ਚੰਡੀਗਡ਼੍ਹ -ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਐਸਵਾਈਐਲ ਦੇ ਮਾਮਲੇ ਉਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਸਿਰਫ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੰਡੀਗਡ਼੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਐਸਵਾਈਐਲ ਦੇ ਕੰਡੇ ਖੁਦ ਬਾਦਲ ਨੇ ਬੀਜੇ ਸੀ, ਹੁਣ ਫਿਰ ਇਸ ਬਾਰੇ ਉਨਾਂ ਦੀ ਭਾਈਵਾਲ ਭਾਜਪਾ ਦੀ ਮੋਦੀ ਸਰਕਾਰ ਨੇ ਫੈਸਲਾ ਲੈਣਾ ਹੈ, ਪਰ ਮੁੱਖ ਮੰਤਰੀ ਵਾਰ-ਵਾਰ ਇਹ ਕਹਿ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਪੰਜਾਬ ਦੇ ਪਾਣੀਆਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਵਡ਼ੈਚ ਨੇ ਕਿਹਾ ਕਿ ਬਾਦਲ ਵੱਲੋਂ ਅੱਜ ਮੋਦੀ ਉਪਰ ਦਬਾਅ ਪਾ ਕੇ ਐਸਵਾਈਐਲ ਉਤੇ ਪੰਜਾਬ ਦੇ ਹੱਕ ਚ ਪਾਰਲੀਮੈਂਟ ਤੋਂ ਫੈਸਲਾ ਕਰਵਾਉਣ ਦਾ ਮੌਕਾ ਹੈ, ਜੇਕਰ ਮੋਦੀ ਸਰਕਾਰ ਫਿਰ ਵੀ ਨਹੀਂ ਮੰਨਦੀ ਤਾਂ ਘੱਟੋ-ਘੱਟ ਹਰਸਿਮਰਤ ਕੌਰ ਬਾਦਲ ਤੋਂ ਤੁਰੰਤ ਅਸਤੀਫਾ ਦੁਆ ਕੇ ਭਾਜਪਾ ਨਾਲੋਂ ਨਾਤਾ ਤੋਡ਼ ਲੈਣਾ ਚਾਹੀਦਾ ਹੈ।
ਵਡ਼ੈਚ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਬਾਦਲਾਂ ਵੱਲੋਂ ਸਿਰਫ ਮੋਦੀ ਦੀ ਜੀ-ਹਜੂਰੀ ਕੀਤੀ ਜਾਂਦੀ ਹੈ, ਜਦਕਿ ਉਨਾਂ ਕੋਲੋਂ ਹੱਕ ਮੰਗਣ ਦੀ ਹਿੰਮਤ ਨਹੀਂ ਹੈ। ਜੇਕਰ ਬਾਦਲ ਸਚਮੁੱਚ ਕੁਰਬਾਨੀ ਕਰਨਾ ਚਾਹੁੰਦੇ ਹਨ, ਤਾਂ ਇਸਦੀ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰਨ ਅਤੇ ਸਭ ਤੋਂ ਪਹਿਲਾਂ ਕੇਂਦਰੀ ਵਜਾਰਤ ਤੋਂ ਆਪਣੀ ਨੂੰਹਰਾਣੀ ਹਰਸਿਮਰਤ ਬਾਦਲ ਦਾ ਅਸਤੀਫਾ ਦੁਆਉਣ, ਪਰ ਬਾਦਲਾਂ ਨੂੰ ਸਿਰਫ ਸੱਤਾ ਦਾ ਲਾਲਚ ਹੈ, ਜਿਸ ਕਾਰਨ ਉਹ ਮੋਦੀ ਸਰਕਾਰ ਉਤੇ ਬਿਲਕੁਲ ਦਬਾਅ ਨਹੀਂ ਬਣਾਉਣਗੇ। ਉਨਾਂ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਵਿੱਚ ਉਨਾਂ ਦੀ ਭਾਈਵਾਲ ਹੈ, ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਭਾਜਪਾ ਦੀ ਸਰਕਾਰ ਹੈ, ਤਾਂ ਅਜਿਹੇ ਵਿੱਚ ਭਾਜਪਾ ਦੇ ਨਾਲ ਰਿਸ਼ਤੇ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੇਕਰ ਹੁਣ ਵੀ ਪੰਜਾਬ ਦੇ ਹੱਕ ਉਤੇ ਮੋਦੀ ਸਰਕਾਰ ਦੀ ਮੋਹਰ ਨਾ ਲਗਵਾ ਸਕੇ ਤਾਂ ਉਨਾਂ ਨੂੰ ਭਾਜਪਾ ਨਾਲ ਗਠਜੋਡ਼ ਕਾਇਮ ਰੱਖਣ ਦਾ ਕੋਈ ਨੈਤਿਕ ਆਧਾਰ ਨਹੀਂ ਰਹਿ ਜਾਂਦਾ।
ਗੁਰਪ੍ਰੀਤ ਸਿੰਘ ਵਡ਼ੈਚ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਅਤੇ ਕੇਂਦਰ ਵਿੱਚਲੀ ਮੋਦੀ ਸਰਕਾਰ ਤੋਂ ਪੰਜਾਬ ਦੇ ਹੱਕ ਕਿਵੇਂ ਲੈਣੇ ਹਨ, ਇਹ ਆਮ ਆਦਮੀ ਪਾਰਟੀ ਨੂੰ ਚੰਗੀ ਤਰਾਂ ਪਤਾ ਹੈ।