ਚੋਣਾਂ ਤੋਂ ਪਹਿਲਾਂ ਪੰਜਾਬ ਕੈਬਨਿਟ ਨੇ ਕੀਤੇ ਵੱਡੇ ਐਲਾਨ

1ਚੰਡੀਗੜ੍ਹ-ਸੂਬੇ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਲਈ ਮੰਤਰੀ ਮੰਡਲ ਨੇ ਗੋਇੰਦਵਾਲ ਸਨਅਤੀ ਕੰਪਲੈਕਸ ਵਿੱਚ 8000 ਵਰਗ ਗਜ਼ ਦੀ ਸ਼੍ਰੇਣੀ ਵਾਲੇ ਪਲਾਟ ਹੋਲਡਰਾਂ ਜਿਨ੍ਹਾਂ ਨੂੰ ਇਹ ਪਲਾਟ 31 ਦਸੰਬਰ, 1995 ਨੂੰ ਜਾਂ ਇਸ ਤੋਂ ਪਹਿਲਾਂ ਅਲਾਟ ਹੋਏ ਹਨ, ਪਾਸੋਂ ਮੂਲ ਕੀਮਤ ਅਤੇ ਵਧੀ ਹੋਈ ਕੀਮਤ ਦੇ ਬਕਾਏ 10 ਫੀਸਦੀ ਸਾਧਾਰਨ ਵਿਆਜ ਦਰ ਨਾਲ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਪੈਕੇਜ ਹੇਠ ਮਿਸ਼ਰਤ ਵਿਆਜ ਤੇ ਦੰਡ ਵਿਆਜ ਦੀ ਰਾਸ਼ੀ ਮੁਆਫ ਕਰ ਦਿੱਤੀ ਗਈ। ਇਸ ਤੋਂ ਇਲਾਵਾ ਭੁਗਤਾਨ ਨਾ ਕਰਨ ਵਾਲੇ ਅਲਾਟੀਆਂ ਅਤੇ ਜਿਨ੍ਹਾਂ ਦੀ ਅਲਾਟਮੈਂਟ ਰੱਦ ਹੋ ਗਈ ਹੈ, ਜਿੱਥੇ ਕਿਸੇ ਤਰ੍ਹਾਂ ਦਾ ਨਿਰਮਾਣ/ਉਤਪਾਦਨ ਮੌਜੂਦ ਹੈ, ਉਨ੍ਹਾਂ ਨੂੰ ਆਪਣੇ ਬਕਾਏ ਦਾ ਭੁਗਤਾਨ 90 ਦਿਨਾਂ ਵਿੱਚ ਉੱਕੇ-ਪੁੱਕੇ ‘ਚ ਰੂਪ ਜਾਂ ਬਰਾਬਰ ਦੀਆਂ ਦੋ ਛਿਮਾਹੀ ਕਿਸ਼ਤਾਂ ਵਿੱਚ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਦਾ ਭੁਗਤਾਨ ਮੌਜੂਦਾ ਵਿਆਜ ਦਰ ਨਾਲ 30 ਜੂਨ, 2017 ਤੇ 31 ਦਸੰਬਰ, 2017 ਤੱਕ ਕਰਨਯੋਗ ਹੋਵੇਗਾ। ਇਸ ਤੋਂ ਇਲਾਵਾ ਸਬੰਧਤ ਪਲਾਟ ਹੋਲਡਰ ਆਪਣੀਆਂ ਇਕਾਈਆਂ ਵਿੱਚ ਇਹ ਪੈਕੇਜ ਮੁੜ ਸੁਰਜੀਤ ਹੋਣ ਦੀ ਤਰੀਕ ਤੋਂ ਇਕ ਸਾਲ ਦੇ ਅੰਦਰ ਉਤਪਾਦਨ ਨੂੰ ਯਕੀਨੀ ਬਣਾਉਣਗੇ।
ਗੌਰਤਲਬ ਹੈ ਕਿ ਗੋਇੰਦਵਾਲ ਉਦਯੋਗਿਕ ਕੰਪਲੈਕਸ ਵਿੱਚ ਪਹਿਲਾਂ ਦਿੱਤੇ ਗਏ ਪੈਕੇਜ ਵਿੱਚ 31 ਦਸੰਬਰ, 1995 ਨੂੰ ਜਾਂ ਇਸ ਤੋਂ ਪਹਿਲਾਂ 1000 ਵਰਗ ਗਜ਼ ਵਾਲੇ ਅਲਾਟ ਕੀਤੇ ਪਲਾਟਾਂ ਦਾ ਭੁਗਤਾਨ ਨਾ ਕਰ ਸਕਣ ਵਾਲੇ ਅਲਾਟੀਆਂ ਨੂੰ ਅਜਿਹਾ ਪੈਕੇਜ ਦਿੱਤਾ ਗਿਆ ਸੀ ਜਿਸ ਕਰਕੇ ਥੋੜ੍ਹੇ ਜਿਹੇ ਪਲਾਟ ਹੋਲਡਰ ਹੀ ਇਸ ਦਾ ਲਾਭ ਪ੍ਰਾਪਤ ਕਰ ਸਕੇ ਸਨ। ਪਲਾਟ ਹੋਲਡਰਾਂ ਦੀ ਨਿਰੰਤਰ ਮੰਗ ਦੇ ਮੱਦੇਨਜ਼ਰ ਪਹਿਲਾਂ ਦਿੱਤੇ ਗਏ ਪੈਕੇਜ ਵਰਗਾ ਇਹ ਪੈਕੇਜ 8000 ਵਰਗ ਗਜ਼ ਦੇ ਪਲਾਟ ਹੋਲਡਰਾਂ ਨੂੰ ਦਿੱਤਾ ਗਿਆ ਹੈ ਤਾਂ ਜੋ ਇਹ ਪਲਾਟ ਹੋਲਡਰ ਇਨ੍ਹਾਂ ਰਿਆਇਤਾਂ ਦਾ ਲਾਭ ਉਠਾ ਸਕਣ।
