4ਚੰਡੀਗਡ਼੍ਹ -ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਇੱਕੋ ਦਿਨ 4 ਕਿਸਾਨਾਂ ਸਣੇ 6 ਵਿਅਕਤੀਆਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਉਤੇ ਅਫਸੋਸ ਜਤਾਇਆ ਹੈ।  ਚੰਡੀਗਡ਼੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਵਾਰੀਆਂ ਬੰਨ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ, ਜਦਕਿ ਕਿਸਾਨਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਅਤੇ ਉਨਾਂ ਨੂੰ ਕਰਜਾ ਮੁਕਤ ਕਰਨ ਲਈ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ।
ਵਡ਼ੈਚ ਨੇ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਤਿੰਨ ਕਿਸਾਨ ਕਰਜੇ ਦੇ ਸਤਾਏ ਹੋਏ ਸਨ, ਜਦਕਿ ਇੱਕ ਕਿਸਾਨ ਨੇ ਆਪਣੀ ਜਮੀਨ ਵੇਚ ਕੇ ਪੈਸੇ ਇੱਕ ਕੰਪਨੀ ਵਿੱਚ ਨਿਵੇਸ਼ ਕੀਤੇ, ਪਰ ਲੋਡ਼ ਪੈਣ ਉਤੇ ਜਦੋਂ ਉਸਨੇ ਪੈਸਾ ਵਾਪਿਸ ਮੰਗਿਆ ਤਾਂ ਕੰਪਨੀ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸਨੇ ਖੁਦਕੁਸ਼ੀ ਦਾ ਰਾਹ ਅਪਣਾਇਆ।
ਉਨਾਂ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਬਾਦਲਾਂ ਵੱਲੋਂ ਕਿਸਾਨਾਂ ਦਾ ਕਰਜਾ ਮੁਆਫ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਬਾਦਲ ਹੁਣ ਕਹਿਣ ਲੱਗੇ ਹਨ ਕਿ ਕਿਸਾਨਾਂ ਦਾ ਕਰਜਾ ਕੇਂਦਰ ਸਰਕਾਰ ਹੀ ਮੁਆਫ ਕਰ ਸਕਦੀ ਹੈ।  ਵਡ਼ੈਚ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਹੀ ਕਰਜਾ ਮੁਆਫ ਕਰ ਸਕਦੀ ਹੈ ਤਾਂ ਅਕਾਲੀ ਦਲ ਕੇਂਦਰ ਵਿੱਚ ਭਾਈਵਾਲ ਪਾਰਟੀ ਹੈ। ਅਜਿਹੇ ਵਿੱਚ ਅਕਾਲੀ ਦਲ ਵੱਲੋਂ ਕੇਂਦਰ ਵਿਚਲੀ ਮੋਦੀ ਸਰਕਾਰ ਉਤੇ ਕਰਜਾ ਮੁਆਫੀ ਲਈ ਦਬਾਅ ਕਿਓਂ ਨਹੀਂ ਬਣਾਇਆ ਜਾਂਦਾ। ਜੇਕਰ ਮੋਦੀ ਵੱਲੋਂ ਬਾਦਲ ਦੀ ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਮੰਗ ਨਹੀਂ ਮੰਗੀ ਜਾਂਦੀ, ਤਾਂ ਅਜਿਹੇ ਵਿੱਚ ਬਾਦਲ ਪਰਿਵਾਰ ਵੱਲੋਂ ਆਪਣੀ ਨੂੰਹਰਾਣੀ ਹਰਸਿਮਰਤ ਕੌਰ ਨੂੰ ਕੇਂਦਰੀ ਵਜਾਰਤ ਤੋਂ ਅਸਤੀਫਾ ਦੁਆ ਕੇ ਭਾਜਪਾ ਨਾਲੋਂ ਤੋਡ਼-ਵਿਛੋਡ਼ਾ ਕਰ ਲੈਣਾ ਚਾਹੀਦਾ ਹੈ।
ਵਡ਼ੈਚ ਨੇ ਕਿਹਾ ਕਿ ਸੰਗਰੂਰ ਵਿਖੇ ਕੈਂਸਰ ਦੇ ਮਰੀਜ ਵੱਲੋਂ ਖੁਦਕੁਸ਼ੀ ਕਰਨਾ ਬਹੁਤ ਮੰਦਭਾਗਾ ਹੈ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਕੈਂਸਰ ਪੀਡ਼ਤਾਂ ਦੀ ਪੂਰੀ ਸਾਰ ਲਏ ਜਾਣ ਦੇ ਕੀਤੇ ਜਾਂਦੇ ਵਾਅਦੇ ਸਿਰਫ ਖੋਖਲੇ ਹੀ ਹਨ।  ਉਨਾਂ ਕਿਹਾ ਕਿ ਪੰਜਾਬ ਵਿੱਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਮਰੀਜਾਂ ਨੂੰ ਇਲਾਜ ਕਰਵਾਉਣ ਲਈ ਬਾਹਰਲੇ ਸੂਬਿਆਂ ਵਿੱਚ ਜਾਣਾ ਪੈਂਦਾ ਹੈ।
ਪੰਜਾਬ ਕਨਵੀਨਰ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ 2017 ਦੀਆਂ ਚੋਣਾਂ ਮਗਰੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਕੈਂਸਰ ਦੇ ਮਰੀਜਾਂ ਦਾ ਇਲਾਜ ਮੁਫਤ ਕਰਵਾਇਆ ਜਾਵੇਗਾ। ਨਾਲ ਹੀ ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਜਾਣਗੀਆਂ ਅਤੇ ਸਾਲ 2018 ਦੇ ਅਖੀਰ ਤੱਕ ਕਿਸਾਨਾਂ ਨੂੰ ਕਰਜਾ ਮੁਕਤ ਕਰ ਦਿੱਤਾ ਜਾਵੇਗਾ।

LEAVE A REPLY