ਐਸ.ਆਈ.ਟੀ ਰਿਪੋਰਟ ਨੇ ਸਾਬਤ ਕੀਤਾ ਕਿ ਸੁਖਬੀਰ ਨਾਭਾ ਜੇਲ੍ਹ ਬ੍ਰੇਕ ਕੇਸ ਨੂੰ ਛਿਪਾਉਣ ਦੀ ਕੋਸ਼ਿਸ਼ ਕਰ ਰਹੇ ਹਨ: ਪੰਜਾਬ ਕਾਂਗਰਸ

5ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਨਾਭਾ ਜੇਲ੍ਹ ਬ੍ਰੇਕ ਦਾ ਕਾਰਨ ਬਣੀ ਮਿਲੀਭੁਗਤ ਤੇ ਢਿੱਲ ਲਈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਸੂਬੇ ‘ਚ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਸ਼ੈਅ ਦੇ ਰਹੀ ਹੈ ਅਤੇ ਇਨ੍ਹਾਂ ਅਧੀਨ ਮਾਮਲੇ ਦੀ ਨਿਰਪੱਖ ਜਾਂਚ ਹੋਣਾ ਮੁਮਕਿਨ ਨਹੀਂ ਹੈ।
ਪੰਜਾਬ ਕਾਂਗਰਸ ਕਮੇਟੀ ਦੇ ਆਗੂਆਂ ਲਾਲ ਸਿੰਘ, ਹਰਦਿਆਲ ਸਿੰਘ ਕੰਬੋਜ ਤੇ ਸਾਧੂ ਸਿੰਘ ਧਰਮਸੋਤ ਨੇ ਖਤਰਨਾਕ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਸਮੇਤ ਪੰਜ ਦੋਸ਼ੀਆਂ ਦੇ ਭੱਜਣ ‘ਚ ਅੰਦਰੂਨੀ ਸਾਜਿਸ਼ ਦਾ ਐਸ.ਆਈ.ਟੀ. ਵੱਲੋਂ ਪੂਰੀ ਤਰ੍ਹਾਂ ਖੁਲਾਸਾ ਕਰਨ ਤੋਂ ਬਾਅਦ, ਸੁਖਬੀਰ ਵੱਲੋਂ ਉਸ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਸਬੰਧੀ ਮੀਡੀਆ ਦੇ ਇਕ ਵਰਗ ਦੀ ਰਿਪੋਰਟ ‘ਤੇ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਿਕ ਐਸ.ਆਈ.ਟੀ ਨੇ ਵੀਰਵਾਰ ਨੂੰ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਜਮ੍ਹਾ ਕਰ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਐਸ.ਆਈ.ਟੀ ਨੇ ਸੁਖਬੀਰ ਦੇ ਜੇਲ੍ਹ ਬ੍ਰੇਕ ਮਾਮਲੇ ‘ਚ ਆਈ.ਐਸ.ਆਈ ਦਾ ਹੱਥ ਹੋਣ ਸਬੰਧੀ ਦੋਸ਼ ਨੂੰ ਝੂਠਾ ਸਾਬਤ ਕਰ ਦਿੱਤਾ ਹੈ। ਐਸ.ਆਈ.ਟੀ ਰਿਪੋਰਟ ਨੇ ਸਾਫ ਤੌਰ ‘ਤੇ ਜੇਲ੍ਹ ਦੇ ਅਫਸਰਾਂ ਦੀ ਗੈਂਗਸਟਰਾਂ ਨਾਲ ਮਿਲੀਭੁਗਤ ਦਾ ਖੁਲਾਸਾ ਕੀਤਾ ਹੈ ਅਤੇ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ‘ਚ ਜੇਲ੍ਹ ਅਫਸਰਾਂ ਦੀਆਂ ਗੰਭੀਰ ਕਮੀਆਂ ‘ਤੇ ਜ਼ੋਰ ਦਿੱਤਾ ਹੈ, ਜਿਹਡ਼ੀ ਰਿਪੋਰਟ ਅੰਦਰੂਨੀ ਅਨਸਰਾਂ ਦੇ ਹੱਥ ਹੋਣ ਸਬੰਧੀ ਪੂਰੀ ਸਾਜਿਸ਼ ਦਾ ਭਾਂਡਾਫੋਡ਼ ਕਰਦੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੁਖਬੀਰ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਬਗੈਰ ਤੇਜ਼ੀ ਨਾਲ ਜੇਲ੍ਹ ਬ੍ਰੇਕ ਲਈ ਆਈ.