨ, ਜਿਹੜੇ ਮਹੀਨਿਆਂ ਤੋਂ ਨੌਕਰੀਆਂ ਦੀ ਮੰਗ ਕਰਦਿਆਂ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਵੱਧ ਹੈਰਾਨੀਜਨਕ ਨਹੀਂ ਹੋ ਸਕਦਾ ਹੈ ਕਿ ਬਠਿੰਡਾ ‘ਚ ਇਕ ਅੰਦੋਲਨਕਾਰੀ ਈ.ਜੀ.ਐਸ ਅਧਿਆਪਕ ਨੇ ਖੁਦ ਨੂੰ ਅੱਗ ਲਗਾ ਲਈ। ਇਹ ਸ਼ਹਿਰ ਪੰਜਾਬ ‘ਚ ਧਰਨਿਆਂ ‘ਚ ਰਾਜਧਾਨੀ ਬਣ ਚੁੱਕਾ ਹੈ, ਲੇਕਿਨ ਬਾਦਲ ਸਰਕਾਰ ਇਨ੍ਹਾਂ ਆਮ ਲੋਕਾਂ ਦੀਆਂ ਤਕਲੀਫਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਬਣ ਚੁੱਕੀ ਹੈ, ਜਦਕਿ ਵੱਡੀ ਗਿਣਤੀ ‘ਚ ਸਿਆਸੀ ਹਿਤੈਸ਼ੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਬਾਦਲ ਦੇ ਅਧਿਕਾਰਿਕ ਨਿਵਾਸ ਨੇੜੇ ਇਕ ਮੋਬਾਇਲ ਕੰਪਨੀ ਦੇ ਟਾਵਰ ਉਪਰ ਅੰਦੋਲਨ ਕਰ ਰਹੇ ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਨੌਕਰੀਆਂ ਦੀ ਮੰਗ ਕਰਦਿਆਂ ਨੀਚੇ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ।
ਚੰਨੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਪੰਜਾਬ ਦੇ ਲੋਕ ਅਕਾਲੀ ਦਲ ਭਾਜਪਾ ਤੇ ਆਪ ਦੇ ਉਮੀਦਵਾਰਾਂ ਨੂੰ ਖਾਰਿਜ਼ ਕਰ ਦੇਣਗੇ, ਜਿਨ੍ਹਾਂ ਕੋਲ ਸੂਬੇ ਦੀ ਅਗਵਾਈ ਕਰਨ ਵਾਸਤੇ ਸੋਚ ਤੇ ਕਾਬਲਿਅਤ ਨਹੀਂ ਹੈ। ਅਕਾਲੀ ਭਾਜਪਾ ਨੇ ਆਪਣੇ ਬੀਤੇ ਦੱਸ ਸਾਲਾਂ ਦੇ ਸ਼ਾਸਨ ‘ਚ ਵਿੱਤ, ਕਾਨੂੰਨ ਅਤੇ ਵਿਵਸਥਾ, ਖੇਤੀਬਾੜੀ, ਕਿਸਾਨਾਂ ਵੱਲੋਂ ਖੁਦਕੁਸ਼ੀ, ਉਦਯੋਗ, ਨਸ਼ਾਖੋਰੀ, ਬੇਰੁਜ਼ਗਾਰੀ ਤੇ ਹੋਰ ਬੇਹੱਦ ਸਮੱਸਿਆਵਾਂ ਦੇ ਮਾਮਲੇ ‘ਚ ਹਾਲਾਤਾਂ ਨੂੰ ਬਦਤਰ ਬਣਾ ਕੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਜਦਕਿ ਆਪ ਅਗਵਾਈ ‘ਚ ਪੰਜਾਬ ਵਰਗੇ ਸੂਬੇ ਨੂੰ ਚਲਾਉਣ ਵਾਸਤੇ ਕੋਈ ਸੋਚ ਤੇ ਸ਼ਾਸਨ ਦਾ ਪੱਧਰ ਨਹੀਂ ਹੈ, ਜਿਨ੍ਹਾਂ ਨੇ ਪਹਿਲਾਂ ਹੀ ਦਿੱਲੀ ਨੂੰ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ।