sports-news-300x150ਬ੍ਰਿਸਬੇਨ: ਆਸਟਰੇਲੀਆ ਨੇ ਅੱਜ ਇੱਥੇ ਪਾਕਿਸਤਾਨ ਨੂੰ ਵਿਸ਼ਵ ਰਿਕਾਰਡ ਬਣਾਉਣ ਤੋਂ ਰੋਕਿਆ ਅਤੇ ਬੇਹੱਦ ਰੋਮਾਂਚਕ ਮੋੜ ‘ਤੇ ਪਹੁੰਚੇ ਪਹਿਲੇ ਟੈਸਟ ਕ੍ਰਿਕਟ ਮੈਚ ‘ਚ ਸਿਰਫ਼ 39 ਦੌੜਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ‘ਚ ਸ਼ੁਰੂਆਤੀ ਬੜ੍ਹਤ ਹਾਸਲ ਕਰਨ ਦੇ ਨਾਲ ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ 28 ਸਾਲਾਂ ਤੋਂ ਚਲਿਆ ਆ ਰਿਹਾ ਹੈ ਆਪਣਾ ਅਜੇਤੂ ਰੱਥ ਵੀ ਬਰਕਾਰ ਰਖਿਆ ਹੈ। ਪਾਕਿਸਤਾਨ ਦੇ ਸਾਹਮਣੇ ਜਿੱਤ ਦੇ ਲਈ 490 ਦੌੜਾਂ ਦਾ ਰਿਕਾਰਡ ਟੀਚਾ ਸੀ ਪਰ ਅਸਦ ਸ਼ਫ਼ੀਕ ਦੀ 137 ਦੌੜਾਂ ਦੀ ਹੌਸਲੇ ਵਾਲੀ ਪਾਰੀ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਦੇ ਬਾਵਜੂਦ ਉਸ ਦੀ ਟੀਮ ਖੇਡ ਦੇ ਪੰਜਵੇਂ ਅਤੇ ਅੰਤਿਮ ਦਿਨ ਅੱਜ ਇੱਥੇ 450 ਦੌੜਾਂ ਬਣਾ ਕੇ ਆਊਟ ਹੋ ਗਈ।
ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਯਾਸਿਰ ਸ਼ਾਹ (33) ਨੂੰ ਰਨ ਆਊਟ ਕਰਕੇ ਪਾਕਿਸਤਾਨ ਦੀ ਸ਼ਲਾਘਾਯੋਗ ਕੋਸ਼ਿਸ਼ ਨੂੰ ਵਿਸ਼ਵ ਰਿਕਾਰਡ ‘ਚ ਨਹੀਂ ਬਦਲਣ ਦਿੱਤਾ। ਸਮਿਥ ਨੇ ਬਾਅਦ ‘ਚ ਕਬੂਲ ਕੀਤਾ ਕਿ ਪਾਕਿਸਤਾਨ ਜਿਸ ਤਰ੍ਹਾਂ ਨਾਲ ਟੀਚੇ ਵੱਲ ਵੱਧ ਰਿਹਾ ਸੀ ਉਸ ਨਾਲ ਉਹ ਕਾਫ਼ੀ ਤਣਾਅ ‘ਚ ਆ ਗਏ ਸਨ। ਸਮਿਥ ਨੇ ਕਿਹਾ, ”ਮੈਨੂੰ ਲੱਗਾ ਕਿ ਮੈਂ ਆਪਣੀਆਂ ਉਂਗਲਾਂ ਦੇ ਸਾਰੇ ਨਹੁੰ ਚਬਾ ਜਾਵਾਂਗਾ। ਇਕ ਬਿਹਤਰੀਨ ਕ੍ਰਿਕਟ ਮੈਚ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਬੱਲੇਬਹਾਜ਼ੀ ਕੀਤੀ ਇਸ ਨਾਲ ਕਾਫ਼ੀ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਪਰ ਸਾਡੇ ਬੱਲੇਬਾਜ਼ਾਂ ਨੇ ਹਾਰ ਨਹੀਂ ਮੰਨੀ।” ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਟੀਚਾ ਹਾਸਲ ਕਰਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਨਾਂ ‘ਤੇ ਹੈ। ਉਸ ਨੇ 2003 ‘ਚ ਆਸਟਰੇਲੀਆ ਦੇ ਖਿਲਾਫ਼ ਹੀ ਐਂਟੀਗਾ ‘ਚ 418 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ ਅਤੇ ਸ਼ਫ਼ੀਕ ਦੀ ਪਾਰੀ ਨਾਲ ਪਾਕਿਸਤਾਨ ਇਸ ਰਿਕਾਰਡ ਨੂੰ ਤੋੜਨ ਦੀ ਸਥਿਤੀ ‘ਚ ਦਿਖ ਰਿਹਾ ਸੀ ਪਰ ਉਹ ਯਾਸਿਰ ਦੇ ਰਨ ਆਊਟ ਹੋਣ ਦੇ ਥੋੜ੍ਹੀ ਦੇਰ ਪਹਿਲਾਂ ਆਊਟ ਹੋ ਗਏ।

LEAVE A REPLY