kahaniya-300x150ਆਪਣੇ ਬੁਢਾਪੇ ਦੀ ਡੰਗੋਰੀ, ਮਾਂ ਦੀ ਮਮਤਾ ਦੇ ਖੰਭਾਂ ਹੇਠ ਪਲਿਆ, ਇੱਕਲੌਤੀ ਭੈਣ ਦੇ ਪੇਕੇ ਘਰ ਉਸ ਦੇ ਸਾਰੇ ਚਾਅ ਪੂਰੇ ਕਰਨ ਵਾਲਾ ਮਾਂ ਪਿਓ ਜਾਇਆ ਭਰਾ, ਆਪਣੇ ਜਵਾਨ ਜਹਾਨ ਪੁੱਤਰ ਦੀ ਚਿਤਾ ਨੂੰ ਅੱਗ ਵਿਖਾਉਣ ਦੀ ਜਾਨਲੇਵਾ ਰਸਮ ਬਜ਼ੁਰਗ ਬਾਪ ਨੇ ਦਿਲ ‘ਤੇ ਪੱਥਰ ਰੱਖ ਕਿਵੇਂ ਪੂਰੀ ਕੀਤੀ, ਉਹ ਹੀ ਜਾਣਦਾ ਸੀ। ਸਭ ਅੱਖਾਂ ਨਮ ਸਨ। ਚਿਤਾ ਨੇ ਅੱਗ ਫ਼ੜ ਲਈ ਸੀ। ਅੱਗ ਦੀਆਂ ਲਪਟਾਂ ਤੋਂ ਬਚਣ ਲਈ ਅਰਥੀ ਨਾਲ ਆਈਆਂ ਔਰਤਾਂ ਇੱਕ ਪਾਸੇ ਰੁੱਖਾਂ ਦੀ ਛਾਂ ਵੱਲ ਨੂੰ ਹੋ ਗਈਆਂ। ਬਲ ਰਹੇ ਸਿਵੇ ਕੋਲ ਦੋ ਨਜ਼ਦੀਕੀ ਰੁਕ ਗਏ ਅਤੇ ਬਾਕੀ ਗੁਰਦੁਆਰੇ ਪਹੁੰਚ ਨਲਕੇ ਤੋਂ ਮੂੰਹ-ਹੱਥ ਧੋ ਅਰਦਾਸ ‘ਚ ਸ਼ਾਮਲ ਹੋ ਗਏ। ਅਰਦਾਸ ਤੋਂ ਬਾਅਦ ਵਰਾਂਡੇ ‘ਚ ਵਿਛਾਏ ਤੱਪੜ ‘ਤੇ ਪੰਗਤਾਂ ਵਿੱਚ ਬੈਠ ਲੰਗਰ ਛਕ ਰਿਸ਼ਤੇਦਾਰ ਤੇ ਸ਼ਰੀਕੇ ਬਰਾਦਰੀ ਵਾਲਿਆਂ ਨਿਕਲਣਾ ਸ਼ੁਰੂ ਕਰ ਦਿੱਤਾ ਸੀ। ਔਰਤਾਂ ਵੀ ਪਿੰਡ ਵੱਲ ਚੱਲ ਪਈਆਂ ਸਨ। ਡਿਫ਼ੈਂਸ ਡ੍ਰੇਨ ਦੇ ਤੰਗ ਘੋਨੇ ਪੁਲ ਕੋਲ ਖੜ੍ਹੀ ਪ੍ਰਕਾਸ਼ੋ ਪ੍ਰਧਾਨ ਨੇ ਨਫ਼ਰਤ ਨਾਲ ਬਲਦੇ ਸਿਵੇ ਵੱਲ ਤੇ ਪਿੰਡ ਵੱਲ ਜਾ ਰਹੀਆਂ ਸ਼ਰੀਕੇ ਬਰਾਦਰੀ ਦੀਆਂ ਔਰਤਾਂ ਵੱਲ ਵੇਖਿਆ।
ਹਿੰਦ-ਪਾਕਿ ਸਰਹੱਦ ‘ਤੇ ਕੰਡਿਆਲੀ ਤਾਰ ਤੋਂ ਇੱਕ ਕਿਲੋਮੀਟਰ ਹਟਵਾਂ ਡਿਫ਼ੈਂਸ ਡ੍ਰੇਨ ਕੰਢੇ ਵਸਿਆ ਪੱਛੜਿਆ ਜਿਹਾ ਪਿੰਡ ਉਸ ਦਾ ਪੇਕਾ ਪਿੰਡ ਹੈ। ਜਿਸ ਖਸਤਾਹਾਲ ਸੜਕ ‘ਤੇ ਪੁਲ ਨੇੜੇ ਪ੍ਰਧਾਨ ਪ੍ਰਕਾਸ਼ੋ ਖੜ੍ਹੀ ਸੀ, ਉਸ ਦੇ ਸਾਹਮਣੇ ਲਹਿੰਦੇ ਵੱਲ ਗੁਰਦੁਆਰਾ, ਉਸ ਦੇ ਦੂਸਰੇ ਪਾਸੇ ਸ਼ਮਸ਼ਾਨਘਾਟ ਤੇ ਅੱਗੇ ਪਿੰਡ ਤੋਂ ਉੱਤਰ ਦੀ ਬਾਹੀ ਵੱਲ ਦੋ-ਢਾਈ ਕਿਲੋਮੀਟਰ ਦੀ ਦੂਰੀ ‘ਤੇ ਰਾਵੀ ਨਦੀ ਵਗਦੀ ਹੈ। ਬਜ਼ੁਰਗਾਂ ਅਨੁਸਾਰ ਪਹਿਲਾਂ ਇਹ ਨਦੀ ਪਿੰਡ ਨਾਲ ਖਹਿ ਕੇ ਲੰਘਦੀ ਸੀ। ਹਰ ਸਾਲ ਦੋਵਾਂ ਕੰਢਿਆਂ ਨੇੜਲੀ ਸੈਂਕੜੇ ਏਕੜ ਸਾਉਣੀ ਦੀ ਫ਼ਸਲ ਰੋੜ੍ਹ ਲੈ ਜਾਂਦੀ ਸੀ। ਬਜ਼ੁਰਗ ਦੱਸਦੇ ਹੁੰਦੇ ਸਨ ਕਿ ”ਉਨ੍ਹਾਂ ਦਾ ਜੱਦੀ ਪਿੰਡ ਨਦੀ ਦੇ ਉਸ ਪਾਰ ਸੀ। ਰੌਲਿਆਂ ‘ਚ ਵੱਢ-ਟੁੱਕ ਤੋਂ ਬਚਦੇ-ਬਚਾਉਂਦੇ ਆਪਣੇ ਮੁਸਲਮਾਨ ਭਰਾਵਾਂ ਦੇ ਉੱਜੜੇ ਪਿੰਡ, ਇਸ ਪਾਰ ਆ ਵਸੇ ਸਨ। ਉਨ੍ਹਾਂ ਦੇ ਵੱਡੇ-ਵਡੇਰੇ ਮਲਾਹਾਂ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੂੰ ਪਰਿਵਾਰਾਂ ਤੇ ਮਾਲ-ਅਸਬਾਬ ਸਮੇਤ ਪਾਰ ਪਹੁੰਚਾਇਆ ਸੀ।”
ਫ਼ਿਰ ਹੌਲੀ-ਹੌਲੀ ਧੁੱਸੀ ਬੰਨ੍ਹ ਬਣਿਆ ਸੀ। ਮਾਧੋਪੁਰ ਡੈਮ ਬਣਿਆ। ਹਰ ਸਾਲ ਤਬਾਹੀ ਮਚਾਉਣ ਵਾਲੇ ਹੜ੍ਹਾਂ ਤੋਂ ਬਚਾਅ ਹੋ ਗਿਆ। ਜੰਗਲ ਬੇਲਾ ਪੁੱਟਿਆ। ਰਵਾਇਤੀ ਫ਼ਸਲਾਂ ਦੇ ਨਾਲ ਸਾਗ-ਸਬਜ਼ੀਆਂ ਤੇ ਬਾਗ-ਬਗੀਚਿਆਂ ਦੀ ਲਹਿਰ-ਬਹਿਰ ਹੋ ਗਈ। ਪ੍ਰਧਾਨ ਪ੍ਰਕਾਸ਼ੋ ਨੂੰ ਯਾਦ ਆਇਆ ਕਿ ਬਚਪਨ ‘ਚ ਉਸ ਨੇ ਆਪਣੇ ਤਾਇਆਂ-ਚਾਚਿਆਂ ਨੂੰ ਸ਼ਰਾਬ ਕੱਢਦਿਆਂ ਤੇ ਮੱਛੀ ਫ਼ੜ ਵੇਚਣ ਦਾ ਧੰਦਾ ਕਰਦਿਆਂ ਵੇਖਿਆ ਸੀ। ਤਾਈਆਂ-ਚਾਚੀਆਂ ਗੋਹੇ-ਕੂੜੇ, ਲਵੇਰੀਆਂ ਮੱਝਾਂ-ਗਾਵਾਂ ਦੀ ਸਾਂਭ-ਸੰਭਾਲ ਤੋਂ ਇਲਾਵਾ ਆਪਣੇ ਮਰਦਾਂ ਨਾਲ ਕਣਕ ਦੀ ਵਾਢੀ ਤੇ ਝੋਨਾ ਲਾਉਣ ਦਾ ਕੰਮ ਕਰ ਲੈਂਦੀਆਂ ਸਨ। ਕੰਡਿਆਲੀ ਤਾਰ ਲੱਗਣ ਤੋਂ ਪਹਿਲਾਂ ਇੱਧਰ ਸਮੱਗਲਿੰਗ ਦਾ ਧੰਦਾ ਜ਼ੋਰਾਂ ‘ਤੇ ਸੀ। ਪਿਛਲੇ ਉੱਚੇ ਪਿੰਡ ਦੇ ਬਦਨਾਮ ਸਮੱਗਲਰਾਂ ਇਨ੍ਹਾਂ ਸਰਹੱਦ ਨੇੜੇ ਵਸਦੇ ਪਿੰਡਾਂ ਦੇ ‘ਪਾਂਡੀ’ ਲੱਭਣ ਲਈ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਸਮੱਗਲਰਾਂ ਦੇ ਕਰਿੰਦਿਆਂ ਸਭ ਤੋਂ ਪਹਿਲਾਂ ਸ਼ਰੀਕੇ ਬਰਾਦਰੀ ‘ਚ ਲੱਗਦੇ ਉਸ ਦੇ ਚਾਚੇ ਨੂੰ ਫ਼ਸਾਇਆ। ਉਸ ਦੇ ਪਾਂਡੀ ਚਾਚੇ ਨੇ ਪਾਰ ਦੇ ਤਿੰਨ-ਚਾਰ ਫ਼ੇਰਿਆਂ ਨਾਲ ਵਾਰੇ-ਨਿਆਰੇ ਕਰ ਲਏ। ਦੋ ਪੱਕੇ ਕੋਠੇ, ਵਰਾਂਡਾ, ਰਸੋਈ, ਨਲਕਾ ਤੇ ਮਾਲ-ਡੰਗਰ ਲਈ ਢਾਰਾ ਆਦਿ ਬਣਾ ਲਏ। ਚਾਚਾ ਆਪਣੀ ਐਸ਼ ਕਰਦਾ ਤੇ ਉਸ ਦੇ ਪਿਓ ਨੂੰ ਵੀ ਕਰਵਾਉਂਦਾ ਕਿਉਂਕਿ ਉਨ੍ਹਾਂ ਦਾ ਮੁੱਢ ਤੋਂ ਖਾਣ-ਪੀਣ ਸਾਂਝਾ ਸੀ। ਇਸ ਕੁੱਤੇ ਦੀ ਹੱਡੀ ਵਾਲੇ ਸਵਾਦ ‘ਚ ਗਰਕ ਉਸ ਦਾ ਪਿਓ ਵੀ ਪਾਂਡੀ ਬਣ ਗਿਆ। ਸਾਲ-ਡੇਢ ਸਾਲ ਐਸ਼ ਕੀਤੀ ਸੀ। ਘਰ ਵੀ ਕੁਝ ਨਾ ਕੁਝ ਬਣਾਇਆ ਪਰ ਇੱਕ ਮਨਹੂਸ ਸਵੇਰ ਬੀ. ਐੱਸ. ਐੱਫ਼. ਦੇ ਜਵਾਨ ਵਲੋਂ ਦਿੱਤੇ ਸੁਨੇਹੇ ਕਿ ‘ਬਚਨੇ ਪਾਂਡੀ ਦੀ ਲਾਸ਼ ਖੱਡਲ ‘ਚ ਪਈ ਹੈ’ ਦੇ ਨਾਲ ਇਸ ਕਾਂਡ ਦਾ ਅੰਤ ਹੋ ਗਿਆ ਤੇ ਉਸ ਦੇ ਇਸ ‘ਹਸ਼ਰ’ ਤੋਂ ਡਰਦਾ ਚਾਚਾ ਸ਼ਹਿਰ ਨੂੰ ਹਿਜ਼ਰਤ ਕਰ ਗਿਆ। ਪਿੱਛੇ ਘਰ ਦੀ, ਵੱਡੀ ਕੁੜੀ ਪਾਸ਼ੋ ਤੇ ਛੋਟਾ ਭਰਾ ਛੱਡ ਗਿਆ? ਪ੍ਰਕਾਸ਼ੋ ਦੀ ਮਾਂ ਬੜੀ ਸਿਰੜੀ ਤੇ ਅਣਖ ਵਾਲੀ, ਜਿਸ ਨੇ ਹੱਡ-ਭੰਨਵੀਂ ਮਿਹਨਤ-ਮੁਸ਼ੱਕਤ ਕਰਕੇ ਉਨ੍ਹਾਂ ਨੂੰ ਪਾਲਿਆ।
