5ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਬਾਦਲ ਸਰਕਾਰ ਵੱਲੋਂ ਸਾਰੇ ਨਿਯਮਾਂ ਦਾ ਉਲੰਘਣ ਕਰਕੇ ਸੱਦੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਰਾਹੀਂ ਆਪਣੇ ਲਟਕੇ ਆਰਡੀਨੈਂਸਾਂ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਆਰਡੀਨੈਂਸਾਂ ‘ਤੇ ਰਾਜਪਾਲ ਦਸਤਖਤ ਕਰਨ ਤੋਂ ਮਨ੍ਹਾ ਕਰ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਰਾਜ ਭਵਨ ਰਾਹੀਂ ਆਪਣੇ ਚੋਣਾਂ ਸਬੰਧੀ ਤੋਹਫਿਆਂ ਨੂੰ ਮਨਜ਼ੂਰ ਕਰਵਾਉਣ ‘ਚ ਅਸਫਲ ਰਹੀ ਬਾਦਲ ਸਰਕਾਰ ਹੁਣ 19 ਦਸੰਬਰ ਨੂੰ ਤੈਅ ਕੀਤੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਰਾਹੀਂ ਪਿਛਲੇ ਦਰਵਾਜੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਮੀਡੀਆ ਦੀਆਂ ਖ਼ਬਰਾਂ ਮੁਤਾਬਿਕ ਚੋਣ ਕਮਿਸ਼ਨ 20 ਦਸੰਬਰ ਨੂੰ ਚੋਣਾਂ ਦੀਆਂ ਤਰੀਖਾਂ ਦੇ ਐਲਾਨ ਨਾਲ ਚੋਣ ਜਾਬਤਾ ਲਾਗੂ ਕਰ ਸਕਦੀ ਹੈ।
ਇਸ ਸਬੰਧੀ ਖ਼ਬਰਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿ ਬਾਦਲ ਸਰਕਾਰ ਅੱਠ ਬਿੱਲਾਂ/ਆਰਡੀਨੈਂਸਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰੇਗੀ, ਜਿਨ੍ਹਾਂ ‘ਚੋਂ ਇਕ 27,000 ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਸਬੰਧੀ ਹੈ, ਜਿਹਡ਼ੇ ਪਿਛਲੇ ਲੰਬੇ ਵਕਤ ਤੋਂ ਸੂਬਾ ਸਰਕਾਰ ਵਿਰੁੱਧ ਜੰਗ ਛੇਡ਼ੇ ਹੋਏ ਹਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਇਹ ਅਕਾਲੀਆਂ ਵੱਲੋਂ ਚੋਣ ਪ੍ਰੀਕ੍ਰਿਆ ਨੂੰ ਬਾਈਪਾਸ ਕਰਨ ਦੀ ਨਜਾਇਜ਼ ਕੋਸ਼ਿਸ਼ ਹੈ।
ਇਸੇ ਤਰ੍ਹਾਂ, ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਵੱਲੋਂ ਆਰਡੀਨੈਂਸਾਂ ਨੂੰ ਬੇਨਿਯਮੀਆਂ ਕਰਾਰ ਦਿੰਦਿਆਂ, ਉਨ੍ਹਾਂ ਉਪਰ ਦਸਤਖਤ ਕਰਨ ਤੋਂ ਇਨਕਾਰ ਕਰਨ ਦੇ ਬਾਵਜੂਦ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਨੂੰ ਮਨਜ਼ੂਰੀ ਦੇਣ ਸਬੰਧੀ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਦਿਸ਼ਾ ‘ਚ, ਕੈਪਟਨ ਅਮਰਿੰਦਰ ਨੇ ਉਸ ਸੱਚਾਈ ਨੂੰ ਵੀ ਸਾਹਮਣੇ ਰੱਖਿਆ ਹੈ ਕਿ ਰਾਜਪਾਲ ਨੇ ਮਨੀ ਬਿੱਲਾਂ ਲਈ ਸਪੈਸ਼ਲ ਸੈਸ਼ਨ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਚੋਣਾਂ ਮੌਕੇ ਇਹ ਪੂਰੀ ਤਰ੍ਹਾਂ ਗਲਤ ਹੈ।
ਕੈਪਟਨ ਅਮਰਿੰਦਰ ਨੇ ਰਾਜਪਾਲ ਨੂੰ ਆਪਣੀ ਇਜ਼ਾਜਤ ਵਾਪਿਸ ਲੈਣ ਅਤੇ ਚੋਣ ਨਿਯਮਾਂ ਦਾ ਅਜਿਹਾ ਮਜ਼ਾਕ ਨਾ ਉਡਾਉਣ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਦਲ ਸਰਕਾਰ ਵੱਲੋਂ ਇਸ ਚਲਾਕੀ ਨਾਲ ਪਾਸ ਕੀਤੇ ਗਏ ਬਿੱਲ ਕਾਨੂੰਨੀ ਪਡ਼ਤਾਲ ‘ਚ ਟਿੱਕ ਨਹੀਂ ਪਾਉਣਗੇ।
ਇਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨੇ ਅਕਾਲੀ ਸਰਕਾਰ ਦੀ ਉਕਤ ਕਾਨੂੰਨੀ ਅਧਾਰ ‘ਤੇ ਨਾ ਟਿਕਣ ਵਾਲੀ ਗਤੀਵਿਧੀ ਦੀ, ਉਸ ਵੱਲੋਂ 16 ਨਵੰਬਰ ਨੂੰ ਐਸ.ਵਾਈ.ਐਲ ਮੁੱਦੇ ਉਪਰ ਸੱਦੇ ਗਏ ਇਸੇ ਤਰ੍ਹਾਂ ਦੇ ਸਪੈਸ਼ਲ ਸੈਸ਼ਨ ਨਾਲ ਤੁਲਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਸਮੀਖਿਆ ‘ਚ ਇਨ੍ਹਾਂ ਸਾਰੀਆਂ ਕਾਰਵਾਈਆ ਦਾ ਭਾਂਡਾਫੋਡ਼ ਹੋ ਗਿਆ ਸੀ।
ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਬਾਦਲ ਸਰਕਾਰ ਹਾਊਸ ਦੇ ਸਪੈਸ਼ਲ ਸੈਸ਼ਨ ਰਾਹੀਂ ਜਿਨ੍ਹਾਂ ਬਿੱਲਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸਾਰੇ ਸਮੀਖਿਆ ਲਈ ਖੁੱਲ੍ਹੇ ਰਹਿਣਗੇ। ਇਸ ਤੋਂ ਸਾਫ ਹੁੰਦਾ ਹੈ ਕਿ ਬਾਦਲ ਸਿਰਫ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਟੋਟਕਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕ ਖੁਦ ਬਾਦਲਾਂ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਧੋਖਿਆਂ ਨੂੰ ਦੇਖ ਸਕਦੇ ਹਨ। ਸ੍ਰੋਮਣੀ ਅਕਾਲੀ ਦਲ ਸਰਕਾਰ ਦੇ 10 ਸਾਲਾਂ ਦੇ ਰਿਕਾਰਡ ਨੇ ਇਨ੍ਹਾਂ ਪ੍ਰਤੀ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਕਰ ਦਿੱਤਾ ਹੈ।

LEAVE A REPLY