2ਫਗਵਾੜਾ,  – ਨੋਟਬੰਦੀ ਦੇ 35ਵੇਂ ਦਿਨ ਅੱਜ ਇਲਾਕੇ ‘ਚ ਪੈ ਰਹੀ ਕੜਾਕੇ ਦੀ ਠੰਡ ਅਤੇ ਛਾਏ ਕੋਹਰੇ ਦੇ ਦਰਮਿਆਨ ਵੱਡੀ ਗਿਣਤੀ ‘ਚ ਲੋਕ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ‘ਚ ਲੱਗੇ ਰਹੇ। ਆਲਮ ਇਹ ਰਿਹਾ ਕਿ ਅਨੇਕਾਂ ਲੋਕਾਂ ਦੀ ਠੰਡ ਦੇ ਕਾਰਨ ਸਿਹਤ ਬਿਗੜ ਗਈ ਅਤੇ ਕਈ ਲੋਕਾਂ ਨੂੰ ਘੰਟਿਆਂ-ਬੱਧੀ ਲਾਈਨ ‘ਚ ਖੜ੍ਹੇ ਹੋਣ ਦੇ ਕਾਰਣ ਚੱਕਰ ਆਉਣ ਲੱਗੇ। ਕੁਝ ਲੋਕ ਜੋ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਹੋਰ ਰੋਗਾਂ ਨਾਲ ਗ੍ਰਸਤ ਸਨ, ਨੇ ਕਿਹਾ ਕਿ ਹੁਣ ਉਨ੍ਹਾਂ ਤੋਂ ਬੈਂਕਾਂ ਦੇ ਬਾਹਰ ਖੜ੍ਹੇ ਨਹੀਂ ਹੋ ਪਾ ਰਿਹਾ ਹੈ।
ਕਪੂਰਥਲਾ, (ਮਲਹੋਤਰਾ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਲੋਕਾਂ ਨੂੰ ਆਪਣੇ ਘਰ ਦੇ ਖਰਚੇ ਚਲਾਉਣ ਲਈ ਸੰਘਣੀ ਧੁੰਦ ਹੋਣ ਦੇ ਬਾਵਜੂਦ ਵੀ ਲਗਾਤਾਰ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬੈਂਕਾਂ ਤੇ ਏ. ਟੀ. ਐੱਮ. ਦੀਆਂ ਲਾਈਨਾਂ ‘ਚ ਲੱਗਣ ਦਾ ਸਿਲਸਿਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਰਿਹਾ। ਤਿੰਨ ਦਿਨ ਲਈ ਬੈਂਕ ਬੰਦ ਹੋਣ ਤੋਂ ਬਾਅਦ ਅੱਜ ਬੈਂਕ ਖੁੱਲ੍ਹਣ ‘ਤੇ ਲੋਕ ਸਵੇਰੇ ਹੀ ਬੈਂਕਾਂ ਦੀਆਂ ਲਾਈਨਾਂ ‘ਚ ਖੜ੍ਹੇ ਹੋਣੇ ਸ਼ੁਰੂ ਹੋ ਗਏ।
‘ਜਗ ਬਾਣੀ’ ਦੀ ਟੀਮ ਵਲੋਂ ਜਦੋਂ ਵੱਖ-ਵੱਖ ਬੈਂਕਾਂ ਤੇ ਏ. ਟੀ. ਐੱਮ. ਦੀਆਂ ਮਸ਼ੀਨਾਂ ਦਾ ਦੌਰਾ ਕੀਤਾ ਗਿਆ ਤਾਂ ਉਥੇ ਦੇਖਿਆ ਗਿਆ ਕਿ ਸੰਘਣੀ ਧੁੰਦ ਹੋਣ ਦੇ ਬਾਵਜੂਦ ਵੀ ਆਪਣਾ ਘਰ ਦਾ ਖਰਚਾ ਚਲਾਉਣ ਲਈ 20/25 ਕਿਲੋਮੀਟਰ ਦੂਰ ਤੋਂ ਲੋਕ ਸਾਈਕਲਾਂ ਤੇ ਸਕੂਟਰਾਂ, ਮੋਟਰਸਾਈਕਲਾਂ ‘ਤੇ ਪੈਸੇ ਲੈਣ ਲਈ ਪੁੱਜੇ ਹੋਏ ਸੀ। ਪਿੰਡ ਡਡਵਿੰਡੀ ਨਿਵਾਸੀ ਬਲਕਾਰ ਸਿੰਘ ਨੇ ਦੱਸਿਆ ਉਸਨੂੰ ਆਪਣੀ ਵੇਚੀ ਗਈ ਫਸਲ ਦੇ ਬਦਲੇ ਜਿਹੜਾ ਚੈੱਕ ਮਿਲਿਆ ਸੀ, ਉਸਦੇ ਪੈਸੇ ਲੈਣ ਲਈ ਲਗਾਤਾਰ ਇਕ ਹਫਤੇ ਤੋਂ ਬੈਂਕ ਦੇ ਚੱਕਰ ਲਗਾ ਰਿਹਾ ਹੈ।