ਪ੍ਰਕਾਸ਼ੋ ਪ੍ਰਧਾਨ ਨੇ ਇੱਕ ਵਾਰ ਫ਼ਿਰ ਬਲਦੇ ਸਿਵੇ ਵੱਲ ਵੇਖਿਆ। ਉਸ ਨੂੰ ਉਸ ਕੈਲਹਿਣੀ ਸ਼ਾਮ ਦਾ ਘੁਸਮੁਸਾ ਚੇਤੇ ਆਇਆ, ਜਦੋਂ ਡ੍ਰੇਨ ਵੱਲ ਬਾਹਰ ਹੋਣ ਗਈ ਨੂੰ ਚਾਚੇਕਿਆਂ ਦੇ ਜਗੀਰੇ ਨੇ ਪਿੰਡ ਤੇ ਰਿਸ਼ਤੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦਿਆਂ ਸੱਕੀ ਨਾਲੇ ਦੀ ਖੱਡ ‘ਚ ਉਸ ਨਾਲ ਬਲਾਤਕਾਰ ਕੀਤਾ ਸੀ। ਮਾਸੂਮ ਪਾਸ਼ੋ ਬੜਾ ਛਟਪਟਾਈ। ਉਸ ਦੀਆਂ ਚੀਕਾਂ ਤੇ ਸਿਸਕੀਆਂ ਰੇਤ ਦੀਆਂ ਢਿੱਗਾਂ ਹੇਠ ਆ ਦਮ ਤੋੜ ਗਈਆਂ। ਉਸ ਦੇ ਪਿਓ ਦੇ ਪੱਗ-ਵੱਟ ਭਰਾ ਬਣੇ ਚਾਚੇ ਦੇ ਪੁੱਤ ਨੇ ਬੜਾ ਡੂੰਘਾ ਜ਼ਖ਼ਮ ਦਿੱਤਾ ਸੀ। ਉਸ ਜ਼ਖ਼ਮੀ ਸ਼ੇਰਨੀ ਵਾਂਗ ਚਿੰਘਾੜਦੀ ਨੇ ਬਦਲਾ ਲੈਣ ਦੀ ਠਾਣ ਲਈ ਸੀ। ਉਹ ਗੁੰਮ-ਸੁੰਮ ਅਸਹਿ ਪੀੜਾ ਨੂੰ ਅੰਦਰ ਹੀ ਅੰਦਰ ਪੀ ਲੈਣ ਦੇ ਯਤਨ ਕਰਦੀ ਰਹੀ ਪਰ ਉਸ ਦੀ ਮਾਂ ਤੋਂ ਗੱਲ ਗੁੱਝੀ ਨਾ ਰਹਿ ਸਕੀ। ਉਸ ਦੀ ਮਾਂ ਨੇ ਪਰਿਵਾਰ ਦੀ ਸਲਾਹ ਨਾਲ ਆਪਣੀ ਰਿਸ਼ਤੇਦਾਰੀ ‘ਚੋਂ ਹੀ ਮੁੰਡਾ ਲੱਭ ਆਪਣੀ ਮੁਟਿਆਰ ਧੀ ਦੇ ਹੱਥ ਪੀਲੇ ਕਰ ਦਿੱਤੇ।
ਪ੍ਰਕਾਸ਼ੋ ਪ੍ਰਧਾਨ ਨੂੰ ਪਹਿਲਾਂ ਪਹਿਲ (ਨਵੀਂ-ਨਵੀਂ ਜਦੋਂ ਦੁਲਹਨ ਬਣ ਕੇ ਆਈ) ਸਹੁਰਾ ਪਰਿਵਾਰ ਅਤੇ ਆਪਣਾ ਪ੍ਰਾਹੁਣਾ ਬੜਾ ਸਿੱਧੜ ਲੱਗਿਆ ਸੀ ਪਰ ਇਸ ਦਾ ਪਤਾ ਉਸ ਨੂੰ ਬਾਅਦ ‘ਚ ਲੱਗਾ ਕਿ ਜਿੰਨਾ ‘ਸਾਧਾਰਨ ਘਰ’ ਅਤੇ ਪ੍ਰਾਹੁਣਾ ‘ਸਿੱਧੜ’ ਲੱਗਿਆ ਸੀ, ਉਹ ਤਾਂ ਉਸ ਤੋਂ ਕਈ ਗੁਣਾ ਵੱਧ ਸ਼ਾਤਿਰ ਤੇ ਹੰਢੇ ਹੋਏ ਧੰਦੇਬਾਜ਼ ਸਨ। ਉਨ੍ਹਾਂ ਧੰਦੇ ਦਾ ਪਹਿਲਾ ਅਸੂਲ ਹੀ ਇਹ ਅਪਣਾਇਆ ਸੀ ਕਿ ਵਿਖਾਵਾ ਇਸ ਤਰ੍ਹਾਂ ਕਰੋ, ਜਿਵੇਂ ਉਨ੍ਹਾਂ ਦੇ ਘਰ ਭੰਗ ਭੁੱਜਦੀ ਹੈ, ਕੱਪੜਾ-ਲੀੜਾ ਵੀ ਮਾੜਾ-ਮੋਟਾ ਗੁਜ਼ਾਰੇ ਜੋਗਾ। ਪ੍ਰਕਾਸ਼ੋ ਪ੍ਰਧਾਨ ਦੇ ਸੱਸ-ਸਹੁਰਾ ਬੜੇ ਚੰਗੇ ਸਨ। ਉਹ ਵੀ ਘਰ ਦੇ ਕੰਮ ‘ਚ ਨਿਪੁੰਨ ਸੀ। ਚੰਗੇ ਕਾਰ-ਵਿਹਾਰ ਦੀ ਸਮਝ  ਤੇ ਗੱਲ ਕਰਨ ਦਾ ਸਲੀਕਾ ਸੀ। ਮਾਂ ਦੇ ਚੰਗੇ ਸੰਸਕਾਰਾਂ ਤੇ ਅੱਠਵੀਂ ਤਕ ਕੀਤੀ ਪੜ੍ਹਾਈ ਨੇ ਉਸ ਨੂੰ ਬੜਾ ਕੁਝ ਬਿਹਤਰ ਸਿਖਾਇਆ ਸੀ। ਉਸ ਆਪਣੇ ਸੁਚੱਜ ਸਦਕਾ ਦਿਨਾਂ ‘ਚ ਸਹੁਰੇ ਪਰਿਵਾਰ, ਆਂਢ-ਗੁਆਂਢ ਤੇ ਸ਼ਰੀਕੇ ਬਰਾਦਰੀ ਦਾ ਦਿਲ ਜਿੱਤ ਲਿਆ ਸੀ।  ਉਸ ਇੱਕ ਵਾਰ ਫ਼ਿਰ ਕਾਲਾ ਚਸ਼ਮਾ ਲਾਹ ਪਿਛਲੇ ਪਿੰਡ ਦੇ ਅੱਡੇ ਵੱਲ ਵੇਖਿਆ ਪਰ ਉਸ ਦੀ ਗੱਡੀ ਦਾ ਕਿੱਧਰੇ ਨਾਮ-ਨਿਸ਼ਾਨ ਨਹੀਂ ਸੀ। ਸਰਹੱਦ ਨੇੜੇ ਹੋਣ ਕਰਕੇ ਉਸ ਦੇ ਮੋਬਾਈਲ ਦੀ ਰੇਂਜ ਵੀ ਨਹੀਂ ਸੀ ਆ ਰਹੀ। ਪੁਲ ਨੇੜੇ ਨਲਕੇ ਕੋਲ ਰੁੱਖ ਹੇਠ ਘਾਹ ‘ਤੇ ਬੈਠੇ ਉਸ ਦਾ ਸੱਸ-ਸਹੁਰਾ ਵੀ ਗੱਡੀ ਉਡੀਕਦੇ ਪ੍ਰੇਸ਼ਾਨ ਹੋ ਰਹੇ ਸਨ। ਪ੍ਰਕਾਸ਼ੋ ਪ੍ਰਧਾਨ ਦੇ ਸਹੁਰੇ ਨੇ ਭਲੇ ਵੇਲਿਆਂ ‘ਚ ਪਿੰਡ ਵਾਲਾ ਅੰਦਰਲਾ ਘਰ ਵੇਚ, ਔਖੇ-ਸੌਖੇ ਹੋ ਵਿੱਚ ਹੋਰ ਪੈਸੇ ਪਾ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਅੱਡੇ ‘ਚ ਥਾਂ ਲੈ ਚਾਰ ਦੁਕਾਨਾਂ ਅਤੇ ਪਿੱਛੇ ਮਕਾਨ ਬਣਾ ਲਿਆ ਸੀ। ਯੁੱਧਨੀਤਕ ਦ੍ਰਿਸ਼ਟੀ ਤੋਂ ਫ਼ੌਜ, ਜੋ ਇਸ ਬਾਰਡਰ ਦੀ ਅਹਿਮੀਅਤ ਵੇਖ ਸਰਹੱਦ ਦੇ ਨਾਲ-ਨਾਲ ਪੱਕੀ ਸੜਕ ਬਣ ਜਾਣ ਨਾਲ ਨਾ ਸਿਰਫ਼ ਅੱਡਾ ਵਿਕਸਿਤ ਹੋ ਗਿਆ, ਸਗੋਂ ਹੌਲੀ-ਹੌਲੀ ਪਿੰਡ ਕਸਬੇ ਦਾ ਰੂਪ ਧਾਰਨ ਲੱਗਾ। ਸਕੂਲ ਹਾਈ ਹੋ ਗਿਆ। ਬੈਂਕ, ਸਿਵਲ ਡਿਸਪੈਂਸਰੀ, ਜਲਘਰ, ਪਸ਼ੂਆਂ ਦਾ ਹਸਪਤਾਲ, ਪੱਕੀਆਂ ਗਲੀਆਂ-ਨਾਲੀਆਂ, ਬਿਜਲੀ, ਸੋਲਰ ਲਾਈਟਾਂ, ਮਿੰਨੀ ਬੱਸਾਂ ਆਦਿ ਬੁਨਿਆਦੀ ਸਹੂਲਤਾਂ ਮੁਹੱਈਆ ਹੋ ਗਈਆਂ।
ਪਿਛਲੇ ਪਿੰਡਾਂ ਸਰਦੇ-ਪੁੱਜਦੇ ਲੋਕਾਂ ਦੁਕਾਨਾਂ ਤੇ ਪਿੱਛੇ ਕੋਠੀਆਂ ਪਾ ਲਈਆਂ। ਖਾਦ, ਕੀਟਨਾਸ਼ਕ, ਕਰਿਆਨਾ, ਪਸ਼ੂ ਫ਼ੀਡ, ਟੈਂਟ ਹਾਊਸ, ਮੈਡੀਕਲ ਸਟੋਰ, ਸ਼ਰਾਬ ਦਾ ਠੇਕਾ, ਹਾਰਡਵੇਅਰ, ਜਿਊਲਰਜ਼, ਡੇਅਰੀ, ਮੁਰਗੀਖਾਨੇ, ਪੈਟਰੋਲ ਪੰਪ, ਗੈਸ ਏਜੰਸੀ, ਜਨਰਲ ਸਟੋਰ ਤੇ ਇਲੈਕਟ੍ਰੋਨਿਕਸ ਆਦਿ ਕੰਮ-ਧੰਦੇ ਬੜੀ ਸ਼ਾਨ ਨਾਲ ਚੱਲ ਨਿਕਲੇ। ਪ੍ਰਕਾਸ਼ੋ ਪ੍ਰਧਾਨ ਹੋਰੀਂ ਵੀ ਦੁਕਾਨਾਂ ਉੱਚੀਆਂ ਕਰ ਪਿੱਛੇ ਕੋਠੀ ਪਾਉਣ ਦੀਆਂ ਵਿਉਂਤਾਂ ਬਣਾਉਣ ਲੱਗੇ। ਇਨ੍ਹਾਂ ਕੰਮ-ਧੰਦਿਆਂ ਨਾਲ ਜਿਥੇ ਆਰਥਿਕਤਾ ਮਜ਼ਬੂਤ ਹੋਈ, ਉਥੇ ਹੀ ਨੌਜਵਾਨਾਂ ‘ਚ ਵਧ ਰਹੇ ਨਸ਼ੇ ਦੇ ਰੁਝਾਨ ਵਰਗੀਆਂ ਨਾਂਹ-ਪੱਖੀ ਅਲਾਮਤਾਂ ਵੀ ਪ੍ਰਗਟ ਹੋਣ ਲੱਗ ਪਈਆਂ। ਜਵਾਨੀ ਗਰਕ ਹੋਣ ਲੱਗੀ। ਨਸ਼ਿਆਂ ਦੇ ਇਸ ਪਸਾਰ ‘ਚ ਪ੍ਰਧਾਨ ਪ੍ਰਕਾਸ਼ੋ ਦੇ ਸੱਸ-ਸਹੁਰੇ ਤੇ ਘਰਵਾਲੇ ਨੇ ਬੜਾ ਅਹਿਮ ਯੋਗਦਾਨ ਪਾਇਆ।
