1ਕਾਨਪੁਰ— ਇੰਦੌਰ ਤੋਂ ਪਟਨਾ ਜਾ ਰਹੀ ਇੰਦੌਰ-ਪਟਨਾ ਐਕਸਪ੍ਰੈਸ (19321) ਐਤਵਾਰ ਤੜਕੇ ਤਕਰੀਬਨ 3.10 ਵਜੇ ਕਾਨਪੁਰ ਕੋਲ ਪੁਖਰਾਇਆਂ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਈ। ਹਾਦਸੇ ‘ਚ ਟਰੇਨ ਦੇ 14 ਡੱਬੇ ਪਟੜੀ ਤੋਂ ਲਹਿ ਗਏ, ਜਿਸ ਕਾਰਨ ਘੱਟੋ-ਘੱਟ 105 ਲੋਕਾਂ ਦੀ ਮੌਤ ਹੋ ਗਈ। ਅਚਾਨਕ ਡੱਬੇ ਕਿਸ ਕਾਰਨ ਪਟੜੀ ਤੋਂ ਉਤਰੇ, ਇਹ ਅਜੇ ਤਕ ਸਾਫ ਨਹੀਂ ਹੋਇਆ ਹੈ। ਜਿਸ ਵੇਲੇ ਇਹ ਹਾਦਸਾ ਹੋਇਆ ਲੋਕ ਗੂੜੀ ਨੀਂਦ ‘ਚ ਸਨ, ਇਸ ਲਈ ਖਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਾਦਸੇ ‘ਚ ਘੱਟੋ-ਘੱਟ 200 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਚੋਂ ਕਈ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਹੈ। ਕਈ ਲੋਕ ਅਜੇ ਵੀ ਡੱਬਿਆਂ ‘ਚ ਫਸੇ ਹਨ, ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੇਲ ਰਾਜ ਮੰਤਰੀ ਮਨੋਜ ਸਿਨਹਾ ਹਾਲਾਤ ਦਾ ਜਾਇਜ਼ਾ ਲੈਣ ਲਈ ਰਵਾਨਾ ਹੋ ਗਏ ਹਨ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਬੋਰਡ ਦੇ ਮੈਂਬਰਾਂ ਨੂੰ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਗਏ ਹਨ।
ਹਾਦਸੇ ਵਾਲੀ ਜਗ੍ਹਾ ‘ਤੇ ਡਾਕਟਰੀ ਟੀਮਾਂ ਪਹੁੰਚ ਗਈਆਂ ਹਨ। ਉੱਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਡੀ. ਜੀ. ਪੀ. ਨੂੰ ਨਿਜੀ ਤੌਰ ‘ਤੇ ਰਾਹਤ ਅਤੇ ਬਚਾਅ ਕੰਮ ਦੀ ਨਿਗਰਾਨੀ ਕਰਨ ਦੇ ਹੁਕਮ ਦੇ ਦਿੱਤੇ ਹਨ।

LEAVE A REPLY