ਇਸੇ ਤਰ੍ਹਾਂ ਬੈਂਕ ਦੇ ਬਾਹਰ ਖੜ੍ਹੇ ਚੰਦਰ ਮੋਹਨ, ਸੁਖਵੰਤ ਸਿੰਘ, ਕੈਲਾਸ਼, ਮੋਤੀ ਲਾਲ, ਮੁਖਤਿਆਰ ਸਿੰਘ, ਆਸ਼ਾ ਰਾਣੀ, ਸੁਨੀਤਾ, ਉਰਮਿਲਾ ਰਾਣੀ, ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵੱਲੋਂ ਜਮ੍ਹਾ ਕਰਵਾਏ ਪੈਸਿਆਂ ਲਈ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕੜਕ ਦੀ ਸਰਦੀ ਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰਾਂ ਨੂੰ ਚਲਾਉਣ ਲਈ ਸਾਰਾ ਦਿਨ ਬਿਨਾਂ ਕੁਝ ਖਾਧੇ ਪੀਤੇ ਲਾਈਨਾਂ ‘ਚ ਲੱਗਣਾ ਪੈ ਰਿਹਾ ਹੈ। ਸਾਨੂੰ ਇਹ ਨਹੀਂ ਪਤਾ ਕਿ ਸਾਡੀ ਵਾਰੀ ਆਉਣ ‘ਤੇ ਪੈਸੇ ਮਿਲਣਗੇ ਵੀ ਕਿ ਨਹੀਂ।
ਇਕ ਪਾਸੇ ਲੋਕਾਂ ਨੂੰ ਨੋਟਬੰਦੀ ਦੀ ਮਾਰ, ਦੂਜੇ ਪਾਸੇ ਗਹਿਰੀ ਧੁੰਦ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾ ਰਹੀ ਹੈ। ਅੰਮ੍ਰਿਤ ਬਾਜ਼ਾਰ ਨਿਵਾਸੀ ਮੁਨੀਸ਼ ਮਹਾਜਨ ਨੇ ਦੱਸਿਆ ਕਿ ਧੁੰਦ ਕਾਰਨ ਪਿੰਡਾਂ ਦੇ ਲੋਕ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਹੀ ਬੈਂਕਾਂ ਤੇ ਏ. ਟੀ. ਐੱਮ. ਅੱਗੇ ਲੱਗੇ ਰਹਿੰਦੇ ਹਨ। ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦਿਨਾਂ ‘ਚ ਹੋਣ ਵਾਲਾ ਕਾਰੋਬਾਰ 25 ਫੀਸਦੀ ਵੀ ਨਹੀਂ ਰਿਹਾ। ਜਿਸ ਨਾਲ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਤੇ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ।
