3ਐਸ.ਏ.ਐਸ. ਨਗਰ : ਪੰਜਾਬ ਦੇ ਸ਼ਹਿਰੀ ਵਿਕਾਸ ਵਿਚ ਇਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਅੱਜ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਤਰ੍ਹਾਂ ਦੇ ਦੇਸ਼ ਦੇ ਪਹਿਲੇ ਏਅਰ ਕੰਡੀਸ਼ਨ ਬੱਸ ਅੱਡੇ ਦਾ ਉਦਘਾਟਨ ਕੀਤਾ। ਉਨ੍ਹਾਂ ਸਥਾਨਕ ਫੇਜ਼-6 ਵਿਚ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਜੀ ਬੱਸ ਅੱਡਾ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਅਤੇ ਨਾਲ ਹੀ ਟਰਾਂਸਪੋਰਟ ਭਵਨ, ਟਰਾਂਸਪੋਰਟ ਸੇਫਟੀ ਭਵਨ ਅਤੇ ਐਕਸਾਈਜ਼ ਤੇ ਟੈਕਸੇਸ਼ਨ ਭਵਨ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਪੂਰਣ ਰੂਪ ਨਾਲ ਏ.ਸੀ. ਬੱਸ ਅੱਡੇ ‘ਤੇ 300 ਕਰੋੜ ਰੁਪਏ ਦੀ ਲਾਗਤ ਆਈ ਹੈ ਜਿੱਥੇ ਕਿ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆ ਗਈਆਂ ਹਨ ਜਿਵੇਂ ਕਿ ਵਾਈ-ਫਾਈ, ਏਟੀਐਮ, ਆਨ-ਲਾਈਨ ਟਿਕਟ ਆਦਿ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਬੱਸ ਅੱਡਾ ਇਸ ਤਰ੍ਹਾਂ ਦੇ ਕੌਮਾਂਤਰੀ  ਬੱਸ ਅੱਡਿਆਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ।
ਸ. ਬਾਦਲ ਨੇ ਕਿਹਾ ਕਿ ਇਸ ਬੱਸ ਅੱਡੇ ਦੇ ਸ਼ੁਰੂ ਹੋ ਜਾਣ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਪੰਜਾਬ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਦੇਸ਼ ਦਾ ਮੋਢੀ ਸੂਬਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਬੱਸ ਅੱਡੇ ਪੰਜਾਬ ਦੇ ਕਾਰਪੋਰੇਸ਼ਨ ਸ਼ਹਿਰਾਂ ਵਿਚ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਅੰਤਰ-ਰਾਜੀ ਬੱਸ ਅੱਡੇ ਤੋਂ ਰੋਜ਼ਾਨਾ 1900 ਬੱਸਾਂ ਆਇਆ-ਜਾਇਆ ਕਰਨਗੀਆਂ।
ਇਸ ਮੌਕੇ ਹੋਰ ਵਿਕਾਸਮਈ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਸ. ਬਾਦਲ ਨੇ ਦੱਸਿਆ ਕਿ 6 ਮਾਰਗੀ ਖਰੜ-ਲੁਧਿਆਣਾ ਐਕਸਪ੍ਰੈਸ ਸੜਕ ਅਤੇ 4 ਮਾਰਗੀ ਰੋਪੜ-ਫਗਵਾੜਾ ਸੜਕ ਦਾ ਨੀਂਹ ਪੱਥਰ 19 ਦਸੰਬਰ ਨੂੰ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ-ਖਰੜ 6 ਮਾਰਗੀ ਐਲੀਵੇਟਡ ਰੋਡ ਡੇਢ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੋਹਾਲੀ-ਪਟਿਆਲਾ ਵਾਇਆ ਸਰਹਿੰਦ ਰੋਡ ਨੂੰ ਵੀ ਅੱਪਗ੍ਰੇਡ ਕਰਕੇ 4 ਮਾਰਗੀ ਐਕਸਪ੍ਰੈੱਸ ਰੋਡ ਬਣਾਇਆ ਜਾਵੇਗਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਅਚਾਨਕ ਪੰਜਾਬ ਪ੍ਰਤੀ ਮੋਹ ਕਿੱਦਾਂ ਜਾਗ ਪਿਆ ਅਤੇ ਹੁਣ ਉਹ ਪੰਜਾਬ ਦੀਆਂ ਮੰਗਾਂ ਲਈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਦੌਰਾਨ ਉਨ੍ਹਾਂ ਨੇ ਕਦੇ ਵੀ ਪ੍ਰਧਾਨ ਮੰਤਰੀ ਨੂੰ ਮਿਲਣ ਬਾਰੇ ਕਿਉਂ ਨਹੀਂ ਸੋਚਿਆ? ਉਨ੍ਹਾਂ ਕਿਹਾ ਕਿ ਅਸਲ ਵਿਚ ਕੈਪਟਨ ਇਹ ਸਾਰਾ ਡਰਾਮਾ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਕੇ ਕਰ ਰਿਹਾ ਹੈ ਅਤੇ ਇਹ ਸਿਰਫ ਤੇ ਸਿਰਫ ਚੋਣ ਸਟੰਟ ਹੈ।
ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੋ ਥੈਲੀ ਦੇ ਚੱਟੇ ਬੱਟੇ ਹਨ ਅਤੇ ਇਹ ਦੋਵੇਂ ਪਾਰਟੀਆਂ ਮਿਲ ਕੇ ‘ਫਰੈਂਡਲੀ ਮੈਚ’ ਖੇਡ ਰਹੀਆਂ ਹਨ। ਸ. ਬਾਦਲ ਨੇ ਕਿਹਾ ਕਿ ਇਹ ਗੱਲ ਇੱਥੋਂ ਸਿੱਧ ਹੋ ਜਾਂਦੀ ਹੈ ਕਿ ਕੇਜਰੀਵਾਲ ਆਪਣੀਆਂ ਰੈਲੀਆਂ ਸਿਰਫ ਜਲਾਲਾਬਾਦ ਅਤੇ ਮਜੀਠਾ ਹਲਕੇ ਵਿਚ ਕਰ ਰਿਹਾ ਹੈ ਜਦਕਿ ਕੈਪਟਨ ਦੇ ਹਲਕੇ ਪਟਿਆਲਾ ਵਿਚ ਉਸ ਨੇ ਕੋਈ ਇਕੱਠ ਨਹੀਂ ਕੀਤਾ।
ਇਸ ਮੌਕੇ ਹਲਕਾ ਇੰਚਾਰਜ ਖਰੜ ਅਤੇ ਜਿਲਾ੍ਹ ਪ੍ਰਧਾਨ ਐਸ.ਏ.ਡੀ ਜਥੇਦਾਰ ਉਜਾਗਰ ਸਿੰਘ ਬਡਾਲੀ , ਉਪ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ. ਮਨਜਿੰਦਰ ਸਿੰਘ ਸਿਰਸਾ,  ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ ਔਜਲਾ, ਸਪੈਸ਼ਲ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਅਸ਼ਵਨੀ ਕੁਮਾਰ, ਡਿਪਟੀ ਕਮਿਸ਼ਨਰ ਸ਼੍ਰੀ ਡੀ.ਐਸ. ਮਾਂਗਟ, ਚੇਅਰਪਰਸ਼ਨ ਪੰਜਾਬ ਰਾਜ ਮਹਿਲਾ ਕਮਿਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ, ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ, ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਕੌਮੀ ਬੁਲਾਰਾ ਯੂਥ ਅਕਾਲੀ ਦਲ ਸ. ਸੁਖਇੰਦਰ ਸਿੰਘ ਬੱਬੀ ਬਾਦਲ, ਐਸ.ਜੀ.ਪੀ.ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਜਿਲਾ੍ਹ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਕਾਹਲੋ,  ਜਿਲਾ੍ਹ (ਦਿਹਾਤੀ) ਪ੍ਰਧਾਨ ਅਕਾਲੀ ਦਲ  ਸ. ਸਤਿੰਦਰ ਸਿੰਘ ਗਿੱਲ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਮਨਪੀ੍ਰਤ ਸਿੰਘ ਪਿੰ੍ਰਸ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ (ਸ਼ਹਿਰੀ) ਬੀਬੀ ਕੁਲਦੀਪ ਕੌਰ ਕੰਗ, ਜਥੇਬਦੰਕ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਜਥੇਦਾਰ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸੰਮਤੀ ਖਰੜ ਸ੍ਰ: ਰੇਸ਼ਮ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਸ. ਮੇਜਰ ਸਿੰਘ ਸੰਗਤਪਰਾ, ਕੌਸਲਰ ਸ. ਕਮਲਜੀਤ ਸਿੰਘ ਰੂਬੀ, ਸ.ਸਤਬੀਰ ਸਿੰਘ ਧਨੋਆ, ਸ੍ਰੀ ਸੈਂਬੀ ਆਨੰਦ, ਸ੍ਰੀ ਅਰੂਣ ਸ਼ਰਮਾ, ਆਕਲੀ ਆਗੂ ਸ. ਨਰਿੰਦਰ ਸਿੰਘ ਲਾਂਬਾ, ਸ. ਬਲਵਿੰਦਰ ਸਿੰਘ ਗੋਬਿੰਦਗੜ੍ਹ, ਐਮ.ਵੀ.ਆਈ ਸ. ਰਣਪ੍ਰੀਤ ਸਿੰਘ ਭਿਓਰਾ ਸਮੇਤ ਹੋਰ ਆਕਲੀ ਅਤੇ ਭਾਜਪਾ ਦੇ ਆਗੂ ਵੀ ਮੌਜੂਦ ਸਨ।

LEAVE A REPLY