10ਬੀਜਿੰਗ : ਚੀਨ ਦਾ ਸਨਵੇ ਤਾਏਹੂਲਾਈਟ ਦੁਨੀਆ ਦੇ ਸਭ ਤੋਂ ਤੇਜ਼ ਸੁਪਰ ਕੰਪਿਊਟਰਾਂ ਦੀ ਸੂਚੀ ‘ਚ ਅੱਵਲ ਆਇਆ ਹੈ। ਇਹ ਸੁਪਰ ਕੰਪਿਊਟਰ ਇਕ ਸਕਿੰਟ ‘ਚ 9.3 ਕਰੋੜ ਅਰਬ ਗਿਣਤੀਆਂ ਕਰ ਸਕਦਾ ਹੈ। ਚੀਨੀ ਨਿਊਜ਼ ਏਜੰਸੀ ਸਿਨਹੂਆ ਮੁਤਾਬਕ ਇਹ ਲਗਾਤਾਰ ਅੱਠਵਾਂ ਮੌਕਾ ਹੈ ਜਦੋਂ ਇਸ ਸੂਚੀ ‘ਚ ਚੀਨੀ ਸੁਪਰ ਕੰਪਿਊਟਰ ਸਿਖਰ ‘ਤੇ ਹੈ। ਸੋਮਵਾਰ ਨੂੰ ਜਾਰੀ ਪ੍ਰਮੁੱਖ 500 ਸੁਪਰ ਕੰਪਿਊਟਰਾਂ ਦੀ ਹਾਲੀਆ ਛਿਮਾਹੀ ਸੂਚੀ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਗਈ ਹੈ।
ਤਾਏਹੂਲਾਈਟ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਚੀਨ ‘ਚ ਬਣੇ ਪ੍ਰੋਸੈਸਰਾਂ ਦੀ ਮਦਦ ਨਾਲ ਕੀਤਾ ਗਿਆ ਹੈ। ਇਹ ਜੂਨ ‘ਚ ਆਇਆ ਸੀ। ਤਦ ਇਸ ਨੇ ਸਾਬਕਾ ਜੇਤੂ ਤਿਆਨਹੇ-2 ਦੀ ਥਾਂ ਲਈ ਸੀ। ਉਹ ਵੀ ਇਕ ਚੀਨੀ ਕੰਪਿਊਟਰ ਸੀ ਅਤੇ ਇੰਟੈਲ ਚਿੱਪ ‘ਤੇ ਆਧਾਰਤ ਸੀ। ਤਾਏਹੂਲਾਈਟ ਤਿਆਨਹੇ-2 ਦੇ ਮੁਕਾਬਲੇ ਤਿੰਨ ਗੁਣਾ ਤੇਜ਼ ਹੈ। ਤਿਆਨਹੇ-2 ਨੂੰ ਪਿਛਲੇ ਤਿੰਨ ਸਾਲ ਤਕ ਪ੍ਰਮੁੱਖ 500 ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਰੱਖਿਆ ਗਿਆ ਸੀ।
ਸਿਨਹੂਆ ਨੇ ਕਿਹਾ ਕਿ ਚੀਨ ਦੇ ਸੁਪਰ ਕੰਪਿਊਟਰ ਨੇ ਲਗਾਤਾਰ ਅੱਠਵੀਂ ਵਾਰੀ ਇਸ ਸੂਚੀ ‘ਚ ਪਹਿਲਾ ਸਥਾਨ ਬਣਾਏ ਰੱਖਿਆ ਹੈ। ਇਹ ਉੱਚ ਪੱਧਰੀ ਕੰਪਿਊਟਿੰਗ ‘ਚ ਚੀਨ ਦੇ ਉਭਾਰ ਨੂੰ ਦਰਸਾਉਂਦਾ ਹੈ। ਪਿਛਲੀ ਸੂਚੀ ਜੂਨ ‘ਚ ਜਾਰੀ ਹੋਈ ਸੀ। ਤਦ ਚੀਨ ਲਗਾਏ ਗਏ ਸੁਪਰ ਕੰਪਿਊਟਰਾਂ ਦੀ ਗਿਣਤੀ ਦੇ ਮਾਮਲੇ ‘ਚ ਵੀ ਅਮਰੀਕਾ ਤੋਂ ਅੱਗੇ ਨਿਕਲ ਗਿਆ ਸੀ।
ਇਹ ਪਹਿਲਾ ਮੌਕਾ ਸੀ ਜਦੋਂ ਇਸ ਸ਼੍ਰੇਣੀ ‘ਚ ਅਮਰੀਕਾ ਦਾ ਪ੍ਰਭਾਵ ਖ਼ਤਮ ਹੋਇਆ ਸੀ। ਇਸ ਸੂਚੀ ਬਣਾਉਣ ਦੀ ਸ਼ੁਰੂਆਤ 23 ਸਾਲ ਪਹਿਲਾਂ ਹੋਈ ਸੀ। ਸਾਲਟੇ ਲੇਕ ‘ਚ ਉੱਚ ਪੱਧਰੀ ਕੰਪਿਊਟਿੰਗ ਸੰਮੇਲਨ ‘ਚ ਟਾਪ 500 ਐਡੀਟਰਜ਼ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਇਹ ਸੂਚੀ ਖੇਤਰ ‘ਚ ਚੀਨ ਅਮਰੀਕਾ ਦਰਮਿਆਨ ਜਾਰੀ ਮੁਕਾਬਲੇ ਨੂੰ ਦਰਸਾਉਂਦੀ ਹੈ।

LEAVE A REPLY