ਕੋਟਸ਼ਮੀਰ (ਬਠਿੰਡਾ) -ਕੱਲ ਕੀਤੇ ਵਾਅਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਦੇ ਸਵਿਸ ਬੈਂਕ ਖਾਤੇ ਇਹ ਕਹਿੰਦੇ ਹੋਏ ਜਨਤਕ ਕੀਤੇ ਕਿ ਪੂਰੇ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਤੌਰ ਪੰਜਾਬ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 2002 ਤੋਂ 2007 ਤੱਕ ਇਨਾਂ ਖਾਤਿਆਂ ਵਿਚ ਇਹ ਪੈਸਾ ਜਮਾ ਕੀਤਾ ਹੈ।
ਆਪਣੇ 11 ਰੋਜਾ ਦੌਰੇ ਦੇ ਦੂਜੇ ਦਿਨ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਸਦੇ ਪੁੱਤਰ ਰਣਇੰਦਰ ਸਿੰਘ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਦਾ ਖੁਲਾਸਾ ਕੀਤਾ, ਜਿਹਡ਼ੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਵਰੇ 2005 ਵਿਚ ਖੁਲਵਾਏ ਗਏ ਸਨ। ਦਿੱਲੀ ਦੇ ਮੁੱਖ ਮੰਤਰੀ ਨੇ ਰਣਇੰਦਰ ਸਿੰਘ ਅਤੇ ਪਰਨੀਤ ਕੌਰ ਦੇ ਖਾਤਿਆਂ ਦੇ ਨੰਬਰ ਅਤੇ ਸਾਂਝੇ ਖਾਤੇ ਦੇ ਨੰਬਰ ਵੀ ਪਡ਼ ਕੇ ਸੁਣਾਏ। ਜਿੰਨਾਂ ਵਿਚ ਪਰਿਵਾਰ ਨੇ ਬਇਮਾਨੀ ਦਾ ਪੈਸਾ ਜਮਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਖਾਤਿਆਂ ਦੀ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਸਵਿਸ ਬੈਂਕ ਵਿਚ 26 ਜੁਲਾਈ 2005 ਨੂੰ ਖਾਤਾ ਖੁਲਵਾਇਆ ਅਤੇ ਉਸਦਾ ਖਾਤਾ ਨੰਬਰ 509018445 ਹੈ।
ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਉਸੇ ਦਿਨ ਸਵਿਸ ਬੈਂਕ ਵਿਚ ਖਾਤਾ ਖੁਲਵਾਇਆ ਜਿਸਦਾ ਨੰਬਰ 5090184484 ਹੈ। ਕੇਜਰੀਵਾਲ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਨਾਂ ਖਾਤਿਆਂ ਦੇ ਨਾਲ ਨਾਲ ਇਸ ਪਰਿਵਾਰ ਵਲੋਂ ਬੇਇਮਾਨੀ ਦੀ ਕਮਾਈ ਟਿਕਾਣੇ ਲਗਾਉਣ ਲਈ ਇਕ ਟਰੱਸਟ ਦਾ ਗਠਨ ਵੀ ਕੀਤਾ ਹੋਇਆ ਹੈ। ਜਿਸਦਾ ਸਵਿਸ ਬੈਂਕ ਖਾਤਾ ਨੰਬਰ 5090284483 ਹੈ।
ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ ਕੀਤਾ ਕਿ ਜੋ ਖੁਲਾਸਾ ਉਨਾਂ ਨੇ ਕੀਤਾ ਹੈ ਜੇਕਰ ਇਸ ਵਿਚ ਕੋਈ ਵੀ ਗਲਤ ਜਾਣਕਾਰੀ ਹੋਵੇ ਤਾਂ ਅਮਰਿੰਦਰ ਸਿੰਘ ਨੂੰ ਖੁਲੀ ਛੁਟੀ ਹੈ ਕਿ ਉਹ ਉਨਾਂ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਨ ਅਤੇ ਉਨਾਂ ਨੂੰ ਜੇਲ ਭੇਜਣ।
ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਵਰੇ 2002 ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਿਵਾਲੀਆ ਹੋ ਗਏ ਸਨ ਅਤੇ ਉਨਾਂ ਕੋਲ ਆਪਣੇ ਮੋਤੀ ਮੱਹਲ ਨੂੰ ਰੰਗ ਕਰਵਾਉਣ ਲਈ ਪੈਸਾ ਵੀ ਨਹੀਂ ਸੀ।
ਸੱਤਾ ਵਿਚ ਆਉਣ ਤੋਂ 3 ਸਾਲਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੇ ਸਵਿਸ ਬੈਂਕਾਂ ਵਿਚ ਖਾਤੇ ਖੁਲਵਾ ਲਏ ਜਿੰਨਾਂ ਵਿਚ ਪਰਿਵਾਰ ਹਰ ਮਹੀਨੇ ਮੋਟੀ ਰਕਮ ਜਮਾ ਕਰਵਾਉਦਾ ਸੀ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੈਲੇਂਜ ਕੀਤਾ ਕਿ ਜੇ ਉਨਾਂ ਵਿਚ ਹਿੰਮਤ ਅਤੇ ਇੱਛਾ ਹੈ ਤਾਂ ਉਹ ਵਿਦੇਸ਼ੀ ਬੈਂਕਾਂ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਪਰਿਵਾਰ ਵਲੋਂ ਜਮਾ ਕੀਤਾ ਕਾਲਾ ਧਨ ਵਾਪਿਸ ਲਿਆਉਣ। ਗਰੀਬ ਲੋਕਾਂ ਅਤੇ ਆਮ ਆਦਮੀ ਦੇ ਪਿੱਛੇ ਪੈਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਅਮਰਿੰਦਰ ਸਿੰਘ ਵਰਗਿਆਂ ਦਾ ਵਿਦੇਸ਼ੀ ਖਾਤਿਆਂ ਵਿਚ ਜਮਾ ਕਾਲਾ ਧਨ ਵਾਪਿਸ ਲਿਆਉਣ ਦੇ ਪਿੱਛੇ ਪੈਣਾ ਚਾਹੀਦਾ ਹੈ।
ਕੇਜਰੀਵਾਲ ਨੇ ਲੋਕਾਂ ਤੋਂ ਵੀ ਪੁਛਿਆ ਕਿ ਉਨਾਂ ਵਿਚੋਂ ਕਿੰਨੇ ਮੋਦੀ ਦੀ ਨੋਟਬੰਦੀ ਦੇ ਖਿਲਾਫ ਹਨ ਤਾਂ ਉਨਾਂ ਵਿਚੋਂ ਬਹੁਤਿਆਂ ਨੇ ਦੋਵੇਂ ਹੱਥ ਖਡ਼ੇ ਕਰਕੇ ਦੱਸਿਆ ਕਿ ਉਹ ਮੋਦੀ ਦੇ ਨੋਟਬੰਦੀ ਦੇ ਨਾਦਰਸ਼ਾਹੀ ਫੈਸਲੇ ਨਾਲ ਬੁਰੀ ਤਰਾਂ ਖਜੱਲ ਹੋ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਫੇਰ ਮੀਡੀਆ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਮੀਡੀਆ ਨੂੰ ਦੋਵੇਂ ਹੱਥ ਖਡ਼ੇ ਕਰਕੇ ਨੋਟਬੰਦੀ ਦਾ ਵਿਰੋਧ ਕਰਨ ਵਾਲੇ ਲੋਕਾਂ ਵੱਲ ਦੇਖਣਾ ਚਾਹੀਦਾ ਹੈ ਨਾ ਕਿ ਝੂਠੇ ਤੱਥ ਅਤੇ ਝੂਠੀਆਂ ਰਿਪੋਰਟਾਂ ਛਾਪਣਿਆਂ ਚਾਹੀਦੀਆਂ ਹਨ ਕਿ ਲੋਕ ਨੋਟਬੰਦੀ ਕਾਰਨ ਖੁਸ਼ ਹਨ।
ਬਾਦਲ ਪਰਿਵਾਰ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਕੰਪਨੀ ਜਿਹਡ਼ੀ ਕੇ ਅਮਰਿੰਦਰ ਸਿੰਘ ਤੋਂ ਬਾਅਦ ਸੱਤਾ ਵਿਚ ਆਈ ਨੇ ਪੰਜਾਬ ਨੂੰ ਪੂਰੀ ਤਰਾਂ ਬਰਬਾਦ ਕਰ ਦਿੱਤਾ ਹੈ।
ਕੇਜਰੀਵਾਲ ਨੇ ਲੋਕਾਂ ਤੋ ਪੁਛਿਆ ਕਿ ਪੰਜਾਬ ਵਿਚ ਸਭ ਤੋਂ ਵੱਧ ਕਾਲਾ ਧਨ ਕਿਸ ਕੋਲ ਹੈ ਤਾਂ ਲੋਕਾਂ ਨੇ ਇਕਸੁਰ ਹੋ ਕੇ ਉਚੀ ਅਵਾਜ ਵਿਚ ਜਵਾਬ ਦਿੱਤਾ ‘ਬਾਦਲ ਪਰਿਵਾਰ’ ‘ਬਾਦਲ ਪਰਿਵਾਰ’ ਕੇਜਰੀਵਾਲ ਨੇ ਫੇਰ ਮੋਦੀ ਦੀ ਹਿੰਮਤ ‘ਤੇ ਸਵਾਲ ਖਡ਼ਾ ਕਰਦਿਆਂ ਕਿਹਾ ਕਿ ਉਸਨੂੰ ਬਾਦਲ ਪਰਿਵਾਰ ਦੇ ਪਿੱਛੇ ਪੈਣਾ ਚਾਹੀਦਾ ਸੀ ਜਿੰਨਾਂ ਕੋਲ ਸਭ ਤੋਂ ਵੱਧ ਕਾਲਾ ਧਨ ਹੈ ਨਾ ਕਿ ਨੋਟਬੰਦੀ ਕਰਕੇ ਆਮ ਆਦਮੀ ਦੇ ਪਿੱਛੇ।
‘ਬਾਦਲਾਂ ਨੇ ਪਿਛਲੇ 10 ਸਾਲਾਂ ਵਿਚ ਪੰਜਾਬ ਵਿਚ ਲਗਭਗ ਸਾਰੇ ਕਾਰੋਬਾਰਾਂ ਟਰਾਂਸਪੋਰਟ, ਕੇਵਲ, ਮਾਈਨਿੰਗ, ਸ਼ਰਾਬ ਆਦਿ ‘ਤੇ ਕਬਜਾ ਕਰਕੇ ਮੋਟਾ ਪੈਸਾ ਇਕੱਠਾ ਕੀਤਾ ਹੈ’ ਇਹ ਕਹਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਅਪਣੇ ਪੂਰੀ ਤਾਕਤ ਨਾਲ ਪੈਸਾ ਇਕੱਠਾ ਕਰਨ ਲਈ ਨਿਚੋਡ਼ਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਬਾਦਲ ਸਰਕਾਰ ਸਿੱਖ ਕੌਮ ਦੀ ਹਿਤੈਸ਼ੀ ਨਹੀਂ ਹੈ ਕਿਉਕਿ ਬਾਦਲ ਸਰਕਾਰ 1984 ਦੇ ਸਿੱਖ ਕਤਲੇਆਮ ਦਾ ਇਨਸਾਫ ਪ੍ਰਾਪਤ ਕਰਨ ਵਿਚ ਬੁਰੀ ਤਰਾਂ ਫੇਲ ਰਹੀ ਹੈ।
‘ਸੱਤਾ ਵਿਚ ਆਉਣ ਤੋਂ ਬਾਅਦ ਅਸੀਂ ਇਨਕਵਾਰੀ ਕਮਿਸ਼ਨ ਬਣਾ ਕੇ ਬਾਦਲਾਂ ਦੇ ਸਾਰੇ ਗਲਤ ਕੰਮਾਂ ਦੀ ਜਾਂਚ ਕਰਨ ਲਈ ਇਨਕਵਾਰੀ ਕਮਿਸ਼ਨ ਬਣਾਵਾਂਗੇ ਅਤੇ ਕਾਨੂੰਨ ਮੁਤਾਬਿਕ ਉਨਾਂ ਨੂੰ ਸਜਾ ਦੇਵਾਂਗੇ’ ਕੇਜਰੀਵਾਲ ਨੇ ਇਹ ਕਹਿੰਦਿਆਂ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ-ਏ-ਸ਼ਰੀਫ ਅਤੇ ਭਗਵਤ ਗੀਤਾ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇਗੀ ਤਾਂ ਕਿ ਉਹ ਭਵਿੱਖ ਵਿਚ ਅਜਿਹਾ ਕਰਨ ਬਾਰੇ ਸੋਚ ਵੀ ਨਾ ਸਕੇ। ਕੇਜਰੀਵਾਲ ਨੇ ਫਿਰ ਤੋਂ ਕਿਹਾ ਕਿ ਮਾਇਨੀਂਗ ਦੇ ਠੇਕੇ ਅਤੇ ਬਸਾਂ ਦੇ ਪਰਮਿਟ ਜਿਹਡ਼ੇ ਬਾਦਲਾਂ ਨੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਕੇ ਹਾਸਿਲ ਕੀਤੇ ਹਨ ਉਹ ਵਾਪਿਸ ਲਏ ਜਾਣਗੇ ਅਤੇ ਬੇਰੋਜਗਾਰ ਨੌਜਵਾਨਾਂ ਵਿਚ ਵੰਡੇ ਜਾਣਗੇ, ਜਦੋਂ ਆਪ ਸੱਤਾ ‘ਚ ਆਵੇਗੀ।