7ਭਿਵਾਨੀ: ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ‘ਚ ਐਤਵਾਰ ਨੂੰ ਇੱਕ ਕੰਪੀਟੀਸ਼ਨ ਪੇਪਰ ਦੇਣ ਪਹੁੰਚੇ ਗੁਰਪ੍ਰੀਤ ਸਿੰਘ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ। ਗੁਰਪ੍ਰੀਤ ਸਿੰਘ ਹਰਿਆਣਾ ਦੇ ਹੀ ਯਮੁਨਾਨਗਰ ਦੇ ਪਿੰਡ ਫਰਕਪੁਰ ਦਾ ਰਹਿਣ ਵਾਲਾ ਹੈ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਜਦੋਂ ਉਹ 20 ਨਵੰਬਰ ਨੂੰ ਕਲਰਕ ਦੀ ਭਰਤੀ ਦਾ ਪੇਪਰ ਦੇਣ ਭਿਵਾਨੀ ਬਣੇ ਸੈਂਟਰ ‘ਚ ਪਹੁੰਚਿਆ ਤਾਂ ਉਸ ਨੂੰ ਕੜਾ ਤੇ ਕਿਰਪਾਨ ਉਤਾਰਨ ਲਈ ਮਜ਼ਬੂਰ ਕੀਤਾ ਗਿਆ।
ਇਸ ਤੋਂ ਬਾਅਦ ਉਸ ਨੇ ਅਧਿਕਾਰੀਆਂ ਦੀ ਮਦਦ ਨਾਲ ਪੁਲਿਸ ਕੋਲ ਸ਼ਿਕਾਇਤ ਕੀਤੀ ਤੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਹ ਅਦਾਲਤ ਵੀ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਲ 2016 ਵਿੱਚ ਹੀ ਦੋ ਵਾਰ ਹਰਿਆਣਾ ‘ਚ ਹੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। 1 ਮਈ 2016 ਨੂੰ ਅੰਬਾਲਾ ‘ਚ ਪਟਵਾਰੀ ਦਾ ਪੇਪਰ ਦੇਣ ਗਏ ਦੋ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਕੱਕਾਰ ਪਹਿਨੇ ਹੋਣ ਕਰਕੇ ਪ੍ਰੀਖਿਆ ਕੇਂਦਰ ‘ਚ ਜਾਣ ਨਹੀਂ ਦਿੱਤਾ ਗਿਆ ਸੀ।
ਉਸ ਤੋਂ ਕੁਝ ਹਫਤੇ ਬਾਅਦ ਮੁੜ ਅੰਬਾਲਾ ਵਿੱਚ ਇੱਕ ਸਿੱਖ ਵਿਦਿਆਰਥੀ ਮਨਪ੍ਰੀਤ ਸਿੰਘ ਨਾਲ ਅਜਿਹਾ ਸਲੂਕ ਕੀਤਾ ਗਿਆ ਸੀ। ਉਦੋਂ ਪੁਲਿਸ ਤੱਕ ਵੀ ਮਾਮਲਾ ਪਹੁੰਚਿਆ ਸੀ ਤੇ ਹਰਿਆਣਾ ‘ਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਦੀ ਵਿਸ਼ਵ ਪੱਧਰ ‘ਤੇ ਨਿਖੇਧੀ ਹੋਈ ਸੀ। ਮਈ ‘ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਭਵਿੱਖ ਵਿੱਚ ਅਜਿਹਾ ਨਾ ਹੋਣ ਦਾ ਭਰੋਸਾ ਦਿਵਾਇਆ ਸੀ। ਪੀੜਤਾਂ ਦਾ ਇਲਜ਼ਾਮ ਹੈ ਕਿ ਅਜਿਹੀ ਬਦਸਲੂਕੀ ਉਦੋਂ ਤੋਂ ਹੀ ਹੋ ਰਹੀ ਹਾ ਜਦੋਂ ਤੋਂ ਹਰਿਆਣੇ ‘ਚ BJP ਦੀ ਸਰਕਾਰ ਆਈ ਹੈ।

LEAVE A REPLY