dar-300x111-300x111ਨੋਟਬੰਦੀ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਸੀ ਕਿ ਕੁਝ ਦਿਨਾਂ ਦੀ ਤਕਲੀਫ ਤੋਂ ਬਾਅਦ ਆਮ ਲੋਕਾਂ ਨੂੰ ਸੁਖ ਦਾ ਅਨੁਭਵ ਹੋਵੇਗਾ ਅਤੇ ਕਾਲਾ ਧਨ ਰੱਖਣ ਵਾਲਿਆਂ ਦੇ ਬੁਰੇ ਦਿਨ ਆ ਜਾਣਗੇ।  ਹੁਣ ਫਿਰ ਉਨ੍ਹਾਂ ਨੇ ਪੂਰੇ ਭਰੋਸੇ ਨਾਲ ਕਿਹਾ ਹੈ ਕਿ 15-20 ਦਿਨਾਂ ਵਿੱਚ ਹਾਲਾਤ ਬਿਲਕੁਲ ਸੁਧਰ ਜਾਣਗੇ। ਲੇਕਿਨ ਜਦੋਂ ਸਵੇਰ ਤੋਂ ਲੈ ਕੇ ਬੈਂਕਾਂ ਅੱਗੇ ਲੋਕਾਂ ਦੀਆਂ ਲਾਈਨਾਂ ਦੇਖੀਆਂ ਜਾਂਦੀਆਂ ਹਨ ਤਾਂ ਇਕ ਤਰ੍ਹਾਂ ਨਾਲ ਅਰਾਜਕਤਾ ਵਰਗਾ ਮਾਹੌਲ ਹੀ ਨਜ਼ਰ ਆਉਂਦਾ ਹੈ ਕਿਉਂਕਿ ਲੋਕਾਂ ਨੂੰ ਪੈਸਾ ਨਹੀਂ ਮਿਲਦਾ ਅਤੇ ਉਹ ਲਾਈਨਾਂ ਵਿੱਚ ਇਕ ਦੂਜੇ ਨਾਲ ਧੱਕਾ ਮੁੱਕੀ ਹੋ ਰਹੇ ਹਨ। ਕਿਧਰੇ ਇਕ ਦੂਜੇ ਨਾਲ ਲੜ ਰਹੇ ਹਨ। ਪਰ ਇਹ ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਬੈਂਕਾਂ ਅੱਗੇ ਲੋਕ ਦਿਨ ਰਾਤ ਖੜ੍ਹੇ ਰਹਿੰਦੇ ਹਨ ਪਰ ਪਤਾ ਨਹੀਂ ਲੱਗਦਾ ਕਿ ਕਦੋਂ ਕੁਝ ਅਮੀਰ ਜਾਂ ਰਸੂਖਦਾਰ ਲੋਕਾਂ ਕੋਲ ਲੱਖਾਂ ਰੁਪਿਆ ਵੀ ਪਹੁੰਚ ਜਾਂਦਾ ਹੈ। ਲੱਖਾਂ ਹੀ ਨਹੀਂ ਹੁਣ ਤਾਂ ਕਰੋੜਾਂ ਰੁਪਏ ਦੇ ਨਵੇਂ ਨੋਟ ਵੱਡੇ ਤੇ ਅਮੀਰ ਲੋਕਾਂ ਕੋਲ ਪੁੱਜ ਵੀ ਰਹੇ ਹਨ। ਆਮ ਲੋਕਾਂ ਨੂੰ ਵਿਆਹ ਕਰਨ ਲਈ ਢਾਈ ਲੱਖ ਰੁਪਿਆ ਨਹੀਂ ਮਿਲ ਰਿਹਾ ਪਰ ਅਮੀਰ ਲੋਕ ਕਰੋੜਾਂ ਰੁਪਿਆਂ ਵਿੱਚ ਵਿਆਹ ਕਰ ਰਹੇ ਹਨ। ਨੋਟਬੰਦੀ ਨੂੰ ਲੈ ਕੇ ਸੰਸਦ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ।  