1ਚੰਡੀਗਡ਼੍ਹ -ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਅੱਜ ਕਿਹਾ ਹੈ ਕਿ ਅਕਾਲੀ-ਭਾਜਪਾ ਮੰਤਰੀਆਂ ਵੱਲੋਂ ਨਾ ਸਿਰਫ ਹੋਰਨਾਂ ਵਪਾਰਾਂ ਵਿੱਚ ਮਾਫੀਆ ਰਾਜ ਚਲਾਇਆ ਜਾ ਰਿਹਾ ਹੈ, ਬਲਕਿ ਆਪਣੇ ਦਫਤਰਾਂ ਦੇ ਇਸਤੇਮਾਲ ਵਾਲੇ ਵਾਹਨਾਂ ਦੇ ਤੇਲ ਵਿੱਚ ਘੋਟਾਲਾ ਕਰਕੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਧਨ ਦੀ ਵੱਡੇ ਪੱਧਰ ਉਤੇ ਲੁੱਟ ਕੀਤੀ ਜਾ ਰਹੀ ਹੈ।
ਘੋਟਾਲੇ ਦੇ ਅੰਦਾਜਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੰਗਲਾਤ ਮੰਤਰੀ ਚੁੰਨੀ ਲਾਲ ਭਗਤ ਚੰਡੀਗਡ਼੍ਹ ਤੋਂ ਮੋਹਾਲੀ ਗਏ ਅਤੇ 5 ਅਪ੍ਰੈਲ 2015 ਨੂੰ ਵਾਪਿਸ ਆਉਣ ਉਤੇ ਲਾਗਬੁੱਕ ਵਿੱਚ ਤੈਅ ਕੀਤਾ ਫਾਸਲਾ 350 ਕਿੱਲੋਮੀਟਰ ਦਰਜ ਕੀਤਾ ਗਿਆ। ਵਡ਼ੈਚ ਨੇ ਅੱਗੇ ਕਿਹਾ ਕਿ ਜਲੰਧਰ ਤੋਂ ਕਪੂਰਥਲਾ ਦਾ ਸਫਰ ਕਰਨ ਮਗਰੋਂ 7 ਅਪ੍ਰੈਲ 2015 ਨੂੰ ਲਾਗਬੁੱਕ ਵਿੱਚ ਫਾਸਲਾ 330 ਕਿੱਲੋਮੀਟਰ ਲਿਖਿਆ ਗਿਆ (ਜੋ ਕਿ ਅਸਲ ਵਿੱਚ 42 ਕਿੱਲੋਮੀਟਰ ਹੈ)।
ਇਸੇ ਤਰਾਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਜੋ ਕਿ ਪੰਜਾਬ ਵਿੱਚ ਡਰੱਗ ਸਰਗਨਾ ਦੇ ਕਰੀਬੀ ਵਜੋਂ ਜਾਣੇ ਜਾਂਦੇ ਹਨ, ਉਹ ਵੀ ਇਸ ਤੋਂ ਵਾਂਝੇ ਨਹੀਂ ਹਨ। ਇੱਕ ਅਪ੍ਰੈਲ 2015 ਨੂੰ ਮੋਹਾਲੀ ਤੋਂ ਜੀਰਕਪੁਰ ਅਤੇ ਫਿਰ ਚੰਡੀਗਡ਼੍ਹ ਤੱਕ ਉਨਾਂ ਦੀ ਕਾਰ ਦਾ ਸਫਰ ਲਾਗਬੁੱਕ ਅਨੁਸਾਰ 160 ਕਿੱਲੋਮੀਟਰ ਹੈ। ਵਡ਼ੈਚ ਨੇ ਕਿਹਾ ਕਿ ਇਹ ਤੱਥ ਉਦੋਂ ਸਾਹਮਣੇ ਆਏ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਚੱਡਾ ਨੇ ਆਰਟੀਆਈ ਐਕਟ ਤਹਿਤ ਜਾਣਕਾਰੀ ਹਾਸਿਲ ਕੀਤੀ।
ਘੋਟਾਲੇ ਸਬੰਧੀ ਹੋਰ ਪਰਦਾਫਾਸ਼ ਕਰਦੇ ਹੋਏ ਆਰਟੀਆਈ ਐਕਟ ਤਹਿਤ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਵਡ਼ੈਚ ਨੇ ਖੁਲਾਸਾ ਕੀਤਾ ਕਿ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਨੇ 5 ਮਈ 2015 ਨੂੰ ਚੰਡੀਗਡ਼੍ਹ ਤੋਂ ਮੋਹਾਲੀ ਗਏ ਅਤੇ ਵਾਪਿਸ ਆਉਣ ਉਤੇ ਲਾਗਬੁੱਕ ਵਿੱਚ ਤੈਅ ਕੀਤਾ ਫਾਸਲਾ 210 ਕਿੱਲੋਮੀਟਰ ਲਿਖਿਆ ਗਿਆ। ਦੋ ਦਿਨ ਬਾਅਦ ਉਨਾਂ ਨੇ ਲੁਧਿਆਣਾ ਤੋਂ ਸਾਹਨੇਵਾਲ ਤੱਕ ਦਾ ਸਫਰ ਕੀਤਾ ਅਤੇ ਵਾਪਿਸ ਗਏ।  ਇਸ ਵਾਰ ਫਿਰ ਲਾਗਬੁੱਕ ਵਿੱਚ 210 ਕਿੱਲੋਮੀਟਰ ਦਾ ਸਫਰ ਦਰਸਾਇਆ ਗਿਆ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਨੇ ਕਿਹਾ ਕਿ ਜਦੋਂ ਕੌਂਪਟ੍ਰੌਲਰ ਅਤੇ ਆਡਿਟਰ ਜਨਰਲ ਨੇ ਘੋਟਾਲੇ ਬਾਰੇ ਨੋਟਿਸ ਲੈਂਦਿਆਂ ਟ੍ਰਾਂਸਪੋਰਟ ਵਿਭਾਗ ਤੋਂ ਰਿਕਾਰਡ ਪ੍ਰਾਪਤ ਕਰਨਾ ਚਾਹਿਆ ਤਾਂ ਅਧਿਕਾਰੀਆਂ ਨੇ ਮੰਤਰੀਆਂ ਦੀ ਦਫਤਰੀ ਲਾਗਬੁੱਕ ਦੇਣ ਤੋਂ ਮਨਾ ਕਰ ਦਿੱਤਾ।

LEAVE A REPLY