ਉਸ ਨੂੰ ਚੇਤੇ ਆਇਆ, ਜਦੋਂ ਜਗੀਰਾ ਇਸ ਸੋਚ ਪਾਸ਼ੋ ਕੋਲ ਆਉਣ ਲੱਗਾ ਕਿ ਉਸ ਨੇ ਉਸ ਘਟਨਾ ਬਾਰੇ ਘਰ ਕਿਸੇ ਨੂੰ ਨਹੀਂ ਸੀ ਦੱਸਿਆ। ਉਹ ਉਸ ਨਾਲ ਨਾਰਾਜ਼ ਵੀ ਨਹੀਂ ਸੀ ਹੋਈ। ਪਾਸ਼ੋ ਤਾਂ ਉਸ ਤੋਂ ਆਪਣੇ ਸੋਚੇ ਢੰਗ-ਤਰੀਕੇ ਨਾਲ ਬਦਲਾ ਲੈਣਾ ਚਾਹੁੰਦੀ ਸੀ। ਜਗੀਰਾ ਵੀ ਹੋਰਾਂ ਵਾਂਗ ਉਨ੍ਹਾਂ ਦੇ ਘਰ ਨਸ਼ੇ-ਪੱਤੇ ਲਈ ਆਉਂਦਾ ਸੀ। ਭਾਵੇਂ ਉਹ ਉਸ ਨੂੰ ਵਿਹੁ ਲੱਗਦਾ ਪਰ ਫ਼ਿਰ ਵੀ ਉਹ ਜਿੰਨਾ ਨਸ਼ਾ ਮੰਗਦਾ, ਉਸ ਨੂੰ ਮਿਲ ਜਾਂਦਾ ਫ਼ਿਰ ਤਾਂ ਉਹ ਆਦੀ ਹੋ ਗਿਆ। ਉਹ ਜਿੰਨਾ ਨਸ਼ਾ ਖਾਂਦਾ-ਪੀਂਦਾ ਓਨੇ ਹੀ ਨਸ਼ੇ ਉਸ ਦੀ ਦੇਹੀ ਨੂੰ ਘੁਣ ਵਾਂਗ ਖਾਈ ਜਾਂਦੇ। ਆਖਿਰ ਉਹ ਨਸ਼ੇ ‘ਚ ਗਰਕ ਹੋ ਗਿਆ ਤੇ ਅੱਜ ਉਸ ਦਾ ਸਿਵਾ ਬਲ ਰਿਹਾ ਸੀ। ਇੱਕ ਬਲਾਤਕਾਰੀ ਤੇ ਨਸ਼ੇੜੀ ਦਾ ਡਰਾਉਣਾ ਅੰਤ।
ਪ੍ਰਧਾਨ ਪ੍ਰਕਾਸ਼ੋ ਹੋਰਾਂ ਦਾ ਧੰਦਾ ਕਾਫ਼ੀ ਵਧ-ਫ਼ੁੱਲ ਗਿਆ ਸੀ। ਉਹ ਬਣਦਾ ਹਿੱਸਾ ਆਪਣੇ ਸਿਆਸੀ ਆਕਾ, ਉੱਚ ਪੁਲਿਸ ਅਧਿਕਾਰੀਆਂ ਤੋਂ ਹੇਠਾਂ ਥਾਣੇ-ਚੌਕੀ ਤਕ ਨਿਰਵਿਘਨ ਬਕਾਇਦਗੀ ਨਾਲ ਭੇਜਦੀ ਸੀ ਪਰ ਇਸ ਧੰਦੇ ਨੇ ਉਸ ਨੂੰ ਚੰਟ ਵੀ ਬਣਾ ਦਿੱਤਾ ਸੀ। ਉਸ ਨੇ ਹੁਕਮਰਾਨ ਪਾਰਟੀ ਦੇ ਸਥਾਨਕ ਆਗੂਆਂ ਤੋਂ ਲੈ ਕੇ ਹਲਕਾ ਵਿਧਾਇੱਕ ਤਕ ਅਜਿਹੇ ਪੀਡੇ ਸੰਬੰਧ ਬਣਾ ਲਏ ਕਿ ਉਸ ਦੇ ਸਾਰੇ ਕੰਮ ਹੁਣ ਅਫ਼ਸਰਸ਼ਾਹੀ ਮਿੰਟ ‘ਚ ਕਰ ਦਿੰਦੀ, ਉਹ ਵੀ ਕਿਸੇ ਦਾ ਹੱਕ ਨਹੀਂ ਸੀ ਰੱਖਦੀ। ਧੰਦੇ ਦੀ ਸਰਪ੍ਰਸਤੀ ਤੋਂ ਇਲਾਵਾ ਉਸ ਨੇ ਆਮ ਲੋਕਾਂ ਦੀ ਸਹੂਲਤ ਲਈ ਸੰਪਰਕ ਸੜਕਾਂ ਪੁਲ ਆਦਿ ਬਣਵਾ ਲਏ। ਉਹ ਸ਼ਗਨ ਸਕੀਮ, ਬਢਾਪਾ ਵਿਧਵਾ ਪੈਨਸ਼ਨਾਂ, ਬੇਘਰੇ ਦਲਿਤਾਂ ਲਈ ਪੱਕਾ ਮਕਾਨ, ਵੋਟਾਂ ਬਣਵਾਉਣ, ਕਟਵਾਉਣ,  ਦਾਜ-ਦਹੇਜ ਲਈ ਨੂੰਹਾਂ ਨੂੰ ਤੰਗ-ਪ੍ਰੇਸ਼ਾਨ ਕਰਨ, ਤਲਾਕ ਤੇ ਘਰੇਲੂ ਹਿੰਸਾ ਆਦਿ ਅਤੇ ਸ਼ਰੀਕੇਬਾਜ਼ੀ ਕਰਕੇ ਹੋਣ ਵਾਲੀਆਂ ਲੜਾਈਆਂ-ਝਗੜੇ ਦੇ ਮਨਮਰਜ਼ੀ ਨਾਲ ਫ਼ੈਸਲੇ ਕਰਵਾਉਣ ਵਾਲੀ ਪ੍ਰਕਾਸ਼ੋ ਪ੍ਰਧਾਨ ਬਣ ਗਈ ਸੀ। ਉਹ ਚੁਸਤ-ਚਲਾਕ ਤਾਂ ਪਹਿਲਾਂ ਹੀ ਸੀ ਪਰ ਆਪਣੀ ਤਿਕੜਮਬਾਜ਼ੀ ਕਰਕੇ ਇਹ ਕਾਰਜ ਵੀ ਬਾਖੂਬੀ ਸਿਰੇ ਚਾੜ੍ਹੇ। ਕੰਮਾਂ ਵਾਲੇ ਸਾਹਮਣੇ ਪ੍ਰਧਾਨ ਜੀ ਆਖਦੇ ਪਰ ਪਿੱਠ ਪਿੱਛੇ ਚਾਲੂ ਪ੍ਰਧਾਨਣੀ ਤੇ ਪ੍ਰਕਾਸ਼ੋ ਗਸ਼ਤੀ ਆਖਦੇ।
ਉਹ ਮਹਿਸੂਸ ਕਰਦੀ ਸੀ। ਪੈਸਾ ਹੀ ਇੱਜ਼ਤ ਨਹੀਂ ਹੁੰਦਾ। ਉਹ ਆਪਣੇ ਇਸ ਕਿਰਦਾਰ ਤੋਂ ਪ੍ਰੇਸ਼ਾਨ ਵੀ ਸੀ। ਉਸ ਸੋਚਿਆ, ਜੇ ਜਗੀਰਾ ਸ਼ਰੀਕੇ ਬਰਾਦਰੀ ਵਿੱਚੋਂ ਲੱਗਦੀ ਭੈਣ ਨਾਲ ਜਬਰ-ਜ਼ਨਾਹ ਕਰਕੇ ਭਾਈਚਾਰਕ ਸਾਂਝ ਤੇ ਕਦਰਾਂ-ਕੀਮਤਾਂ ਨੂੰ ਸ਼ਰਮਸਾਰ ਨਾ ਕਰਦਾ ਤਾਂ ਅੱਜ ਉਹ ਨਸ਼ੀਲੇ ਪਦਾਰਥਾਂ ਦੀ ਧੰਦੇਬਾਜ਼  ਤੇ ਬਦਚਲਨ ਔਰਤ  ਨਾ ਹੁੰਦੀ। ਪ੍ਰਕਾਸ਼ੋ ਪ੍ਰਧਾਨ ਨੂੰ ਬੁਝ ਰਹੇ ਸਿਵੇ ‘ਚੋਂ ਮਚ ਰਹੀ ਅੱਗ ਦੀ ਬਦਲਾਖੋਰੀ ਸਾਫ਼ ਤੇ ਸੱਪਸ਼ਟ ਵਿਖਾਈ ਦੇ ਰਹੀ ਸੀ। ਉਹ ਚੁੱਪਚਾਪ ਆਹ ਭਰ ਡਰਾਈਵਰ ਨਾਲ ਦੀ ਸੀਟ ‘ਤੇ ਬੈਠ ਗਈ
ਮੁਖਤਾਰ ਗਿੱਲ

LEAVE A REPLY