ਸੁਪਰੀਮ ਕੋਰਟ ਸਰਕਾਰ ਕੋਲੋਂ ਜਵਾਬ ਮੰਗ ਰਹੀ ਹੈ ਕਿ ਆਖਿਰ ਕਦੋਂ ਹਾਲਾਤ ਆਮ ਵਰਗੇ ਹੋਣਗੇ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਇਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਮੋਦੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ।
ਉਨ੍ਹਾਂ ਨੇ ‘ਦ ਹਿੰਦੂ’ ਅਖ਼ਬਾਰ ਵਿੱਚ ਲਿਖ ਕੇ ਆਖਿਆ ਕਿ ਮੋਦੀ ਦੀ ਨੋਟਬੰਦੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਆਮ ਲੋਕਾਂ ਨੂੰ ਹੋਰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਮੌਲਿਕ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਇੱਕ ਅਰਬ ਭਾਰਤੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ।  ‘ਵਿਸ਼ਾਲ ਤ੍ਰਾਸਦੀ ਦੀ ਰਚਨਾ’ ਸਿਰਲੇਖ ਹੇਠ ਲਿਖੇ ਲੇਖ ਵਿੱਚ ਡਾ. ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨੋਟਬੰਦੀ ਦੀ ਅਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਨੋਟਬੰਦੀ ਦੇ ਕਾਰਨ ਭਵਿੱਖ ਵਿੱਚ ਜੀ.ਡੀ.ਪੀ. ਤੇ ਨੌਕਰੀਆਂ ਉੱਤੇ ਕਾਫ਼ੀ ਬੁਰਾ ਪ੍ਰਭਾਵ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਨੋਟਬੰਦੀ ਕਾਰਨ ਇਮਾਨਦਾਰ ਹਿੰਦੁਸਤਾਨੀਆਂ ਨੂੰ ਭਾਰੀ ਨੁਕਸਾਨ ਹੋਵੇਗਾ ਜਦੋਂਕਿ ਬੇਈਮਾਨ ਤੇ ਕਾਲਾ ਧੰਨ ਜਮ੍ਹਾਂ ਕਰਨ ਵਾਲੇ ਇਸ ਦੇ ਬਾਵਜੂਦ ਬਚ ਨਿਕਲਣਗੇ।ਉਨ੍ਹਾਂ ਨੇ 24 ਨਵੰਬਰ ਨੂੰ ਸੰਸਦ ਵਿੱਚ ਵੀੇ ਨੋਟਬੰਦੀ ਦੇ ਫ਼ੈਸਲੇ ਨੂੰ ‘ਸੰਗਠਿਤ ਤੇ ਕਾਨੂੰਨੀ ਲੁੱਟ’ ਦਾ ਨਾਮ ਦਿੱਤਾ ਸੀ।  