2ਚੇਨਈ — ਜੈਲਲਿਤਾ ਦੀ ਰਾਜਨੀਤਕ ਉੱਤਰਾਧਿਕਾਰੀ ਮੰਨੀ ਜਾ ਰਹੀ ਸ਼ਸ਼ੀਕਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਖਤ ਹਿਦਾਇਤ ਦੇ ਦਿੱਤੀ ਹੈ। ਉਨ੍ਹਾਂ ਪਰਿਵਾਰ ਵਾਲਿਆਂ ਨੂੰ ਪਾਰਟੀ ਅਤੇ ਸਰਕਾਰ ਦੇ ਕੰਮ-ਕਾਜ ਤੋਂ ਦੂਰ ਰਹਿਣ ਲਈ ਕਿਹਾ ਹੈ। ਇਨ੍ਹਾਂ ‘ਚ ਉਨ੍ਹਾਂ ਦੇ ਸਾਰੇ ਨਜ਼ਦੀਕੀ ਰਿਸ਼ਤੇਦਾਰ ਮੰਨੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਪਣੇ ਭੈਣ-ਭਰਾਵਾਂ ਦੇ ਨਾਲ-ਨਾਲ ਉਨ੍ਹਾਂ ਭਤੀਜੇ-ਭਤੀਜੀਆਂ ਨੂੰ ਸਖਤੀ ਨਾਲ ਰਾਜਨੀਤਕ ਗਤੀਵਿਧੀਆਂ ‘ਚ ਸ਼ਾਮਿਲ ਹੋਣ ਤੋਂ ਮਨ੍ਹਾ ਕੀਤਾ ਹੈ।
ਪਰਿਵਾਰ ਨਾਲ ਜੁੜੇ ਨਜ਼ਦੀਕੀ ਸੂਤਰਾਂ ਅਨੁਸਾਰ,’ਪਾਰਟੀ ਦੇ ਨੇਤਾਵਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਤੋਂ ਪਹਿਲਾਂ ਸ਼ਸ਼ੀਕਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੈਠਕ ਕੀਤੀ ਸੀ। ਜੈਲਲਿਤਾ ਦੇ ਪੋਸ ਗਾਰਡਨ ਸਥਿਤ ਘਰ ‘ਚ ਹੋਈ ਇਸ ਪਰਿਵਾਰਕ ਬੈਠਕ ‘ਚ ਉਨ੍ਹਾਂ ਦੋ-ਟੁੱਕ ਲਹਿਜ਼ੇ ‘ਚ ਪਰਿਵਾਰਕ ਮੈਂਬਰਾਂ ਨੂੰ ਪਾਰਟੀ ਅਤੇ ਰਾਜਨੀਤੀ ਤੋਂ ਦੂਰ ਰਹਿਣ ਦੀ ਤਗੀਦ ਕੀਤੀ। ਇੰਨਾ ਹੀ ਨਹੀਂ, ਸ਼ਸ਼ੀਕਲਾ ਨੇ ਪਾਰਟੀ ਨੇਤਾਵਾਂ ਨੂੰ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਕੋਈ ਨਿਰਦੇਸ਼ ਨਾ ਲੈਣ ਦੀ ਤਗੀਦ ਕੀਤੀ।’
ਸੂਤਰਾਂ ਦਾ ਕਹਿਣਾ ਹੈ ਕਿ ਸ਼ਸ਼ੀਕਲਾ ਅੱਗੇ ਵੀ ਘਰ ‘ਚ ਹੀ ਰਹੇਗੀ। ਸ਼ਸ਼ੀਕਲਾ ਦੇ ਪਰਿਵਾਰਕ ਲੋਕ ਜੈਲਲਿਤਾ ਦਾ ਨਿਵਾਸ ਸਥਾਨ ‘ਵਿੱਦਿਆ ਨਿਯਲਮ’ ਛੱਡ ਕੇ ਚਲੇ ਜਾਣਗੇ। ਉੱਥੇ ਹੀ, ਸ਼ਸ਼ੀਕਲਾ ਨਾਲ ਉਨ੍ਹਾਂ ਦੀ ਨਨਾਣ ਇਲਾਵਰਸਾਈ ਘਰ ‘ਚ ਰਹੇਗੀ। ਪਾਰਟੀ ਅੰਦਰ ਅਤੇ ਸੋਸ਼ਲ ਮੀਡੀਆ ‘ਚ ਸ਼ਸ਼ੀਕਲਾ ਦੇ ਪਰਿਵਾਰਕ ਮੈਂਬਰਾਂ ਦੀ ਜੈਲਲਿਤਾ ਦੇ ਅੰਤਿਮ ਸਸਕਾਰ ਦੌਰਾਨ ਲਗਾਤਾਰ ਨੇੜੇ-ਤੇੜੇ ਰਹਿਣ ਅਤੇ ਰਾਜਾਜੀ ਹਾਲ ‘ਚ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਘੇਰੇ ‘ਚ ਰਹਿਣ ਨੂੰ ਲੈ ਕੇ ਖਾਸੀ ਆਲੋਚਨਾ ਹੋਈ ਸੀ।

LEAVE A REPLY