sports-news-300x150ਦੁਬਈ :ਜੇਤੂ ਘੋੜੇ ‘ਤੇ ਸਵਾਰ ਟੀਮ ਇੰਡੀਆ ਦੇ ਟੈਸਟ ਕ੍ਰਿਕਟ ਦਾ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ 235 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਵੱਲੋਂ ਜਾਰੀ ਬੱਲੇਬਾਜ਼ਾਂ ਦੀ ਤਾਜ਼ਾ ਵਿਸ਼ਵ ਟੈਸਟ ਕ੍ਰਿਕਟ ਰੈਂਕਿੰਗ ਵਿੱਚ ਲੰਮੀ ਛਾਲ ਮਾਰ ਕੇ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ, ਜਦਕਿ ਦੁਨੀਆਂ ਦਾ ਨੰਬਰ ਇੱਕ ਗੇਂਦਬਾਜ਼ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ 904 ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਰਕਰਾਰ ਹੈ।
ਆਪਣੀ ਕਪਤਾਨੀ ਵਿੱਚ ਭਾਰਤ ਨੂੰ ਲਗਾਤਾਰ ਟੈਸਟ ਮੈਚਾਂ ਦੀਆਂ ਪੰਜ ਸੀਰੀਜ਼ਾਂ ਜਿਤਾਉਣ ਵਾਲੇ ਵਿਰਾਟ ਕੋਹਲੀ ਨੂੰ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ 53 ਅੰਕਾਂ ਦਾ ਜ਼ਬਰਦਸਤ ਫ਼ਾਇਦਾ ਹੋਇਆ ਹੈ ਅਤੇ ਉਹ ਇੰਗਲੈਂਡ ਦੇ ਜੋਅ ਰੂਟ ਨੂੰ ਪਿੱਛੇ ਛਡਦਿਆਂ 886 ਅੰਕਾਂ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਟੀ-20 ਵਿੱਚ ਨੰਬਰ ਇੱਕ ਵਿਰਾਟ ਹੁਣ ਪਹਿਲੇ ਸਥਾਨ ‘ਤੇ ਕਾਇਮ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿਥ ਤੋਂ ਸਿਰਫ਼ 11 ਅੰਕ ਪਿੱਛੇ ਹੈ। ਸਮਿਥ ਦੇ 897 ਅੰਕ ਹਨ। ਕੋਹਲੀ ਇੱਕਰੋਜ਼ਾ ਕ੍ਰਿਕਟ ਰੈਂਕਿੰਗ ਵਿੱਚ ਦੂਜੇ ਸਥਾਨ ‘ਤੇ ਹੈ।
ਟੈਸਟ ਰੈਂਕਿੰਗ ਵਿੱਚ ਚੇਤੇਸ਼ਵਰ ਪੁਜਾਰਾ ਨੂੰ ਚਾਰ ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ ਅੱਠਵੇਂ ਸਥਾਨ ‘ਤੇ ਹੈ। ਮੁੰਬਈ ਟੈਸਟ ਨਾ ਖੇਡਣ ਕਾਰਨ ਅਜਿੰਕਿਆ ਰਹਾਣੇ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ ਹੁਣ 13ਵੇਂ ਸਥਾਨ ‘ਤੇ ਹੈ। ਜੋਅ ਰੂਟ ਹੁਣ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਚੌਥੇ, ਦੱਖਣੀ ਅਫ਼ਰੀਕਾ ਦਾ ਹਾਸ਼ਿਮ ਅਮਲਾ ਪੰਜਵੇਂ, ਏਬੀ ਡਿਵੀਲੀਅਰਜ਼ ਛੇਵੇਂ, ਡੇਵਿਡ ਵਾਰਨਰ ਸੱਤਵੇਂ, ਯੂਨਿਸ ਖ਼ਾਨ ਨੌਵੇਂ ਅਤੇ ਇੰਗਲੈਂਡ ਦਾ ਜੋਹਨੀ ਬੇਅਰਸਟੋਅ ਇੱਕ ਸਥਾਨ ਦੇ ਨੁਕਸਾਨ ਨਾਲ 10ਵੇਂ ਸਥਾਨ ‘ਤੇ ਹੈ। ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਨੇ ਮੁੰਬਈ ਟੈਸਟ ਵਿੱਚ ਸੈਂਕੜਾ ਜੜਿਆ ਅਤੇ ਉਹ ਪੰਜ ਸਥਾਨ ਦੇ ਫ਼ਾਇਦੇ ਨਾਲ ਹੁਣ 24ਵੇਂ ਸਥਾਨ ‘ਤੇ ਹੈ।
ਤਾਜ਼ਾ ਰੈਂਕਿੰਗ ਵਿੱਚ ਸਭ ਤੋਂ ਵਧ ਫ਼ਾਇਦਾ ਹਾਲ ਹੀ ਵਿੱਚ ਟੈਸਟ ਕ੍ਰਿਕਟ ਦੀ ਸ਼ੁਰੂਆਤ ਕਰਨ ਵਾਲੇ ਭਾਰਤੀ ਆਲਰਾਉਂਡਰ ਜੈਅੰਤ ਯਾਦਵ ਨੂੰ ਹੋਇਆ ਹੈ ਅਤੇ ਉਹ ਮੁੰਬਈ ਵਿੱਚ ਬਣਾਏ ਗਏ ਸੈਂਕੜੇ ਦੀ ਬਦੌਲਤ 31 ਸਥਾਨਾਂ ਦੀ ਛਾਲ ਮਾਰ ਕੇ 56ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਰਵੀਚੰਦਰਨ ਅਸ਼ਵਿਨ ਦੋ ਥਾਵਾਂ ਦੇ ਨੁਕਸਾਨ ਨਾਲ 41ਵੇਂ ਅਤੇ ਰਵਿੰਦਰ ਜਡੇਜਾ ਤਿੰਨ ਸਥਾਨ ਦੇ ਨੁਕਸਾਨ ਨਾਲ ਹੁਣ 66ਵੇਂ ਸਥਾਨ ‘ਤੇ ਹੈ।
ਗੇਂਦਬਾਜ਼ਾਂ ਦੀ ਸੂਚੀ ਵਿੱਚ ਦੁਨੀਆਂ ਦਾ ਨੰਬਰ ਇੱਕ ਗੇਂਦਬਾਜ਼ ਅਤੇ ਮੁੰਬਈ ਟੈਸਟ ਮੈਚ ਵਿੱਚ 12 ਵਿਕਟਾਂ ਲੈਣ ਵਾਲੇ ਸਟਾਰ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਕਰੀਅਰ ਦੀ ਸਰਵੋਤਮ ਰੇਟਿੰਗ ਹਾਸਲ ਕਰਕੇ 904 ਅੰਕਾਂ ‘ਤੇ ਪਹੁੰਚ ਗਿਆ ਹੈ। ਅਸ਼ਵਿਨ ਦੂਜੇ ਸਥਾਨ ‘ਤੇ ਕਾਇਮ ਸ੍ਰੀਲੰਕਾ ਦੇ ਰੰਗਣਾ ਹੇਰਾਤ ਤੋਂ 37 ਅੰਕ ਅੱਗੇ ਹੈ। ਅਸ਼ਵਿਨ ਇੰਗਲੈਂਡ ਖ਼ਿਲਾਫ਼ ਜਾਰੀ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਹੁਣ ਤੱਕ 27 ਵਿਕਟਾਂ ਲੈ ਚੁੱਕਾ ਹੈ।
ਅਸ਼ਵਿਨ ਤੋਂ ਬਿਨਾਂ ਰਵਿੰਦਰ ਜਡੇਜਾ ਵੀ ਅਜਿਹਾ ਗੇਂਦਬਾਜ਼ ਹੈ ਜੋ ਸਿਖਰਲੇ 10 ਵਿੱਚ ਸ਼ੁਮਾਰ ਹੈ। ਜਡੇਜਾ ਇੱਕ ਸਥਾਨ ਦੀ ਛਾਲ ਮਾਰ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਡੇਲ ਸਟੇਨ ਤੀਜੇ, ਜੇਮਸ ਐਂਡਰਸਨ ਚੌਥੇ ਅਤੇ ਜੋਸ਼ ਹੇਜ਼ਲਵੁੱਡ ਪੰਜਵੇਂ ਸਥਾਨ ‘ਤੇ ਕਾਇਮ ਹੈ। ਇੰਗਲੈਂਡ ਦਾ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਸੱਤਵੇਂ, ਮਿਸ਼ੈਲ ਸਟਾਰਕ ਅੱਠਵੇਂ, ਯਾਸਿਰ ਸ਼ਾਹ ਨੌਵੇਂ     ਤੇ ਨੀਲ ਵੈਗਨਰ 10ਵੇਂ ਸਥਾਨ ‘ਤੇ ਹੈ।

LEAVE A REPLY