3ਨਵੀਂ ਦਿੱਲੀ/ਚੰਡੀਗੜ੍ਹ :  ਸਿਰਫ ਹਕੂਮਤ ਹੀ ਭ੍ਰਿਸ਼ਟਾਚਾਰੀ ਨਹੀਂ ਬਣਾਉਂਦੀ, ਸਗੋਂ ਹਾਕਮ ਬਣਨ ਦਾ ਅਹਿਸਾਸ ਵੀ ਇਸ ਰਾਹ ਤੋਰ ਸਕਦਾ ਹੈ। ਇਹ ਹਾਲਤ ਇਸ ਸਮੇਂ ਦਿੱਲੀ ਸਥਿਤ ਪੰਜਾਬ ਭਵਨ ‘ਚ ਦੇਖੀ ਜਾ ਸਕਦੀ ਹੈ, ਜਿਥੇ ਘੱਟੋ-ਘੱਟ 16 ਕਾਂਗਰਸੀ ਵਿਧਾਇਕ, ਸਾਬਕਾ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਟਿਕਟਾਂ ਲਈ ਲਾਬਿੰਗ ਕਰਨ ਵਾਸਤੇ ਕਮਰਿਆਂ ‘ਤੇ ਕਬਜ਼ਾ ਕਰੀ ਬੈਠੇ ਹਨ। ਸੂਬੇ ਦੇ ਮੌਜੂਦਾ ਹਾਕਮਾਂ ਵਲੋਂ ਕਮਰੇ ਖਾਲੀ ਕਰਵਾਉਣ ਲਈ ਵਾਹ ਲਾਏ ਜਾਣ ਦੇ ਬਾਵਜੂਦ ਉਹ ਹਾਰ ਮੰਨਣ ਲਈ ਤਿਆਰ ਨਹੀਂ ਹਨ।
ਕਾਂਗਰਸੀਆਂ ਅਤੇ ਅਕਾਲੀਆਂ ਦੀ ਇਸ ਖਿੱਚ-ਧੂਹ ਦੌਰਾਨ ਇਕ ਸੀਨੀਅਰ ਆਈ. ਏ. ਐਸ. ਅਫਸਰ ਨੂੰ ਬਲੀ ਦਾ ਬੱਕਰਾ ਬਣਨਾ ਪਿਆ। ਕਾਂਗਰਸੀਆਂ ਵਲੋਂ ਕਮਰੇ ਛੱਡਣ ਤੋਂ ਜਵਾਬ ਦੇਣ ਕਾਰਨ ਇਕ ਮੀਡੀਆ ਸਲਾਹਕਾਰ, ਇਕ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਉਪ ਮੁੱਖ ਮੰਤਰੀ ਨਾਲ ਓ. ਐੱਸ. ਡੀ. ਵਜੋਂ ਤਾਇਨਾਤ ਇਕ ਅਧਿਕਾਰੀ ਦੇ ਨਜ਼ਦੀਕੀਆਂ ਨੂੰ ਕਮਰੇ ਨਹੀਂ ਮਿਲੇ ਤਾਂ ਇਸ ਤਿੱਕੜੀ ਨੇ ਸ੍ਰੀ ਬਾਦਲ ਨੂੰ ਸ਼ਿਕਾਇਤ ਕੀਤੀ। ਇਸ ਦਾ ਖਮਿਆਜ਼ਾ ਦਿੱਲੀ ‘ਚ ਪੰਜਾਬ ਦੇ ਰੈਜ਼ੀਡੈਂਟ ਕਮਿਸ਼ਨਰ ਕੇ. ਸ਼ਿਵਾ ਪ੍ਰਸਾਦ ਨੂੰ ਭੁਗਤਣਾ ਪਿਆ, ਜਿਨ੍ਹਾਂ ਦਾ ਕਮਰੇ ਮੁਹੱਈਆ ਕਰਾਉਣ ‘ਚ ਨਾਕਾਮੀ ਕਾਰਨ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਨੂੰ ਦਿੱਲੀ ਤੋਂ ਬਦਲ ਕੇ ਪੰਜਾਬ ‘ਚ ਸ਼ੂਗਰਫੈੱਡ ਦਾ ਐਮ. ਡੀ. ਲਾਇਆ ਗਿਆ ਹੈ, ਹਾਲਾਂਕਿ ਉਹ ਇਸ ਨੂੰ ਰੁਟੀਨ ਤਬਾਦਲਾ ਦੱਸ ਰਹੇ ਹਨ। ਜਾਣਕਾਰੀ ਮੁਤਾਬਕ ਤਿੱਕੜੀ ਨੇ ਸਰਕਾਰ ‘ਤੇ ਜ਼ੋਰ ਪਾਇਆ ਕਿ ਪੰਜਾਬ ‘ਚ ਸੱਤਾ ਤਬਾਦਲੇ ਦੇ ਆਸਾਰ ਦਿਖਾਈ ਦੇਣ ਕਾਰਨ ਅਫਸਰਾਂ ਨੇ ਆਪਣੀਆਂ ਵਫਾਦਾਰੀਆਂ ਬਦਲ ਲਈਆਂ ਹਨ।ਉਥੇ ਹੀ ਦੂਜੇ ਪਾਸੇ ਪ੍ਰਾਹੁਣਾਚਾਰੀ ਵਿਭਾਗ ਨੇ ਕਾਂਗਰਸੀਆਂ ਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੂੰ ਕਮਰੇ ਖਾਲੀ ਕਰਨ ਜਾਂ ਰੋਜ਼ਾਨਾ 3000 ਰੁਪਏ ਪੀਨਲ ਕਿਰਾਇਆ ਦੇਣ ਲਈ ਕਿਹਾ ਗਿਆ ਹੈ। ਵਿਭਾਗ ਨੇ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ। ਸ੍ਰੀ ਪ੍ਰਸਾਦ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ।

LEAVE A REPLY