5ਜਲੰਧਰ – ‘ਆਪ’ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਜਲੰਧਰ ਛਾਉਣੀ ਤੋਂ ਟਿਕਟ ਦਾ ਝਾਂਸਾ ਦੇ ਕੇ ਪੁਲਸ ਦੀ ਨੌਕਰੀ ਛੁਡਵਾ ਦਿੱਤੀ ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਅਸਲ ‘ਚ ‘ਆਪ’ ਤਾਂ ਸਿਰਫ 3 ਵਿਅਕਤੀਆਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਆਧਾਰਿਤ ਪਾਰਟੀ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਦੀ ਜੁੰਡਲੀ ਪੰਜਾਬ ਦੇ ਨੇਤਾਵਾਂ ਤੇ ਹੋਰ ਵਾਲੰਟੀਅਰਸ ਦੀ ਗੱਲ ਵੀ ਸੁਣਨ ਲਈ ਤਿਆਰ ਨਹੀਂ ਹੈ। ਜਿਹੜੀ ਪਾਰਟੀ 3 ਨੇਤਾਵਾਂ ‘ਤੇ ਆਧਾਰਿਤ ਹੋਵੇ, ਉਸ ਵਿਚ ਅੰਦਰੂਨੀ ਲੋਕਤੰਤਰ ਕਿਸ ਤਰ੍ਹਾਂ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲਸ ‘ਚ ਆਈ. ਜੀ. ਦੇ ਅਹੁਦੇ ‘ਤੇ ਨਿਯੁਕਤ ਸੀ। ਉਨ੍ਹਾਂ ਫਰਵਰੀ 2016 ‘ਚ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਸੀ, ਜਦਕਿ ਉਨ੍ਹਾਂ ਦੀ ਰਿਟਾਇਰਮੈਂਟ ਅਸਲ ‘ਚ 2017 ‘ਚ ਹੋਣੀ ਸੀ। ਉਨ੍ਹਾਂ ਕਿਹਾ ਕਿ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉਨ੍ਹਾਂ ਦੇ ਘਰ ਆ ਕੇ ਠਹਿਰਦੇ ਸਨ। ਉਨ੍ਹਾਂ ਮੈਨੂੰ ਕਿਹਾ ਸੀ ਕਿ ਤੁਸੀਂ ਪੁਲਸ ਦੀ ਨੌਕਰੀ ਛੱਡ ਦਿਓ, ਅਸੀਂ ਤੁਹਾਨੂੰ ਜਲੰਧਰ ਕੈਂਟ ਤੋਂ ਟਿਕਟ ਦੇ ਦਿਆਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੋਲ ਹੁਣ ਖੁੱਲ੍ਹ ਗਈ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਹੁਣ ਉਨ੍ਹਾਂ ਨੂੰ ‘ਆਪ’ ਲੀਡਰਸ਼ਿਪ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਅਜੇ ਜਲੰਧਰ ਕੈਂਟ ਬਾਰੇ ਫੈਸਲਾ ਲੈਣਾ ਹੈ ਪਰ ਮੈਨੂੰ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਪ੍ਰਤੀ ਵਿਜ਼ਨ ਚੰਗਾ ਲੱਗਾ ਹੈ। ‘ਆਪ’ ਤਾਂ ਪੰਜਾਬ ਨੂੰ ਬਰਬਾਦ ਕਰ ਦੇਵੇਗੀ। ਸੁਰਿੰਦਰ ਸੋਢੀ ਅਰਜੁਨ ਐਵਾਰਡੀ ਵੀ ਹਨ, ਜੋ 1980 ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ, ਜਿਸਨੇ ਏਸ਼ੀਆਈ ਖੇਡਾਂ ‘ਚ ਚਾਂਦੀ ਤਮਗਾ ਅਤੇ ਚੈਂਪੀਅਨ ਟਰਾਫੀ ‘ਚ ਕਾਂਸੇ ਦਾ ਤਮਗਾ ਵੀ ਜਿੱਤਿਆ ਸੀ।

LEAVE A REPLY