6ਬਰਨਾਲਾ— ਇਕ ਬੈਂਕ ਨੇ ਕੁਝ ਹੀ ਪਲਾਂ ਵਿਚ ਇਕ ਟੈਕਸੀ ਡਰਾਈਵਰ ਨੂੰ ਅਰਬਪਤੀ ਬਣਾ ਦਿੱਤਾ। ਇੰਨਾ ਹੀ ਨਹੀਂ ਇਹ ਗਲਤੀ ਇਕ ਵਾਰ ਨਹੀਂ ਬਲਕਿ ਦੋ ਵਾਰ ਕੀਤੀ ਗਈ। ਜਦੋਂ ਕਿ ਪਹਿਲੀ ਵਾਰ ਦਾ ਮਾਮਲਾ ਬੈਂਕ ਦੇ ਧਿਆਨ ਵਿਚ ਆ ਗਿਆ ਸੀ। ਬੈਂਕ ਨੇ ਆਪਣੀ ਕਰਤੂਤ ਲੁਕਾਉਣ ਵਾਸਤੇ ਡਰਾਈਵਰ ਤੋਂ ਉਸ ਦੀ ਬੈਂਕ ਅਕਾਊਂਟ ਵਾਲੀ ਕਾਪੀ ਵੀ ਖੋਹ ਲਈ। ਇਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਟੈਕਸੀ ਡਰਾਈਵਰ ਇੰਨਾ ਡਰ ਗਿਆ ਹੈ ਕਿ ਉਸ ਨੇ ਇਨਕਮ ਟੈਕਸ ਵਿਭਾਗ ਤੋਂ ਬਚਣ ਲਈ ਚਿੱਠੀ ਲਿਖ ਕੇ ਇਨਸਾਫ ਦੀ ਗੁਹਾਰ ਲਾਈ ਹੈ। ਜਿਥੇ ਉਹ ਇਸ ਘਟਨਾ ਤੋਂ ਬਾਅਦ ਖੌਫ ਵਿਚ ਜੀ ਰਿਹਾ ਹੈ ਉਥੇ ਉਸ ਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਖਤਰਾ ਸਤਾ ਰਿਹਾ ਹੈ।
4 ਨਵੰਬਰ ਨੂੰ ਬੈਂਕ ਨੇ ਖਾਤੇ ‘ਚ ਪਾਈ 98 ਅਰਬ, 5 ਕਰੋੜ, 95 ਲੱਖ ਦੀ ਰਾਸ਼ੀ
ਉਕਤ ਬੈਂਕ ਨੇ ਟੈਕਸੀ ਡਰਾਈਵਰ ਬਲਵਿੰਦਰ ਸਿੰਘ ਦੇ ਅਕਾਊਂਟ ਵਿਚ 4 ਨਵੰਬਰ ਨੂੰ 98 ਅਰਬ, 5 ਕਰੋੜ, 95 ਲੱਖ (98,05,95,12,231.00) ਦੀ ਰਕਮ ਪਾ ਦਿੱਤੀ। ਟੈਕਸੀ ਡਰਾਈਵਰ ਬਲਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸ ਦੇ ਮੋਬਾਇਲ ‘ਤੇ ਉਕਤ ਰਕਮ ਸਬੰਧੀ ਬੈਂਕ ਦਾ ਮੈਸਿਜ ਆਇਆ ਤਾਂ ਉਸ ਦੇ ਹੋਸ਼ ਉਡ ਗਏ। ਉਹ ਇਸ ਰਕਮ ਦੀ ਗਿਣਤੀ ਜਾਣਨ ਲਈ ਚਾਰਟਰਡ ਅਕਾਊਂਟੈਂਟ ਕੋਲ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਖਾਤੇ ਵਿਚ ਅਰਬਾਂ ਹੀ ਰੁਪਏ ਆ ਗਏ ਹਨ, ਜਿਸ ਨੂੰ ਸੁਣ ਕੇ ਉਹ ਸੁੰਨ ਹੋ ਗਿਆ। 