7ਤਲਵੰਡੀ ਸਾਬੋ : ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ ‘ਚ 8 ਦਸੰਬਰ ਨੂੰ ਕਰਵਾਏ ਜਾਣ ਵਾਲੇ ਸਰਬੱਤ ਖਾਲਸਾ ਨੂੰ ਲੈ ਕੇ ਗਹਿਮਾਗਹਿਮੀ ਤੇਜ਼ ਹੋ ਗਈ ਹੈ। ਪ੍ਰਸ਼ਾਸਨ ਅਤੇ ਸਰਕਾਰ ਨੇ ਸਰਬੱਤ ਖਾਲਸਾ ਨਾ ਹੋਣ ਲਈ ਪੂਰੀ ਤਰ੍ਹਾਂ ਕਮਰ ਕੱਸੀ ਹੋਈ ਹੈ। ਬੁੱਧਵਾਰ ਦੀ ਸਵੇਰ ਨੂੰ ਪੂਰਾ ਇਲਾਕਾ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਅਤੇ ਭਾਰੀ ਪੁਲਸ ਫੋਰਸ ਨੂੰ ਇੱਥੇ ਤਾਇਨਾਤ ਕੀਤਾ ਗਿਆ। ਪੰਥਕ ਆਗੂਆਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ। ਦੇਰ ਰਾਤ ਸਮਾਗਮ ਸਥਾਨ ‘ਤੇ ਅਖੰਡ ਪਾਠ ਸ਼ੁਰੂ ਕਰ ਦਿੱਤਾ ਗਿਆ ਸੀ। ਪੁਲਸ ਨੇ ਪੰਥਕ ਆਗੂ ਗੁਰਦੀਪ ਸਿੰਘ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਪੂਰੇ ਇਲਾਕੇ ‘ਚ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ ਹੈ।
ਦੂਜੇ ਪਾਸੇ ਸਰਬੱਤ ਖਾਲਸਾ ਸਮਾਰੋਹ ਵਾਲੀ ਜਗ੍ਹਾ ਦੀ ਦੇਖ-ਰੇਖ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਧ ਗਿਆ ਹੈ, ਜਿਸ ਤੋਂ ਬਾਅਦ ਪੁਲਸ ਅਧਿਕਾਰੀ ਉਨ੍ਹਾਂ ਦਾ ਹਾਲ ਜਾਨਣ ਪੁੱਜੇ, ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦਾ ਚੈੱਕਅਪ ਕੀਤਾ।
ਜ਼ਿਕਰਯੋਗ ਹੈ ਕਿ ਪੰਥਕ ਸੰਗਠਨਾਂ ਨੇ ਪਹਿਲੀ ਨਵੰਬਰ ‘ਚ ਸਰਬੱਤ ਖਾਲਸਾ ਬੁਲਾਇਆ ਸੀ। ਇਸ ਤੋਂ ਬਾਅਦ ਇਸ ਨੂੰ 8 ਦਸੰਬਰ ਨੂੰ ਤਲਵੰਡੀ ਸਾਬੋ ‘ਚ ਕਰਨ ਦਾ ਫੈਸਲਾ ਲਿਆ ਗਿਆ। ਇਸ ਤਹਿਤ ਰਾਤ ਨੂੰ ਹੀ ਪੰਥਕ ਸੰਗਠਨਾਂ ਨੇ ਸਮਾਗਮ ਸਥਾਨ ‘ਤੇ ਅਖੰਡ ਪਾਠ ਦਾ ਪ੍ਰਕਾਸ਼ ਕਰ ਦਿੱਤਾ। ਇਸ ਦੌਰਾਨ ਪੰਥਕ ਨੇਤਾ ਗੁਰਦੀਪ ਸਿੰਘ ਬਰਾੜ ਅਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਇਸ ਤੋਂ ਇਲਾਵਾ ਪੰਥਕ ਨੇਤਾ ਬਾਬਾ ਸੁਖਦੇਵ ਸਿੰਘ ਅਤੇ ਭਾਈ ਚਮਕੌਰ ਸਿੰਘ ਨੂੰ ਵੀ ਮਿੰਨੀ ਸਕੱਤਰੇਤ ਤੋਂ ਹਿਰਾਸਤ ‘ਚ ਲਿਆ ਗਿਆ। ਇਹ ਦੋਵੇਂ ਆਗੂ ਡਿਪਟੀ ਕਮਿਸ਼ਨਰ ਨੂੰ ਮਿਲਣ ਪੁੱਜੇ ਸਨ। ਪੁਲਸ ਦੀ ਕਾਰਵਾਈ ਤੋਂ ਬਾਅਦ ਵੱਡੀ ਗਿਣਤੀ ‘ਚ ਪੰਥਕ ਆਗੂ ਅਣਪਛਾਤੇ ਸਥਾਨ ‘ਤੇ ਚਲੇ ਗਏ। ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY