3ਮੁਹਾਲੀ:  ਨੋਟਬੰਦੀ ਦਾ ਅੱਜ 22ਵਾਂ ਦਿਨ ਹੈ ਪਰ ਕੈਸ਼ ਦੀ ਕਿੱਲਤ ਨੂੰ ਲੈ ਕੇ ਲੋਕਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ। ਬੈਂਕ ‘ਚ ਪਏ ਆਪਣੇ ਹੀ ਪੈਸੇ ਲੈਣ ਲਈ ਲੋਕ ਲਾਈਨਾਂ ‘ਚ ਖੜ੍ਹੇ ਹਨ ਪਰ ਬਾਵਜੂਦ ਇਸ ਦੇ ਕਈ ਘੰਟੇ ਖੜ੍ਹੇ ਰਹਿਣ ਦੇ ਬਾਅਦ ਵੀ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ। ATM ਦੇ ਬਾਹਰ ‘ਨੋ ਕੈਸ਼’ ਦੀ ਪਲੇਟ ਲੱਗੀ ਹੈ ਤੇ ਬੈਂਕ ਕੈਸ਼ ਨਾ ਹੋਣ ਦਾ ਦਾਅਵਾ ਕਰ ਲੋਕਾਂ ਨੂੰ ਵਾਪਸ ਭੇਜ ਰਹੇ ਹਨ। ਆਖਰ ਕੈਸ਼ ਦੀ ਕਿੱਲਤ ਦਾ ਸੱਚ ਕੀ ਹੈ? ਕੀ ਵਾਕਿਆ ਹੀ ਬੈਂਕਾਂ ਕੋਲ ਪੈਸੇ ਨਹੀਂ ਹਨ? ਜਾਂ ਫਿਰ ਇਸ ਪਿੱਛੇ ਵੀ ਬੈਂਕਾਂ ਦਾ ਕੋਈ ਗੜਬੜ ਘੁਟਾਲਾ ਹੈ। ਇਸ ਮਾਮਲੇ ‘ਤੇ ਪੇਸ਼ ਹੈ ਇਹ ਰਿਪੋਰਟ।
ਨੋਟਬੰਦੀ ਦੇ ਚੱਲਦੇ ਮੁਸ਼ਕਲ ‘ਚ ਫਸੀ ਜਨਤਾ ਬੈਂਕਾਂ ਦੇ ਚੱਕਰ ਕੱਢ ਰਹੀ ਹੈ ਪਰ ਹੱਥ ਕੁਝ ਨਹੀਂ ਲੱਗ ਰਿਹਾ। ਬੈਂਕਾਂ ਮੁਤਾਬਕ ਉਨ੍ਹਾਂ ਕੋਲ ਕੈਸ਼ ਨਹੀਂ। ਇਸ ਪੂਰੇ ਮਾਮਲੇ ਦੀ ਪੜਤਾਲ ਲਈ ਅਸੀਂ ਮੁਹਾਲੀ ਦੇ 3B2 ‘ਚ HDFC ਬੈਂਕ ਦੀ ਸ਼ਾਖਾ ‘ਚ ਗਏ। ਇੱਥੇ ਦੇਖਿਆ ਕਿ ਬੈਂਕ ਦੇ ਬਾਹਰ ਲੋਕਾਂ ਦੀ ਵੱਡੀ ਲਾਈਨ ਲੱਗੀ ਹੈ। ਇਹ ਸਾਰੇ ਬੈਂਕ ਤੋਂ ਸਰਕਾਰ ਦੀਆਂ ਤੈਅ ਕੀਤੀਆਂ ਸ਼ਰਤਾਂ ਮੁਤਾਬਕ ਹੀ ਪੈਸਾ ਲੈਣ ਪਹੁੰਚੇ ਹਨ।
ਸਵੇਰ ਤੋਂ ਲਾਈਨ ‘ਚ ਲੱਗੀ ਹੋਈ ਜਨਤਾ ਨੂੰ ਗੇਟ ‘ਤੇ ਰੋਕਿਆ ਗਿਆ ਸੀ। ਬੈਂਕ ਅਧਿਕਾਰੀਆਂ ਤੇ ਗਾਰਡ ਨੇ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਪਰ ਅਚਾਨਕ ਦੁਪਹਿਰ ਕਰੀਬ 12.30 ਵਜੇ ਬੈਂਕ ਦਾ ਇੱਕ ਅਧਿਕਾਰੀ ਗੇਟ ‘ਤੇ ਪਹੁੰਚਦਾ ਹੈ। ਇਸ ਅਧਿਕਾਰੀ ਨੇ ਐਲਾਨ ਕਰ ਦਿੱਤਾ ਕਿ ਬੈਂਕ ‘ਚ ਪੈਸਾ ਖਤਮ ਹੋ ਚੁੱਕਾ ਹੈ। ਹੁਣ ਕਿਸੇ ਨੂੰ ਵੀ ਨਵੇਂ ਨੋਟ ਨਹੀਂ ਮਿਲਣਗੇ। ਸਭ ਨੂੰ ਅਗਲੇ ਦਿਨ ਦੁਬਾਰਾ ਆ ਕੇ ਇਸ ਲਾਈਨ ਵਾਲੀ ਪ੍ਰੈਕਟਿਸ ਮੁੜ ਕਰਨ ਦਾ ਸਾਫ ਸੁਨੇਹਾ ਦਿੱਤਾ ਜਾ ਚੁੱਕਾ ਸੀ ਪਰ ਇਸ ‘ਤੇ ਲੋਕਾਂ ਨੇ ਕਈ ਸਵਾਲ ਚੁੱਕੇ। ਸਭ ਦਾ ਕਹਿਣਾ ਸੀ ਕਿ ਆਖਰ ਬੈਂਕ ਨੇ ਕਿੰਨੇ ਲੋਕਾਂ ਨੂੰ ਕੈਸ਼ ਦਿੱਤਾ ਹੈ ਕਿਉਂਕਿ ਕੈਸ਼ ਆਉਣ ਤੋਂ ਬਾਅਦ ਤਾਂ ਲੋਕ ਬਾਹਰ ਇਸ ਇੰਤਜ਼ਾਰ ‘ਚ ਖੜ੍ਹੇ ਸਨ ਕਿ ਕਦ ਵਾਰੀ ਆਵੇ ਪਰ ਅਚਾਨਕ ਸਾਰਾ ਪੈਸਾ ਕਿਵੇਂ ਖਤਮ ਹੋ ਗਿਆ ?
ਹੁਣ ਤੁਹਾਨੂੰ ਇਸ ਸਵਾਲ ਦਾ ਜਵਾਬ ਦਿੰਦੇ ਹਾਂ। ਦਰਅਸਲ ਜਿਸ ਵੇਲੇ ਬੈਂਕ ਦਾ ਇੱਕ ਅਧਿਕਾਰੀ ਆਪਣੇ ਸਾਥੀ ਅਧਿਕਾਰੀ ਨੂੰ ਬਾਹਰ ਕੈਸ਼ ਖਤਮ ਹੋਣ ਦਾ ਐਲਾਨ ਕਰਨ ਲਈ ਕਹਿ ਰਿਹਾ ਸੀ ਤਾਂ ਸਾਡਾ ਪੱਤਰਕਾਰ ਖੁਦ ਉੱਥੇ HDFC ਬੈਂਕ ਅੰਦਰ ਮੌਜੂਦ ਸੀ। ਇਹ ਅਧਿਕਾਰੀ ਨਹੀਂ ਜਾਣਦੇ ਸਨ ਕਿ ਉਹ ਪੱਤਰਕਾਰ ਹੈ। ਅਜਿਹੇ ‘ਚ ਉਨ੍ਹਾਂ ਨੇ ਕੈਸ਼ ਖਤਮ ਹੋਣ ਦਾ ਐਲਾਨ ਕਰਨ ਦੀ ਕਹਾਣੀ ਕੋਲ ਖੜ੍ਹੇ ਹੋਣ ਸਮੇਂ ਹੀ ਘੜੀ ਸੀ।
ਤੁਹਾਨੂੰ ਪੂਰੀ ਕਹਾਣੀ ਤੋਂ ਵੀ ਜਾਣੂ ਕਰਵਾਉਂਦੇ ਹਾਂ ਕਿ ਜਿਸ ਵੇਲੇ HDFC ਬੈਂਕ ਦੇ ਬਾਹਰ ਜਨਤਾ ਕੈਸ਼ ਦਾ ਇੰਤਜਾਰ ਕਰ ਰਹੀ ਸੀ ਤਾਂ ਅੰਦਰ ਕੀ ਕੁਝ ਚੱਲ ਰਿਹਾ ਸੀ। ਪੱਤਰਕਾਰ ਬੈਂਕ ਦੇ ਕੈਸ਼ ਕਾਉਂਟਰ ‘ਤੇ ਖੜ੍ਹਾ ਸੀ। ਬੈਂਕ ਦੇ ਕੈਸ਼ ਕਾਉਂਟਰ ਦੇ ਅੰਦਰ ਖੜ੍ਹਾ ਸੀ ਬੈਂਕ ਦਾ ਇੱਕ ਅਧਿਕਾਰੀ। ਹੋਰ ਕਰਮਚਾਰੀਆਂ ਤੋਂ ਬਾਅਦ ‘ਚ ਪੁੱਛਣ ‘ਤੇ ਪਤਾ ਲੱਗਾ ਕਿ ਇਹ ਬੈਂਕ ਦਾ ਪਰਸਨਲ ਬੈਂਕਰ ਅਮਨਜੀਤ ਸਿੰਘ ਹੈ।
