ਚੰਡੀਗੜ੍ਹ: ਪੰਜਾਬ ਦੀ ਸਿਆਸਤ ‘ਚ ਅੱਜ ਫਿਰ ਨਵਾਂ ਮੋੜ ਆਇਆ ਹੈ। ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਅੱਜ ਸਾਬਕਾ ਸਾਂਸਦ ਨਵਜੋਤ ਸਿੱਧੂ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ।
‘ਆਪ’ ਨੇ ਬੈਂਸ ਭਰਾਵਾਂ ਨੂੰ ਪੰਜ ਸੀਟਾਂ ਦਿੱਤੀਆਂ ਹਨ। ਲੁਧਿਆਣਾ ਦੀਆਂ ਦੋ ਸੀਟਾਂ ‘ਤੇ ਬੈਂਸ ਭਰਾ ਖੁਦ ਚੋਣ ਲੜਨਗੇ ਜਦੋਂਕਿ ਤਿੰਨ ਹਾਰ ਸੀਟਾਂ ਤੋਂ ਉਨ੍ਹਾਂ ਦੇ ਹਮਾਇਤੀ ਚੋਣ ਲੜਨਗੇ। ਚੰਡੀਗੜ੍ਹ ਵਿੱਚ ‘ਆਪ’ ਲੀਡਰਾਂ ਤੇ ਬੈਂਸ ਭਰਾਵਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ‘ਚ ਇਸ ਦਾ ਰਸਮੀ ਐਲਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਬੈਂਸ ਭਰਾਵਾਂ, ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਆਵਾਜ-ਏ-ਪੰਜਾਬ ਫਰੰਟ ਬਣਾਇਆ ਸੀ ਪਰ ਇਹ ਫਰੰਟ ਚੋਣਾਂ ਤੋਂ ਪਹਿਲਾਂ ਹੀ ਖਿੱਲਰ ਗਿਆ ਹੈ। ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿੱਚ ਜਾ ਸਕਦੇ ਹਨ।
ਬੇਸ਼ੱਕ ਬੈਂਸ ਭਰਾਵਾਂ ਦਾ ਆਪਣੇ ਹਲਕਿਆਂ ਤੋਂ ਇਲਾਵਾ ਕੋਈ ਖਾਸ ਪ੍ਰਭਾਵ ਨਹੀਂ ਪਰ ਇਸ ਨਾਲ ਤੀਜੇ ਫਰੰਟ ਦਾ ਭੋਗ ਪੈ ਗਿਆ ਹੈ। ਹੁਣ ਤੱਕ ਕਿਆਸਰਾਈਆਂ ਸਨ ਕਿ ਤੀਜੇ ਫਰੰਟ ਨਾਲ ਵੋਟਾਂ ਵੰਡੀਆਂ ਜਾਣਗੀਆਂ ਤੇ ਇਸ ਦਾ ਫਾਇਦਾ ਕਾਂਗਰਸ ਤੇ ਅਕਾਲੀ ਦਲ ਨੂੰ ਹੋਏਗਾ। ਇਸ ਲਈ ਇਸ ਘਟਨਾਕ੍ਰਮ ਨਾਲ ਪੰਜਾਬ ਦੇ ਸਿਆਸੀ ਸਮੀਕਰਨਾਂ ਵਿੱਚ ਤਬਦੀਲੀ ਆਉਣੀ ਸੁਭਾਵਿਕ ਹੈ।