5 ਨਵੰਬਰ ਨੂੰ ਜਦੋਂ ਉਹ ਬੈਂਕ ਵਿਚ ਗਿਆ ਤਾਂ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਗਲਤੀ ਨਾਲ ਉਨ੍ਹਾਂ ਦੇ ਅਕਾਊਂਟ ਵਿਚ ਪੈਸੇ ਪਾ ਦਿੱਤੇ ਹਨ। ਇਸ ਤੋਂ ਬਾਅਦ 7 ਨਵੰਬਰ ਨੂੰ ਜਦੋਂ ਉਹ ਕਾਪੀ ‘ਤੇ ਆਪਣੇ ਪੈਸਿਆਂ ਦਾ ਹਿਸਾਬ ਕਿਤਾਬ ਲਿਖਵਾਉਣ ਲਈ ਗਿਆ ਤਾਂ ਬੈਂਕ ਅਧਿਕਾਰੀਆਂ ਨੇ ਉਸ ਦੀ ਕਾਪੀ ਹੀ ਫੜ ਲਈ ਅਤੇ ਵਾਰ-ਵਾਰ ਮੰਗਣ ‘ਤੇ ਵੀ ਨਹੀਂ ਦਿੱਤੀ। ਇਕ-ਦੋ ਦਿਨ ਬਾਅਦ ਉਸ ਨੂੰ ਨਵੀਂ ਕਾਪੀ ਬਣਾ ਕੇ ਦੇ ਦਿੱਤੀ ਗਈ।
ਬੈਂਕ ਨੇ ਮੁੜ ਪਾਏ ਡਰਾਈਵਰ ਦੇ ਖਾਤੇ ‘ਚ 9 ਅਰਬ,99 ਕਰੋੜ, 99 ਲੱਖ ਰੁਪਏ
ਟੈਕਸੀ ਡਰਾਈਵਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਬੈਂਕ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ 19 ਨਵੰਬਰ ਨੂੰ ਫਿਰ ਬੈਂਕ ਨੇ ਉਸ ਦੇ ਖਾਤੇ ਵਿਚ 9,99,99,97,486.19 ਰੁਪਏ ਪਾ ਦਿੱਤੇ। ਜਦੋਂ ਫਿਰ ਉਹ ਬੈਂਕ ਵਿਚ ਗਿਆ ਤਾਂ ਬੈਂਕ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਸ ਨੂੰ ਕਿਹਾ ਕਿ ਉਸ ਦਾ ਬੈਂਕ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਲਿਖ ਕੇ ਭੇਜਿਆ। ਉਸ ਨੇ ਦੋਸ਼ ਲਾਇਆ ਕਿ ਵਾਰ-ਵਾਰ ਬੈਂਕ ਦੇ ਚੱਕਰ ਲਾਉਣ ਦੇ ਬਾਵਜੂਦ ਅਧਿਕਾਰੀਆਂ ਨੇ ਉਸ ਨੂੰ ਕੋਈ ਰਾਹ ਨਹੀਂ ਦਿੱਤਾ।
ਮੀਡੀਆ ਦੇ ਧਿਆਨ ‘ਚ ਲਿਆਉਣ ‘ਤੇ ਬੈਂਕ ਨੇ ਕੀਤਾ ਖਾਤਾ ਚਾਲੂ
ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੈਂਕ ਵਿਚ ਚੱਕਰ ਕੱਟਦਾ ਹਾਰ ਗਿਆ ਤਾਂ ਉਸ ਨੇ ਮਾਮਲਾ ਮੀਡੀਆ ਦੇ ਧਿਆਨ ਵਿਚ ਲਿਆਂਦਾ। ਮੀਡੀਆ ਨੂੰ ਵੇਖ ਕੇ ਬੈਂਕ ਅਧਿਕਾਰੀਆਂ ਨੇ ਉਸ ਦੀ ਬੈਂਕ ਦੀ ਸਟੇਟਮੈਂਟ ਕੱਢ ਕੇ ਦਿੱਤੀ ਅਤੇ ਖਾਤਾ ਚਾਲੂ ਕਰ ਦਿੱਤਾ। ਉਸ ਨੇ ਦੱਸਿਆ ਕਿ ਬੈਂਕ ਦੀ ਸਟੇਟਮੈਂਟ ਵਿਚ 4 ਨਵੰਬਰ ਵਾਲੀ ਰਕਮ ਤਾਂ ਆ ਗਈ ਹੈ ਪਰ 19 ਨਵੰਬਰ ਵਾਲੀ ਰਕਮ ਇਸ ਸਟੇਟਮੈਂਟ ਵਿਚ ਨਹੀਂ ਆਈ।