ਪੱਤਰਕਾਰ ਦੇ ਸਾਹਮਣੇ ਅਚਾਨਕ ਅਮਨਜੀਤ ਸਿੰਘ ਫੋਨ ‘ਤੇ ਗੱਲ ਕਰਨ ਲੱਗਾ। ਕੁਝ ਦੇਰ ਗੱਲ ਕਰਨ ਤੋਂ ਬਾਅਦ ਜਿਵੇਂ ਹੀ ਉਸ ਨੇ ਫੋਨ ਕੱਟਿਆ ਤਾਂ ਆਪਣੇ ਇੱਕ ਹੋਰ ਸਾਥੀ ਨੂੰ ਹਦਾਇਤ ਦੇਣੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਸਾਥੀ ਨੂੰ ਦੱਸਿਆ ਕਿ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ HDFC ਦੀਆਂ ਸਾਰੀਆਂ ਬ੍ਰਾਂਚਾਂ ‘ਚ ਕੈਸ਼ ਨਾ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਸੀਂ ਵੀ ਕੈਸ਼ ਦੇਣਾ ਬੰਦ ਕਰ ਦਿਓ ਕਿਉਂਕਿ ਕੱਲ੍ਹ ਬੈਂਕ ‘ਚ ਕੈਸ਼ ਨਹੀਂ ਆਏਗਾ। ਉਸ ਨੇ ਇਹ ਵੀ ਕਿਹਾ ਕਿ ਹਾਲਾਂਕਿ ਇਸ ਵੇਲੇ ਬੈਂਕ ‘ਚ 5 ਲੱਖ ਰੁਪਏ ਦੀ ਨਵੀਂ ਕਰੰਸੀ ਮੌਜੂਦ ਹੈ ਪਰ ਇਹ ਨੋਟ ਹੁਣ ਕੱਲ੍ਹ ਵੰਡਾਂਗੇ। ਸਭ ਨੂੰ ਕਹਿ ਦਿਓ ਕਿ ਅੱਜ ਕੈਸ਼ ਖਤਮ ਹੋ ਚੁੱਕਾ ਹੈ।
ਇਹ ਪੂਰੀ ਕਹਾਣੀ ਪੱਤਰਕਾਰ ਨੇ ਆਪਣੇ ਕੰਨੀ ਸੁਣ ਲਈ ਸੀ। ਹੈਰਾਨੀ ਵੀ ਬਹੁਤ ਹੋਈ ਤੇ ਕਈ ਸਵਾਲ ਉੱਠ ਖੜ੍ਹੇ ਹੋਏ ਕਿ ਕੀ ਨੋਟਬੰਦੀ ਦੀ ਆੜ ‘ਚ ਬੈਂਕਾਂ ਇਸ ਤਰ੍ਹਾਂ ਗੜਬੜ ਘੁਟਾਲੇ ਕਰ ਰਹੀਆਂ ਹਨ? ਕੀ ਇਹ ਲੋਕ ਪੈਸਾ ਹੋਣ ਦੇ ਬਾਵਜੂਦ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ? ਕੀ ਹੋਰ ਬੈਂਕਾਂ ‘ਚ ਵੀ ਇਹੀ ਸਭ ਚੱਲ ਰਿਹਾ ਹੈ? ਆਖਰ ਜਦ ਇਹ ਪੈਸਾ ਲਾਈਨ ‘ਚ ਲੱਗੀ ਜਨਤਾ ਨੂੰ ਨਹੀਂ ਦਿੱਤਾ ਜਾ ਰਿਹਾ ਤਾਂ ਕਿਸ ਨੂੰ ਦਿੱਤਾ ਜਾਣਾ ਹੈ। ਇਹਨਾਂ ਸਵਾਲਾਂ ਦਾ ਜਵਾਬ ਹੁਣ ਬੈਂਕ ਅਧਿਕਾਰੀਆਂ ਨੇ ਦੇਣਾ ਹੈ।

LEAVE A REPLY