4ਮੁੰਬਈ — ਵੱਡੇ ਨੋਟਾਂ ਨੂੰ ਵਾਪਸ ਲੈਣ ਦੇ ਸਰਕਾਰ ਦੇ ਫੈਸਲੇ ਦਾ ਇਕ ਹਫਤੇ ਤੋਂ ਜ਼ਿਆਦਾ ਬੀਤਣ ਦੇ ਬਾਅਦ ਵੀ ਬੈਂਕਾਂ ‘ਚ ਕੰਮਕਾਜ ਅਜੇ ਆਮ ਵਰਗਾ ਨਹੀਂ ਹੋ ਪਾਇਆ ਹੈ। ਨਵੇਂ ਨੋਟਾਂ ਦਾ ਸਾਈਜ਼ ਵੱਖ ਹੋਣ ਨਾਲ ਏ. ਟੀ. ਐੱਮ. ‘ਚੋਂ 2000 ਰੁਪਏ ਦੇ ਨੋਟ ਨਹੀਂ ਨਿਕਲ ਪਾ ਰਹੇ ਹਨ, ਜਿਸ ਲਈ ਬੀਤੇ 4 ਦਿਨਾਂ ਤੋਂ ਏ. ਟੀ. ਐੱਮ. ਨੂੰ ਦਰੁਸਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਏ. ਟੀ. ਐੱਮ. ਆਪ੍ਰੇਸ਼ਨ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ 30,000 ਏ. ਟੀ. ਐੱਮ. ਠੀਕ ਕੀਤੇ ਜਾ ਚੁੱਕੇ ਹਨ।
ਇਕ ਅਨੁਮਾਨ ਮੁਤਾਬਕ ਹਰੇਕ ਦਿਨ 7000 ਤੋਂ 8000 ਏ. ਟੀ. ਐੱਮਜ਼ ਨੂੰ ਠੀਕ ਕੀਤਾ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਐੱਸ. ਐੱਸ. ਮੁੰਦੜਾ ਦੀ ਅਗਵਾਈ ‘ਚ ਗਠਿਤ ਕਾਰਜਬਲ ਨੇ ਰੋਜ਼ਾਨਾ 12,500 ਏ. ਟੀ. ਐੱਮਜ਼ ਨੂੰ ਦਰੁਸਤ ਕਰਨ ਦਾ ਟੀਚਾ ਰੱਖਿਆ ਹੈ। ਹਾਲਾਂਕਿ ਐਕਸਪਰਟ ਨੇ ਕਿਹਾ ਕਿ ਇਹ ਟੀਚਾ ਥੋੜ੍ਹਾ ਅਭਿਲਾਸ਼ੀ ਹੈ ਕਿਉਂਕਿ ਕੈਸ਼ ਵੈਂਡਿੰਗ ਮਸ਼ੀਨ ਨੂੰ ਠੀਕ ਕਰਨ ਵਾਲੇ ਇੰਜੀਨੀਅਰਾਂ ਦੀ ਗਿਣਤੀ ਸੀਮਤ ਹੈ। ਇਸ ਦੇ ਨਾਲ ਹੀ ਮਸ਼ੀਨ ‘ਚ ਨਕਦੀ ਰੱਖਣ ਵਾਲੇ ਕੈਸੇਟ ਦਾ ਇੰਪੋਰਟ ਕੀਤਾ ਜਾਂਦਾ ਹੈ। ਅਗਸਤ ਦੇ ਅੰਤ ਤੱਕ ਲਿਮਟਿਡ ਬੈਂਕਾਂ ਦੇ ਏ. ਟੀ. ਐੱਮਜ਼ ਦੀ ਗਿਣਤੀ 2,02,801 ਸੀ। ਇਸ ਦੇ ਇਲਾਵਾ ਕੁਝ ਵ੍ਹਾਈਟ ਲੇਬਲ ਏ. ਟੀ. ਐੱਮਜ਼ ਵੀ ਹਨ ਪਰ ਅਜਿਹੇ ਏ. ਟੀ. ਐੱਮਜ਼ ਬੰਦ ਹਨ ਕਿਉਂਕਿ ਬੈਂਕਾਂ ਦੇ ਕੋਲ ਆਪਣੇ ਏ. ਟੀ. ਐੱਮਜ਼ ‘ਚ ਭਰਨ ਲਈ ਹੀ ਲੋੜੀਂਦਾ ਕੈਸ਼ ਉਪਲਬਧ ਨਹੀਂ ਹੈ।