ਐਸ.ਆਈ ਨੂੰ ਦੋਸ਼ੀ ਠਹਿਰਾਉਣਾ, ਜੇਲ ਬ੍ਰੇਕ ਦੀ ਸਾਜਿਸ਼ ‘ਤੇ ਪਰਦਾ ਪਾਉਣ ਸਬੰਧੀ ਉਨ੍ਹਾਂ ਦੀ ਕੋਸ਼ਿਸ਼ ਨੂੰ ਸਾਬਤ ਕਰਨ ਲਈ ਕਾਫੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਹਿੱਤਾਂ ਨੂੰ ਪ੍ਰਮੋਟ ਕਰਨ ਵਾਸਤੇ ਗੈਂਗਸਟਰਾਂ ਦਾ ਇਸਤੇਮਾਲ ਕਰਨ ਲਈ ਉਨ੍ਹਾਂ ਨੂੰ ਸ਼ੈਅ ਦੇ ਰਹੀ ਹੈ, ਜਿਸਨੂੰ ਐਸ.ਆਈ.ਟੀ ਦੀ ਰਿਪੋਰਟ ਨੇ ਹੋਰ ਪੁਖਤਾ ਕਰ ਦਿੱਤਾ ਹੈ। ਉਨ੍ਹਾਂ ਨੇ ਜੇਲ੍ਹ ਬ੍ਰੇਕ ਘਟਨਾ ‘ਚ ਉੱਚ ਪੱਧਰੀ ਪਹਿਲਾਂ ਤੋਂ ਤੈਅ ਸਾਜਿਸ਼ ਹੋਣ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਪੂਰੇ ਮਾਮਲੇ ਪਿੱਛੇ ਇਕ ਡੂੰਘੀ ਸਾਜਿਸ਼ ਪ੍ਰਤੀਤ ਹੁੰਦੀ ਹੈ ਅਤੇ ਮਾਮਲੇ ਦਾ ਟ੍ਰਾਇਲ ਠੰਡਾ ਪੈਣ ਨਾਲ ਪਹਿਲਾਂ ਇਸਦੀ ਇਕ ਸੁਤੰਤਰ ਏਜੰਸੀ ਤੋਂ ਤੁਰੰਤ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ, ਪ੍ਰਦੇਸ਼ ਕਾਂਗਰਸ ਦੇ ਆਗੂਟਾਂ ਨੇ ਚੋਣ ਕਮਿਸ਼ਨ ਤੋਂ ਬਿਨ੍ਹਾਂ ਕਿਸੇ ਦੇਰੀ ਪੰਜਾਬ ‘ਚ ਚੋਣ ਜਾਬਤਾ ਲਾਗੂ ਕਰਨ ਸਬੰਧੀ ਆਪਣੀ ਮੰਗ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ, ਤਾਂ ਜੋ ਸੂਬੇ ‘ਚ ਕਾਨੂੰਨ ਤੇ ਵਿਵਸਥਾ ਨੂੰ ਹੋਰ ਬਿਗਡ਼ਨ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਸੂਬੇ ਦੇ ਡੀ.ਜੀ.ਪੀ ਨੇ ਖੁਦ ਖੁਲਾਸਾ ਕੀਤਾ ਹੈ ਕਿ ਪੰਜਾਬ ‘ਚ 52 ਹਥਿਆਰਬੰਦ ਗਿਰੋਹ ਸਰਗਰਮ ਹਨ। ਜਿਸ ‘ਤੇ ਉਨ੍ਹਾਂ ਨੇ ਆਉਂਦੀਅ ਚੋਣਾਂ ਦੌਰਾਨ ਸੂਬੇ ਅੰਦਰ ਹਿੰਸਾ ਭਡ਼ਕਨ ਨੂੰ ਲੈ ਕੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਹਾਲਾਤਾਂ ਦਾ ਜ਼ਲਦੀ ਹੱਲ ਕੱਢਣ ‘ਤੇ ਜ਼ੋਰ ਦਿੱਤਾ ਹੈ।

LEAVE A REPLY