Îਮੰਤਰੀ ਮੰਡਲ ਨੇ ਮਿੱਡ ਡੇਅ ਮੀਲ ਵਰਕਰਾਂ ਦਾ ਮਾਸਿਕ ਮਾਣ ਭੱਤੇ ਵਿੱਚ 500 ਰੁਪਏ ਦਾ ਵਾਧਾ ਕਰਕੇ 1200 ਰੁਪਏ ਤੋਂ 1700 ਰੁਪਏ ਕਰ ਦਿੱਤਾ ਹੈ। ਇਸ ਫੈਸਲੇ ਨਾਲ ਸੂਬਾ ਭਰ ਵਿੱਚ 42 ਹਜ਼ਾਰ ਮਿੱਡ ਡੇਅ ਮੀਲ ਵਰਕਰਾਂ ਨੂੰ ਲਾਭ ਹੋਵੇਗਾ।
ਪੁਲੀਸ ਵਿਭਾਗ ਦੇ ਕੰਮਕਾਜ ਨੂੰ ਹੋਰ ਪ੍ਰਭਾਵੀ ਬਣਾਉਣ ਅਤੇ ਪੁਲੀਸ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨ ਲਈ ਮੰਤਰੀ ਮੰਡਲ ਨੇ ਸੀ-2 ਦੇ 10 ਫੀਸਦੀ ਕੋਟੇ ਦੇ ਹੇਠ ਹੈੱਡ ਕਾਂਸਟੇਬਲ ਵਜੋਂ ਪਦ-ਉੱਨਤ ਕੀਤੇ ਗਏ 393 ਮੁਲਾਜ਼ਮਾਂ ਦਾ ਵੱਖਰਾ ਡਾਇੰਗ ਕਾਡਰ ਰਚਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Îਮੰਤਰੀ ਮੰਡਲ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਪੰਜ ਅਸਾਮੀਆਂ ਸਮਰਪਣ ਕਰਕੇ ਨਿੱਜੀ ਸਹਾਇਕ ਦੀਆਂ ਪੰਜ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੰਜਾਬ ਲੋਕ ਸੇਵਾ (ਸੇਵਾਵਾਂ ਦੀਆਂ ਆਮ ਤੇ ਸਾਂਝੀਆਂ ਸ਼ਰਤਾਂ) ਨਿਯਮ, 1994 ਦੇ ਰੂਲ-5 ਅਧੀਨ ਦੂਜੇ ਉਪਬੰਧ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਰਜ਼ ‘ਤੇ ਸਰਕਾਰੀ ਬੋਰਡਾਂ, ਕਾਰਪੋਰਸ਼ਨਾਂ, ਕਮਿਸ਼ਨਾਂ ਅਤੇ ਹੋਰ ਅਥਾਰਟੀਆਂ ਦੇ ਮੁਲਾਜ਼ਮਾਂ ਨੂੰ ਉਪਰਲੀ ਉਮਰ ਹੱਦ ਵਿੱਚ ਢਿੱਲ ਦੇ ਕੇ 45 ਸਾਲ ਤੱਕ ਦਾ ਲਾਭ ਦਿੱਤਾ ਜਾ ਸਕੇ।
ਪੇਂਡੂ ਇਲਾਕਿਆਂ ਅਤੇ ਸੂਬੇ ਦੇ ਆਰਥਿਕ ਤੌਰ ‘ਤੇ ਪੱਛੜੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਮਿਆਰੀ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ ਮੰਤਰੀ ਮੰਡਲ ਨੇ ਸੰਤ ਸੇਵਾ ਸਿੰਘ ਮੈਮੋਰੀਅਲ ਖਾਲਸਾ ਗਰਲਜ਼ ਕਾਲਜ, ਗੁਰੂ ਕਾ ਖੂਹ ਮੁੰਨੇ (ਨੂਰਪੁਰ ਬੇਦੀ) ਜ਼ਿਲ੍ਹਾ ਰੂਪਨਗਰ ਨੂੰ ਸਰਕਾਰੀ ਕਾਲਜ ਵਜੋਂ ਅਪਣਾਉਣ ਦੀ ਸਹਿਮਤੀ ਦੇ ਦਿੱਤੀ ਹੈ। ਇਸ ਵੇਲੇ ਇਸ ਕਾਲਜ ਵਿੱਚ 450 ਲੜਕੀਆਂ ਨੂੰ ਆਰਟਸ, ਕਾਮਰਸ ਅਤੇ ਸਾਇੰਸ ਦੇ ਵਿਸ਼ੇ ਪੜ੍ਹਾਏ ਜਾ ਰਹੇ ਹਨ।

LEAVE A REPLY