200 ਕਰੋੜ ਰੁਪਏ ਪਵੇਗੀ ਕਾਸਟ
ਉਥੇ ਏ. ਟੀ. ਐੱਮ. ਮਸ਼ੀਨਾਂ ਨੂੰ ਨਵੇਂ ਨੋਟਾਂ ਨੂੰ ਕਢਵਾਉਣ ਦੇ ਲਾਇਕ ਬਣਾਉਣ ‘ਚ ਕਰੀਬ 200 ਕਰੋੜ ਰੁਪਏ ਦੀ ਕਾਸਟ ਆਉਣ ਦੀ ਸੰਭਾਵਨਾ ਹੈ, ਜਿਸ ਦਾ ਬੋਝ ਬੈਂਕਾਂ ਨੂੰ ਹੀ ਚੁੱਕਣਾ ਪਵੇਗਾ। ਇਕ ਏ. ਟੀ. ਐੱਮ. ਮਸ਼ੀਨ ਨੂੰ ਦਰੁਸਤ ਕਰਨ ‘ਤੇ ਔਸਤਨ 10 ਹਜ਼ਾਰ ਰੁਪਏ ਦਾ ਖਰਚ ਆਵੇਗਾ, ਜਿਸ ‘ਚ ਰਿਕੈਲੀਬਰੇਟਿਡ ਕੈਸੇਟ ਦੀ ਕੀਮਤ 5000-7000 ਰੁਪਏ ਅਤੇ ਉਸ ਨੂੰ ਅੰਜਾਮ ਦੇਣ ਵਾਲੇ ਇੰਜੀਨੀਅਰ ਦੀ 2 ਘੰਟੇ ਦੀ 2500 ਰੁਪਏ ਫੀਸ ਵੀ ਸ਼ਾਮਲ ਹੈ।
ਸਪਲਾਈ ਮਿਲਣ ‘ਚ ਲਗ ਸਕਦਾ ਹੈ ਸਮਾਂ
ਹਾਲਾਂਕਿ ਇਕ ਹੋਰ ਬੈਂਕਰ ਨੇ ਕਿਹਾ ਕਿ ਸਪਲਾਈ ਮਿਲਣ ‘ਚ ਕੁਝ ਸਮਾਂ ਲਗ ਸਕਦਾ ਹੈ। ਉਨ੍ਹਾਂ ਕਿਹਾ, ”ਸਾਡਾ ਟਾਰਗੇਟ ਇਹ ਹੈ ਕਿ ਅਗਲੇ ਇਕ ਹਫਤੇ ‘ਚ ਘੱਟੋ-ਘੱਟ 50,000 ਮਸ਼ੀਨਾਂ ਚਾਲੂ ਹੋ ਜਾਣ। ਜੇ ਉਹ ਦਿਨ ਰਾਤ ਕੰਮ ਕਰੇਗਨਗੇ ਤਾਂ ਸਮੱਸਿਆ ਨਹੀਂ ਹੋਵੇਗੀ। ਹਾਈਵੇਅਰ ਦੀ ਵਰਤੋਂ ਕਰੰਸੀ ਨੋਟ ਦਾ ਵਜ਼ਨ ਕਰਨ ਤੇ ਉਸ ਮੁਤਾਬਕ ਉਸ ਨੂੰ ਏ. ਟੀ. ਐੱਜ਼ ਤੋਂ ਬਾਹਰ ਕਢਵਾਉਣ ‘ਚ ਹੁੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਵਜ਼ਨ ਦੇ ਹਿਸਾਬ ਨਾਲ ਨੋਟ ਬਾਹਰ ਕੱਢਦਾ ਹੈ। ਜੇ ਏ. ਟੀ. ਐੱਮਜ਼ ਨੋਟ ਨੂੰ ਤੋਲ ਨਹੀਂ ਪਾਏਗਾ ਤਾਂ ਉਹ ਕੰਮ ਹੀ ਨਹੀਂ ਕਰੇਗਾ।