ਡਾਕਟਰ ਸਿੰਘ ਅਨੁਸਾਰ ਬਿਨ ਸੋਚੇ-ਸਮਝੇ ਕੀਤੇ ਗਏ ਫ਼ੈਸਲੇ ਨਾਲ ਪ੍ਰਧਾਨ ਮੰਤਰੀ ਨੇ ਕਰੋੜਾਂ ਭਾਰਤੀਆਂ ਦੀ ਆਸਥਾ ਤੇ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਰਾਤੋ-ਰਾਤ ਲਾਗੂ ਕੀਤੀ ਗਈ ਨੋਟਬੰਦੀ ਕਾਰਨ ਕਰੋੜਾਂ ਭਾਰਤੀਆਂ ਦੀ ਆਸਥਾ ਨੂੰ ਠੇਸ ਪਹੁੰਚੀ ਤੇ ਇਸ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਡਾਕਟਰ ਮਨਮੋਹਨ ਸਿੰਘ ਅਨੁਸਾਰ ਜ਼ਿਆਦਾਤਰ ਭਾਰਤੀਆਂ ਦੀ ਇਮਾਨਦਾਰੀ ਦੀ ਕਮਾਈ ਨੂੰ ਪਹਿਲਾਂ ਰਾਤੋ-ਰਾਤ ਖ਼ਤਮ ਕਰ ਦਿੱਤਾ ਤੇ ਫਿਰ ਉਨ੍ਹਾਂ ਨੂੰ ਕੈਸ਼ ਲਈ ਬੈਂਕਾਂ ਦੀ ਲਾਈਨ ਵਿੱਚ ਖੜ੍ਹਾ ਕਰ ਦਿੱਤਾ।  ਉਨ੍ਹਾਂ ਆਖਿਆ ਸਰਕਾਰ ਵੱਲੋਂ ਦਿੱਤਾ ਗਿਆ ਇਹ ਜ਼ਖਮ ਬਹੁਤ ਡੂੰਘਾ ਹੋ ਚੁੱਕਾ ਹੈ ਜੋ ਛੇਤੀ ਭਰ ਨਹੀਂ ਸਕਦਾ। ਜਿਸ ਦਿਨ ਦੀ ਨੋਟਬੰਦੀ ਹੋਈ ਹੈ ਉਸ ਦਿਨ ਤੋਂ ਜਿਹੜੇ ਨੋਟ ਫੜੇ ਗਏ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। 8 ਦਸੰਬਰ ਨੂੰ ਇਨਕਮ ਟੈਕਸ ਵਿਭਾਗ ਨੇ ਚੇਨਈ ਦੇ ਵੱਖ-ਵੱਖ ਸਥਾਨਾਂ ‘ਤੇ ਛਾਪੇ ਮਾਰ ਕੇ 106 ਕਰੋੜ ਰੁਪਏ ਦੀ ਨਗਦੀ ਅਤੇ 127 ਕਿਲੋਗ੍ਰਾਮ ਸੋਨਾ ਫੜਿਆ ਹੈ। ਇਸ ਵਿਚੋਂ 10 ਕਰੋੜ ਰੁਪਏ ਦੀ ਨਵੀਂ ਨਗਦੀ ਵੀ ਸ਼ਾਮਿਲ ਹੈ।
ਉਤਰ ਗੋਆ ਵਿੱਚ 7 ਸਤੰਬਰ ਨੂੰ ਇਕ ਸਕੂਟਰ ‘ਤੇ ਜਾ ਰਹੇ ਲੋਕਾਂ ਨੂੰ ਪੁਲਿਸ ਨੇ ਸੂਚਨਾ ਮਿਲਣ ‘ਤੇ ਫੜਿਆ। ਉਨ੍ਹਾਂ ਕੋਲੋਂ 70 ਲੱਖ ਰੁਪਏ ਦੀ ਨਗਦੀ ਮਿਲੀ ਅਤੇ ਉਸ ਦਿਨ ਇਨ੍ਹਾਂ ਨੂੰ ਮਿਲਾ ਕੇ ਵੱਖ-ਵੱਖ ਖੇਤਰਾਂ ਤੋਂ ਕੁਲ 1.5 ਕਰੋੜ ਰੁਪਏ ਜਬਤ ਕੀਤੇ ਗਏ।
