4ਜਲਾਲਾਬਾਦ  : ਫਿਰੋਜ਼ਪੁਰ ਰੋਡ ‘ਤੇ ਨਵੇਂ ਬੱਸ ਅੱਡੇ ‘ਤੇ ਐਤਵਾਰ ਸਮੁੱਚੀ ਕਾਂਗਰਸ ਟੀਮ ਵਲੋਂ ਜਲਾਲਾਬਾਦ ਵਿਚ ਹੋ ਰਹੀ ਪੰਜਾਬ ਇਨਕਲਾਬ ਰੈਲੀ ਦੌਰਾਨ ਪਹੁੰਚ ਰਹੇ ਅਰਵਿੰਦ ਕੇਜਰੀਵਾਲ ਦਾ ਕਾਂਗਰਸੀ ਆਗੂਆਂ ਵਲੋਂ ਕਾਲੀਆਂ ਝੰਡੀਆਂ ਵਿਖਾ ਕੇ ਤਿੱਖਾ ਵਿਰੋਧ ਕੀਤਾ ਗਿਆ। ਧਰਨੇ ਦੌਰਾਨ ਪੰਜਾਬ ਪੁਲਸ ਵਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਮੌਕੇ ਗੋਲਡੀ ਕੰਬੋਜ, ਪੂਰਨ ਚੰਦ ਮੁਜੇਦੀਆ, ਰਾਜ ਬਖਸ਼ ਕੰਬੋਜ, ਦਰਸ਼ਨ ਲਾਲ ਵਾਟਸ, ਮਲਕੀਤ ਸਿੰਘ ਹੀਰਾ, ਨੰਨੂ ਕੁੱਕੜ, ਕੁਲਦੀਪ ਧਵਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਵਰਕਰ ਅਤੇ ਕਾਂਗਰਸੀ ਵਰਕਰ ਮੌਜੂਦ ਸਨ।
ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣਾ ਪੰਜਾਬ ਦੇ ਪਾਣੀਆਂ ਪ੍ਰਤੀ ਸਟੈਂਡ ਸਪੱਸ਼ਟ ਕਰਨ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਹਨ ਜਾਂ ਫਿਰ ਹਰਿਆਣਾ ਨਾਲ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਮੁਖੀ ਪੰਜਾਬ ਦੇ ਕਿਸਾਨਾਂ ਅਤੇ ਪਾਣੀਆਂ ਦੀ ਰਾਖੀ ਨਹੀਂ ਕਰ ਸਕਦਾ ਤਾਂ ਉਸਨੂੰ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਅਤੇ ਪਾਰਟੀ ਨੂੰ ਪੰਜਾਬ ਵਿਚ ਚੋਣ ਲੜਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਪੰਜਾਬ ਵਿਚ ਦੋ ਦਰਜਨ ਤੋਂ ਵੱਧ ਰੈਲੀਆਂ ਕੀਤੀਆਂ ਜਾਣੀਆਂ ਹਨ ਅਤੇ ਜਿੰਨੀ ਦੇਰ ਤਕ ਕੇਜਰੀਵਾਲ ਪੰਜਾਬ ਦੇ ਪਾਣੀਆਂ ਪ੍ਰਤੀ ਆਪਣਾ ਸਟੈਂਡ ਪੱਖ ਸਪੱਸ਼ਟ ਨਹੀਂ ਕਰਦੇ ਉਨੀ ਦੇਰ ਤੱਕ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।

LEAVE A REPLY