1ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ ਮੁੱਦੇ ਉਪਰ ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਬਹੁਤ ਦੇਰੀ ਨਾਲ ਦਿੱਤੀ ਗਈ ਪ੍ਰਤੀਕ੍ਰਿਆ ਨੂੰ ਖਾਰਿਜ਼ ਕਰਦਿਆਂ, ਇਸਨੂੰ ਸਾਫ ਤੌਰ ‘ਤੇ ਉਨ੍ਹਾਂ ਦੀ ਪਾਰਟੀ ‘ਚ ਭਾਰੀ ਵਿਦ੍ਰੋਹ ਕਾਰਨ ਮੌਜ਼ੂਦਾ ਸੰਕਟ ਤੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਸੋਮਵਾਰ ਨੂੰ ਇਥੇ ਜ਼ਾਰੀ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕੇਜਰੀਵਾਲ ਵੱਲੋਂ ਐਸ.ਵਾਈ.ਐਲ ਮੁੱਦੇ ਉਪਰ ਲੰਬੇ ਵਕਤ ਤੱਕ ਉਨ੍ਹਾਂ ਦੀ ਚੁੱਪੀ ਕਾਰਨ ਖੋਹੇ ਅਧਾਰ ਨੂੰ ਮੁਡ਼ ਹਾਸਿਲ ਕਰਨ ਵਾਸਤੇ ਦੇਰੀ ਨਾਲ ਕੀਤੀ ਕੋਸ਼ਿਸ਼ ਨੂੰ ਨਿਰਾਧਾਰ ਤੇ ਵਿਅਰਥ ਕਰਾਰ ਦਿੰਦਿਆਂ, ਹਾਸਾ ਉਡਾਇਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਵੱਡੇ ਪੱਧਰ ‘ਤੇ ਆਗੂਆਂ, ਵਰਕਰਾਂ ਤੇ ਵਲੰਟੀਅਰਾਂ ਵੱਲੋਂ ਪਾਰਟੀ ਨੂੰ ਛੱਡਣ ਨਾਲ, ਹੁਣ ਕੇਜਰੀਵਾਲ ਦੀ ਪਾਰਟੀ ਪੂਰੀ ਤਰ੍ਹਾ ਅਵਿਵਸਥਾ ਨਾਲ ਘਿਰ ਚੁੱਕੀ ਹੈ, ਜਿਹਡ਼ੇ ਹੁਣ ਪੰਜਾਬ ਦੀ ਲਡ਼ਾਈ ‘ਚ ਕੁਝ ਹੱਦ ਦਿੱਖਣ ਵਾਸਤੇ ਰਹਿੰਦ ਖੁਹੰਦ ਵੱਲ ਦੇਖ ਰਹੇ ਹਨ। ਜਿਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੀਆਂ ਐਸ.ਵਾਈ.ਐਲ ਉਪਰ ਟਿੱਪਣੀਆਂ ਉਸ ਦਿਨ ਆਈਆਂ ਹਨ, ਜਦੋਂ ਉਨ੍ਹਾਂ ਦੇ ਸੰਗਠਨ ਦੇ ਚਾਰ ਮੁੱਖ ਆਗੂ ਕਾਂਗਰਸ ‘ਚ ਸ਼ਾਮਿਲ ਹੋ ਗਏ ਅਤੇ ਕਰੀਬ 150 ਆਪ ਵਲੰਟੀਅਰ, ਉਨ੍ਹਾਂ ਵੱਲੋਂ ਭ੍ਰਿਸ਼ਟ ਬੈਂਸ ਭਰਾਵਾਂ ਨਾਲ ਗਠਜੋਡ਼ ਕਾਰਨ, ਪਾਰਟੀ ਨੂੰ ਛੱਡ ਗਏ।
ਉਨ੍ਹਾਂ ਨੇ ਕਿਹਾ ਕਿ ਸਾਫ ਜਾਹਿਰ ਹੈ ਕਿ ਕੇਜਰੀਵਾਲ ਨੇ ਐਸ.ਵਾਈ.ਐਲ ਮੁੱਦੇ ਉਪਰ ਉਦੋਂ ਬੋਲਣ ਦਾ ਫੈਸਲਾ ਲਿਆ, ਜਦੋਂ ਉਨ੍ਹਾਂ ਦੀ ਪਾਰਟੀ ਪੂਰੀ ਤਰ੍ਹਾਂ ਨਾਲ ਬੁਰੇ ਹਾਲਾਤਾਂ ਨਾਲ ਘਿਰ ਚੁੱਕੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਉਸਦੀ ਹਾਰ ਸਪੱਸ਼ਟ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਆਗੂ ਦੀਆਂ ਐਸ.ਵਾਈ.ਐਲ ਉਪਰ ਟਿੱਪਣੀਆਂ ਉਨ੍ਹਾਂ ਦੀ ਪਾਰਟੀ ਵੱਲੋਂ, ਪੰਜਾਬ ‘ਚ ਦਲਿਤ ਡਿਪਟੀ ਮੁੱਖ ਮੰਤਰੀ ਨਿਯੁਕਤ ਕਰਨ ਦੀ ਵਾਅਦੇ ਦੀ ਤਰ੍ਹਾਂ, ਅਪਣਾਇਆ ਗਿਆ ਇਕ ਚੋਣਾਂ ਦਾ ਹਥਕੰਡਾ ਹੈ, ਜਦਕਿ ਦਿੱਲੀ ‘ਚ ਉਨ੍ਹਾਂ ਦੀ ਆਪਣੀ ਕੈਬਿਨੇਟ ‘ਚ ਇਕ ਵੀ ਦਲਿਤ ਚੇਹਰਾ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਕਿਉਂ ਕੇਜਰੀਵਾਲ ਨੂੰ ਐਸ.ਵਾਈ.ਐਲ ਮੁੱਦੇ ਦੇ ਹੱਕ ‘ਚ ਟਿੱਪਣੀ ਦੇਣ ਲਈ ਇਕ ਮਹੀਨੇ ਦਾ ਵਕਤ ਲੱਗ ਗਿਆ? ਕੀ ਇਹ ਇਕ ਵੱਡੀ ਪਹੇਲੀ ਸੀ, ਜਿਸਨੂੰ ਸੁਲਝਾਉਣ ਵਾਸਤੇ ਉਨ੍ਹਾਂ ਨੂੰ ਇਕ ਮਹੀਨਾ ਲੱਗ ਗਿਆ? ਜਾਂ ਫਿਰ ਖਰਾਬ ਦਿਮਾਗ, ਜਿਹਡ਼ਾ ਹਮੇਸ਼ਾ ਤੋਂ ਸਾਜਿਸ਼ਾਂ ਰੱਚਣ ‘ਚ ਵਿਅਸਤ ਰਹਿੰਦਾ ਹੈ, ਵਾਸਤੇ ਇਸ ਸੱਭ ਤੋਂ ਗੰਭੀਰ ਅਤੇ ਲੋਕਾਂ ਨਾਲ ਜੁਡ਼ੇ ਮੁੱਦੇ ‘ਤੇ ਸੋਚ ਪਾਉਣਾ ਮੁਸ਼ਕਿਲ ਸੀ?
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਖੁਦ ਕਈ ਵਾਰ ਪੰਜਾਬ ਦੇ ਲੋਕਾਂ ਲਈ ਇਸ ਮਹੱਤਵਪੂਰਨ ਮੁੱਦੇ ਉਪਰ ਕੇਜਰੀਵਾਲ ਨੂੰ ਉਨ੍ਹਾਂ ਦੀ ਚੁੱਪੀ ਤੋਡ਼ਨ ਵਾਸਤੇ ਕਿਹਾ, ਲੇਕਿਨ ਕੇਜਰੀਵਾਲ ਨੇ ਪ੍ਰਤੀਕ੍ਰਿਆ ਜਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹੇ ‘ਚ ਆਪ ਆਗੂ ਵੱਲੋਂ ਐਸ.ਵਾਈ.ਐਲ ਮੁੱਦੇ ‘ਤੇ ਟਿੱਪਣੀਆਂ ਦੇਣ ਦਾ ਸਮਾਂ, ਖਾਸ ਕਰਕੇ ਉਕਤ ਵਿਸ਼ੇ ਉਪਰ ਉਨ੍ਹਾਂ ਦੇ ਇਤਿਹਾਸ ਦੇ ਮੱਦੇਨਜ਼ਰ, ਉਨ੍ਹਾਂ ਦੀ ਸੋਚ ਨੂੰ ਸ਼ੱਕ ਦੇ ਘੇਰੇ ‘ਚ ਲਿਆ ਦਿੰਦਾ ਹੈ।
ਇਸ ਲਡ਼ੀ ਹੇਠ ਕੈਪਟਨ ਅਮਰਿੰਦਰ ਨੇ ਜ਼ਿਕਰ ਕੀਤਾ ਕਿ ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਵੀ ਐਸ.ਵਾਈ.ਐਲ ਮੁੱਦੇ ‘ਤੇ ਆਪਸੀ ਵਿਰੋਧੀ ਬਿਆਨ ਦਿੱਤੇ ਸਨ, ਜਿਹਡ਼ੇ ਪਹਿਲੇ ਦਿਨ ਪੰਜਾਬ ਦੇ ਹੱਕ ‘ਚ ਬੋਲੇ ਸਨ ਅਤੇ ਬਾਅਦ ‘ਚ ਹਰਿਆਣਾ ਤੇ ਦਿੱਲੀ ਦਾ ਸਮਰਥਨ ਕਰਨ ਲੱਗੇ। ਇਸ ਦੌਰਾਨ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸੋਚ ‘ਚ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਵਿਚਾਰ ਅਖੀਰ ‘ਚ ਆਉਂਦਾ ਹੈ ਅਤੇ ਉਨ੍ਹਾਂ ਦੀ ਕਿਸੇ ਵੀ ਤਰੀਕੇ ਨਾਲ ਸਿਰਫ ਸੂਬੇ ‘ਚ ਸੱਤਾ ਹਾਸਿਲ ਕਰਨ ਨੂੰ ਲੈ ਕੇ ਰੂਚੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਗੰਭੀਰ ਮੁੱਦਿਆਂ ਉਪਰ ਕੇਜਰੀਵਾਲ ਦੇ ਯੂ-ਟਰਨ ਉਪਰ ਹੁਣ ਹਾਸਾ ਵੀ ਨਹੀਂ ਆਉਂਦਾ ਹੇ। ਜਿਨ੍ਹਾਂ ਨੇ ਆਪ ਆਗੂ ਨੂੰ ਸੱਤਾ ਹਾਸਿਲ ਕਰਨ ਦੀ ਨਿਰਾਸ਼ਾ ਹੇਠ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਤੇ ਉਨ੍ਹਾਂ ਦੇ ਹਿੱਤਾਂ ਨੂੰ ਦਾਅ ‘ਤੇ ਲਗਾਉਣ ਦੀ ਕੋਸ਼ਿਸ਼ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ।

LEAVE A REPLY