29 ਨਵੰਬਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਤਿੰਨ ਲੋਕਾਂ ਨੂੰ ਇਕ ਕਾਰ ਵਿੱਚ ਇਕ ਕਰੋੜ ਦੀ ਨਗਦੀ ਦੇ ਨਾਲ ਫੜਿਆ।  ਇਹ ਪੁਰਾਣੇ ਨੋਟਾਂ ਨਾਲ ਨਵੇਂ ਨੋਟਾਂ ਦੀ ਬਦਲੀ ਦੇ ਕੰਮ ਵਿੱਚ ਲੱਗੇ ਹੋਏ ਸਨ। ਨੌਂ ਦਸੰਬਰ ਨੂੰ ਸੂਰਤ ਵਿੱਚ ਹੌਂਡਾ ਕਾਰ ਦੇ ਅੰਦਰ 76 ਲੱਖ ਰੁਪਏ ਦੇ 2000 ਦੇ ਨਵੇਂ ਨੋਟ ਮਿਲੇ। ਮਹਾਰਾਸ਼ਟਰ ਤੋਂ ਗੁਜਰਾਤ ਪਹੁੰਚੀ ਇਹ ਕਾਰ ਨੋਟਾਂ ਨਾਲ ਭਰੀ ਹੋਈ ਸੀ।  ਉਸ ਵਿੱਚ 2000 ਰੁਪਏ ਦੇ ਨਵੇਂ ਨੋਟ ਵੀ ਬਰਾਮਦ ਕੀਤੇ ਗਏ।
ਇਸ ਤੋਂ ਇਲਾਵਾ ਗੁਜਰਾਤ ਵਿੱਚ ਦੋ ਵੱਡੀਆਂ ਘਟਨਾਵਾਂ 23 ਨਵੰਬਰ ਨੂੰ ਗੁਜਰਾਤ ਸੈਟੇਲਾਈਟ ਏਰੀਏ ਵਿੱਚ 10.6 ਲੱਖ ਦੇ ਨਵੇਂ ਨੋਟ ਅਤੇ 20 ਨਵੰਬਰ ਨੂੰ ਸਾਬਰਕਾਂਠਾ ਜ਼ਿਲ੍ਹੇ ਵਿੱਚ 8 ਲੱਖ ਦੀ ਨਵੀਂ ਨਗਦੀ ਫੜੀ ਗਈ। 7 ਦਸੰਬਰ ਨੂੰ ਕਰਨਾਟਕ ਦੇ ਉਡੱਪੀ ਵਿੱਚ ਇਕ ਕਾਰ ‘ਚੋਂ 71 ਲੱਖ ਦੇ ਨਵੇਂ ਨੋਟ ਮਿਲੇ। ਜ਼ਿਆਦਾਤਰ ਨੋਟ 2000 ਦੇ ਨਵੀਂ ਕਰੰਸੀ ਦੇ ਸਨ।
ਨੌਂ ਦਸੰਬਰ ਨੂੰ ਮੁੰਬਈ ਦੇ ਦਾਦਰ ਇਲਾਕੇ ਵਿੱਚ 72 ਲੱਖ ਰੁਪਏ ਮਿਲੇ। ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਵਿੱਚ ਇਕ ਇਨੋਵਾ ਕਾਰ ਵਿਚੋਂ 40 ਲੱਖ ਰੁਪਏ ਦੇ ਨਵੇਂ ਨੋਟ ਫੜੇ ਗਏ।
ਇਸੇ ਪ੍ਰਕਾਰ 8 ਦਸੰਬਰ ਨੂੰ ਗੁੜਗਾਓਂ ਦੇ ਇਸਲਾਮਪੁਰਾ ਵਿੱਚ 2000 ਅਤੇ 100 ਰੁਪਏ ਦੇ ਨੋਟਾਂ ਵਿੱਚ 17 ਲੱਖ ਰੁਪਏ ਫੜੇ ਗਏ। ਇਹ ਠੀਕ ਹੈ ਕਿ ਇਨਕਮ ਟੈਕਸ ਵਲੋਂ ਚੌਕਸੀ ਦੇ ਕਾਰਨ ਲੋਕਾਂ ਕੋਲੋਂ ਨਜਾਇਜ਼ ਢੰਗ ਨਾਲ ਇਕੱਠੇ ਕੀਤੇ ਗਏ ਨਵੇਂ ਜਾਂ ਪੁਰਾਣੇ ਨੋਟ ਫੜੇ ਗਏ ਹਨ। ਜੇਕਰ ਇਸ ਸਾਰੀ ਰਾਸ਼ੀ ਨੂੰ ਜਮ੍ਹਾਂ ਕੀਤਾ ਜਾਵੇ ਤਾਂ ਇਹ ਕੁਝ ਵੀ ਕਾਲਾ ਧਨ ਨਹੀਂ ਹੈ। ਇੰਨ੍ਹਾ ਪੈਸਾ ਤਾਂ ਭਲੇ ਦਿਨਾਂ ਵਿੱਚ ਵੀ ਫੜਿਆ ਜਾਂਦਾ ਸੀ। ਇਹ ਤਾਂ ਛੋਟੀਆਂ-ਛੋਟੀਆਂ ਮੱਛੀਆਂ ਜਾਂ ਠੱਗ ਟਾਈਪ ਲੋਕ ਹਨ। ਵੱਡੀ ਮੱਛੀ ਤਾਂ ਹਾਲੇ ਤੱਕ ਸਰਕਾਰ ਦੇ ਹੱਥ ਹੀ ਨਹੀਂ ਲੱਗ ਜਿਨ੍ਹਾਂ ਦੇ ਹੱਥਾਂ ਵਿੱਚ ਅਰਬਾਂ ਖਰਬਾਂ ਰੁਪਏ ਦਾ ਕਾਲਾ ਧਨ ਪਿਆ ਹੈ। ਇਸ ਸਾਰੀ ਕਵਾਇਦ ਨੂੰ ਸਿਰਫ ਕਰੰਸੀ ਦਾ ਬਦਲਾਓ ਹੀ ਕਿਹਾ ਜਾ ਸਕਦਾ ਹੈ ਜਾਂ ਫਿਰ ਆਮ ਲੋਕਾਂ ਦਾ ਤਕਲੀਫਦੇਹ ਸਫਰ। ਇਕ ਸਮੇਂ ਮਰਹੂਮ ਇੰਦਰਾ ਗਾਂਧੀ ਨੇ ਵੀ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਕੇ ਨਸਬੰਦੀ ਦੀ ਮੁਹਿੰਮ ਚਲਾਈ ਸੀ।  ਉਸ ਸਮੇਂ ਲੋਕਾਂ ਨੇ ਨਸਬੰਦੀ ਦਾ ਸਮਰਥਨ ਵੀ ਕੀਤਾ ਸੀ ਕਿਉਂਕਿ ਹਰ ਕੋਈ ਚਾਹੁੰਦਾ ਸੀ ਕਿ ਦੇਸ਼ ਦੀ ਆਬਾਦੀ ਰੁਕਣੀ ਚਾਹੀਦੀ ਹੈ। ਲੇਕਿਨ ਜਦੋਂ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਤਾਂ ਚੋਣਾਂ ਦੇ ਮੌਕੇ ਉਨ੍ਹਾਂ ਨੇ ਕਾਂਗਰਸ ਦਾ ਸਫਾਇਆ ਹੀ ਕਰ ਦਿੱਤਾ।  ਨੋਟਬੰਦੀ ਨੂੰ ਪਹਿਲਾਂ ਪਹਿਲਾਂ ਸਰਾਹਿਆ ਹੈ ਪਰ ਹੁਣ ਜਦੋਂ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤਣ ਉਤੇ ਲੋਕਾਂ ਦੀਆਂ ਤਕਲੀਫਾਂ ਵਿੱਚ ਕੋਈ ਕਮੀ ਨਹੀਂ ਆਈ ਤਾਂ ਲੋਕਾਂ ਵਿੱਚ ਗੁੱਸਾ ਵਧਦਾ ਹੀ ਜਾ ਰਿਹਾ ਹੈ। ਇਸ ਦਾ ਅਸਰ ਆਉਂਦੀਆਂ ਉਤਰ ਪ੍ਰਦੇਸ਼ ਅਤੇ ਪੰਜਾਬ ਦੀਆਂ ਵਿਧਾਨ ਸਭਾ ਉਤੇ ਵੀ ਪੈ ਸਕਦਾ ਹੈ। ਲੋਕਾਂ ਵਿੱਚ ਭਾਜਪਾ ਪ੍ਰਤੀ ਗੁੱਸਾ ਵਧ ਰਿਹਾ ਹੈ ਤਾਂ ਇਸ ਦਾ ਸੇਕ ਅਕਾਲੀ ਦਲ ਨੂੰ ਵੀ ਲੱਗ ਸਕਦਾ ਹੈ।

LEAVE A REPLY