ਬੈਂਕ ਦੇ ਪੈਸੇ ਲੈ ਕੇ ਜਾਂਦਾ ਸੀ ਆਪਣੀ ਟੈਕਸੀ ‘ਚ
ਉਕਤ ਟੈਕਸੀ ਡਰਾਈਵਰ ਦਾ ਬੈਂਕ ਦੀ ਬ੍ਰਾਂਚ ਨਾਲ ਟਾਈਅਪ ਸੀ। ਉਹ ਪਿਛਲੇ 6 ਮਹੀਨਿਆਂ ਤੋਂ ਇਸ ਬੈਂਕ ਦੇ ਪੈਸੇ ਦੂਜੀ ਬ੍ਰਾਂਚ ਵਿਚ ਲੈ ਕੇ ਜਾਂਦਾ ਸੀ। ਇਕ ਗੇੜੇ ਬਦਲੇ ਬੈਂਕ ਵੱਲੋਂ ਉਸ ਨੂੰ 200 ਰੁਪਏ ਮਿਲਦੇ ਸਨ। ਉਕਤ ਪੈਸੇ ਉਸ ਦੇ ਅਕਾਊਂਟ ਵਿਚ ਪਾਉਣ ਦੀ ਬਜਾਏ ਅਰਬਾਂ ਰੁਪਏ ਉਸ ਦੇ ਖਾਤੇ ਵਿਚ ਪਾ ਦਿੱਤੇ ਗਏ।
ਬੈਂਕ ਮੈਨੇਜਰ ਨੇ ਧਾਰੀ ਚੁੱਪ
ਜਦੋਂ ਇਸ ਸਬੰਧੀ ਉਕਤ ਬੈਂਕ ਮੈਨੇਜਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਚੁੱਪੀ ਧਾਰ ਲਈ। ਪੱਤਰਕਾਰਾਂ ਦੇ ਵਾਰ-ਵਾਰ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਗਲਤੀ ਨਾਲ ਇਹ ਸਭ ਕੁਝ ਹੋ ਗਿਆ ਹੈ। ਬਾਕੀ ਇਸ ਮਾਮਲੇ ਦੀ ਬੈਂਕ ਦੇ ਉਚ ਅਧਿਕਾਰੀ ਜਾਂਚ ਕਰ ਰਹੇ ਹਨ।
ਇਨਕਮ ਟੈਕਸ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ
ਓਧਰ, ਰਾਤ ਨੂੰ ਅਸਿਸਟੈਂਟ ਇਨਕਮ ਟੈਕਸ ਕਮਿਸ਼ਨਰ ਸੰਗਰੂਰ ਪ੍ਰਿਤਪਾਲ ਸਿੰਘ, ਆਈ. ਟੀ.ਓ. ਕਪਿਲ ਕਿਸ਼ੋਰ ਤੇ ਮੈਡਮ ਸਰੋਜ ਰਾਣੀ ਨੇ ਸਟੇਟ ਬੈਂਕ ਆਫ ਪਟਿਆਲਾ ਦੀ ਉਕਤ ਬ੍ਰਾਂਚ ‘ਤੇ ਛਾਪਾ ਮਾਰਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਅਧਿਕਾਰੀ ਇਹ ਪਤਾ ਕਰਨ ਆਏ ਸਨ ਕਿ ਇੰਨੀ ਵੱਡੀ ਰਕਮ ਇਕ ਟੈਕਸੀ ਡਰਾਈਵਰ ਦੇ ਖਾਤੇ ‘ਚ ਕਿਵੇਂ ਪੈ ਗਈ। ਖਬਰ ਲਿਖੇ ਜਾਣ ਤੱਕ ਛਾਪੇਮਾਰੀ ਜਾਰੀ ਸੀ।

LEAVE A REPLY