ਜਦ ਏ. ਟੀ. ਐੱਮਜ਼ ਮੈਨੇਜਮੈਂਟ ਨਾਲ ਜੁੜੀਆਂ ਕੰਪਨੀਆਂ ਛੋਟੇ ਸ਼ਹਿਰਾਂ ਤੇ ਦਿਹਾਤੀ ਇਲਾਕਿਆਂ ‘ਚ ਮੌਜੂਦ ਏ. ਟੀ. ਐੱਮਜ਼ ਵੱਲ ਰੁਖ਼ ਕਰਨਗੀਆਂ, ਉਦੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
—ਮੰਜੂਨਾਥ ਰਾਵ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਸੇਲਸ ਹੈੱਡ (ਸੀ. ਐੱਮ. ਐੱਸ. ਇੰਫੋਸਿਸਟਮਜ਼)
ਕੁਝ ਏ. ਟੀ. ਐੱਮਜ਼ ‘ਚ ਇਨ੍ਹਾਂ ਪਾਰਟਜ਼ ਦੀ ਜ਼ਰੂਰਤ ਨਹੀਂ ਹੈ। ਲੋੜੀਂਦੀ ਸਪਲਾਈ ਦਾ ਇੰਤਜ਼ਾਮ ਕੀਤਾ ਗਿਆ ਹੈ। ਸਪਲਾਈ ਲਗਾਤਾਰ ਮਿਲ ਰਹੀ ਹੈ। ਇਸ ਮਾਮਲੇ ‘ਚ ਕੋਈ ਸਮੱਸਿਆ ਨਹੀਂ ਹੋਵੇਗੀ।
—ਅਰੁੰਧਤੀ ਭੱਟਾਚਾਰਿਆ, ਚੇਅਰਮੈਨ (ਐੱਸ. ਬੀ. ਆਈ.)
ਏ. ਟੀ. ਐੱਮਜ਼ ਦੇ ਪਾਰਟਸ ਦੀ ਤੰਗੀ
500 ਤੇ 1000 ਰੁਪਏ ਦੇ ਨੋਟਾਂ ਨੂੰ ਬੈਨ ਕਰਨ ਦੇ ਸਰਕਾਰੀ ਫਰਮਾਨ ਦੇ ਬਾਅਦ ਵੀ ਲਗਭਗ 18,000 ਏ. ਟੀ. ਐੱਮਜ਼ ਨੂੰ ਹੀ 500 ਤੇ 2000 ਰੁਪਏ ਦੇ ਨਵੇਂ ਨੋਟਾਂ ਦੇ ਹਿਸਾਬ ਨਾਲ ਬਦਲਿਆ ਜਾ ਚੁੱਕਿਆ ਹੈ। ਇਕ ਸੀਨੀਅਰ ਅਫਸਰ ਨੇ ਦੱਸਿਆ ਕਿ ਲੋਕਲ ਵੈਂਡਰਾਂ ਦੇ ਕੋਲ ਏ. ਟੀ. ਐੱਮਜ਼ ਦੇ ਕੁਝ ਪਾਰਟਸ ਨਹੀਂ ਹਨ ਤੇ ਸਰਕਾਰ ਏ. ਟੀ. ਐੱਮਜ਼ ‘ਚ ਜਲਦ ਬਦਲਾਅ ਕਰਨ ਲਈ ਚੀਨ ਤੋਂ ਪਾਰਟਸ ਮੰਗਵਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਮੈਗਨੈਟਿਕ ਕੰਪੋਨੈਂਟ ਤੇ ਹਾਰਡਵੇਅਰ ਦਾ ਸਟਾਕ ਖਤਮ ਹੋ ਗਿਆ ਹੈ। ਇਨ੍ਹਾਂ ਨੂੰ ਮੈਗਨੈਟਿਕ ਸਪੈਂਸਰ ਤੇ ਵੇਜ ਵੀ ਕਿਹਾ ਜਾਂਦਾ ਹੈ। ਸਪਲਾਈ ਮਿਲ ਜਾਣ ‘ਤੇ ਸਾਰੇ ਏ. ਟੀ. ਐੱਮਜ਼ ਨੂੰ ਦਰੁਸਤ ਕਰਨ ‘ਚ ਇਕ ਹਫਤੇ ‘ਤੋਂ ਜ਼ਿਆਦਾ ਸਮਾਂ ਨਹੀਂ ਲੱਗੇਗਾ।

LEAVE A REPLY