ਸੁਲਤਾਨਪੁਰ, (ਜੋਸ਼ੀ)—ਮੋਦੀ ਸਰਕਾਰ ਵੱਲੋਂ ਨੋਟਬੰਦੀ ਕਰਨ ਦਾ ਅੱਜ ਇਕ ਮਹੀਨੇ ਤੋਂ ਉਪਰ ਸਮਾਂ ਹੋਇਆ ਹੈ ਪਰ ਪਵਿੱਤਰ ਨਗਰੀ ‘ਚ ਦਿਨ-ਬ-ਦਿਨ ਨੋਟਾਂ ਦੀ ਘਾਟ ਕਾਰਨ ਹਾਲਾਤ ਬਿਗੜਦੇ ਜਾ ਰਹੇ ਹਨ, ਜਿਸ ਕਾਰਨ ਹਰ ਵਰਗ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਜਥੇਦਾਰ ਹਰਬੰਸ ਸਿੰਘ ਕਬੀਰਪੁਰ ਨੇ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਹ ਅੱਜ ਸਟੇਟ ਬੈਂਕ ਆਫ ਪਟਿਆਲਾ ਤੋਂ ਆਪਣੇ ਪੈਸੇ ਕੱਢਵਾਉਣ ਆਏ ਸਨ। ਉਨ੍ਹਾਂ ਦੱਸਿਆ ਕਿ ਇਸ ਬੈਂਕ ਨੇ ਨੋਟਬੰਦੀ ਹੋਣ ਤੋਂ ਬਾਅਦ ਹਰ ਵਿਅਕਤੀ ਨੂੰ ਉਨ੍ਹਾਂ ਦੇ ਖਾਤਿਆਂ ‘ਚ 24-24 ਹਜ਼ਾਰ, ਫਿਰ 10-10 ਹਜ਼ਾਰ ਤੇ ਹੁਣ 5-5 ਹਜ਼ਾਰ ਰੁਪਏੇ ਦੇਣ ਦੀ ਪ੍ਰਕਿਆ ਚਾਲੂ ਰੱਖੀ ਹੋਈ ਹੈ ਤੇ ਲੋਕ ਸਵੇਰੇ 7 ਵਜੇ ਤੋਂ ਹੀ ਪਿੰਡ ‘ਚੋਂ ਆ ਕੇ ਅੱਤ ਦੀ ਧੁੰਦ ‘ਚ ਇਥੇ ਲਾਈਨਾਂ ‘ਚ ਖੜ੍ਹੇ ਹਨ ਤੇ ਇੰਤਰਾਜ਼ ਕਰ ਰਹੇ ਹਨ ਕਿ ਕੱਦ ਉਹ ਬਾਹਰੋਂ ਅੰਦਰ ਜਾਣਗੇ ਤੇ ਕੇਵਲ 5 ਹਜ਼ਾਰ ਰੁਪਏ ਪ੍ਰਾਪਤ ਕਰਨਗੇ।
ਇਸ ਮੌਕੇ ਬਲਦੇਵ ਸਿੰਘ ਦੀਪੇਵਾਲ, ਜੋ ਬਹੁਤ ਹੀ ਨਿਰਾਸ਼ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨਾ ਚਿਰ ਨਵੇਂ ਨੋਟਾਂ ਦੀ ਸਪਲਾਈ ਬੈਂਕਾਂ ‘ਚ ਪੂਰੀ ਨਹੀਂ ਆÀੁਂਦੀ ਓਨਾ ਚਿਰ ਪੁਰਾਣੇ ਨੋਟ ਚੱਲਦੇ ਰਹਿਣੇ ਚਾਹੀਦੇ ਹਨ। ਬੈਂਕ ‘ਚ ਲੋੜੀਂਦੇ ਦੁਕਾਨ ਦੀ ਸਾਮਾਨ ਖਰੀਦਣ ਲਈ ਪੈਸੇ ਲੈਣ ਆਏ ਰਮੇਸ਼ ਚੰਦਰ ਹਲਵਾਈ ਨੇ ਦੱਸਿਆ ਕਿ ਦੋਧੀਆਂ ਅਤੇ ਕਰਿਆਨੇ ਵਾਲਿਆਂ ਨੂੰ ਉਹ ਲਿਆਂਦੇ ਸਾਮਾਨ ਦੇ ਪੈਸੇ ਦੇਣ ‘ਚ ਅਸਮਰਥ ਹਨ, ਕਿਉਂਕਿ ਸਾਮਾਨ ਹੀ ਨਹੀਂ ਵਿਕ ਰਿਹਾ। ਇਸ ਲਈ ਉਨ੍ਹਾਂ ਹਰ ਮਠਿਆਈ ਦੇ ਭਾਅ 20 ਫੀਸਦੀ ਘਟਾ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੱਸਿਆ ਦਾ ਹੱਲ ਕੱਢਣ ਲਈ ਹਰ ਏ. ਟੀ. ਐੱਮ. ‘ਤੇ ਪੈਸੇ ਪਾਏ ਜਾਣ ਤਾਂ ਜੋ ਲੋਕ ਆਪਣਾ ਨਿੱਤ ਦਾ ਜੀਵਨ ਬਿਨਾਂ ਪ੍ਰੇਸ਼ਾਨੀ ਬਿਤਾ ਸਕਣ।

LEAVE A REPLY