thudi-sahat-300x150-1-300x150ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ ਆਮ ਕਰਕੇ ਲੋਕ ਸ਼ੌਕੀਆ ਤੌਰ ‘ਤੇ ਪੀਣੀ ਸ਼ੁਰੂ ਕਰਦੇ ਹਨ ਪਰ ਬਾਅਦ ਵਿੱਚ ਇਹੀ ਸ਼ਰਾਬ ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਅੱਜ ਦੇ ਸਮਾਜ ਵਿੱਚ ਸਿਰਫ਼ ਅਮੀਰ ਹੀ ਨਹੀਂ ਬਲਕਿ ਹਰੇਕ ਬੰਦਾ ਸਮਝਦਾ ਹੈ ਕਿ ਛੋਟੇ ਵੱਡੇ ਸਮਾਗਮ ਜਾਂ ਪਾਰਟੀ ਵਿੱਚ ਸ਼ਰਾਬ ਪਿਆਉਣੀ ਇੱਕ ਸਟੇਟਸ ਹੈ। ਪੰਜਾਬ ਦੇ ਪੰਜਾਂ ਦਰਿਆਂਵਾਂ ਦੇ ਪਾਣੀ ਤਾਂ ਭਾਵੇਂ ਵੰਡੇ ਗਏ ਹਨ ਪਰ ਹੁਣ ਇਸ ਧਰਤੀ ‘ਤੇ ਸ਼ਰਾਬ ਦਾ ਛੇਵਾਂ ਦਰਿਆ, ਠਾਠਾਂ ਮਾਰਨ ਲਗ ਪਿਆ ਹੈ। ਕੁੱਲ ਦੁਨੀਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ‘ਚੋਂ ਸ਼ਰਾਬ ਦੀ ਵਰਤੋਂ ਚੌਥਾ ਅਹਿਮ ਕਾਰਨ ਹੈ। 50 ਫ਼ੀਸਦੀ ਤੋਂ ਵਧੇਰੇ ਦੁਰਘਟਨਾਵਾਂ ਤੇ 25 ਫ਼ੀਸਦੀ ਤੋਂ ਵੱਧ ਆਤਮਹੱਤਿਆਵਾਂ ਵੀ ਇਸੇ ਕਰਕੇ ਹੀ ਹੁੰਦੀਆਂ ਹਨ। ਲਗਾਤਾਰ ਸਾਲਾਂ-ਬੱਧੀ ਜ਼ਿਆਦਾ ਪੀਣ ਨਾਲ ਜਿਗਰ ਦੀ ਸੋਜ਼ਿਸ਼ ਹੋ ਜਾਂਦੀ ਹੈ ਜਿਸ ਨੂੰ ਅਲਕੋਹਲਿਕ ਹੈਪੇਟਾਇਟਿਸ ਕਿਹਾ ਜਾਂਦਾ ਹੈ।ਉਂਜ, ਜਿਗਰ ਦੀ ਸੋਜ਼ਿਸ਼ ਦੇ ਹੋਰ ਵੀ ਕਈ ਕਾਰਨ ਹੁੰਦੇ ਹਨ। ਪਿਆਕੜਾਂ ਅਤੇ ਪਟਿਆਲਾ ਪੈੱਗ ਪੀਣ ਵਾਲਿਆਂ ਵਿੱਚ ਕੁਝ ਸਾਲਾਂ ‘ਚ ਹੀ ਜਿਗਰ ਦੇ ਸੈੱਲਾਂ ਵਿੱਚ ਚਰਬੀ ਜਮ੍ਹਾਂ (ਫ਼ੈਟੀ ਲਿਵਰ) ਹੋਣ ਨਾਲ ਜਿਗਰ ਦਾ ਭਾਰ ਅਤੇ ਆਕਾਰ ਬਹੁਤ ਵਧ ਜਾਂਦਾ ਹੈ, ਰੋਗੀ ਨੂੰ ਯਰਕਾਨ ਜਾਂ ਜਾਓਂਡਿਸ ਹੋ ਜਾਂਦਾ ਹੈ। ਇਸ ਨਾਲ ਡੇਲਿਆਂ, ਚਮੜੀ, ਜੀਭ ਅਤੇ ਮਸੂੜਿਆਂ ਆਦਿ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਮੁੜ੍ਹਕਾ ਤੇ ਪਿਸ਼ਾਬ ਵੀ ਗੂੜ੍ਹੇ ਖੱਟੇ ਰੰਗ ਦੇ ਆਉਂਦੇ ਹਨ। ਜਿਵੇਂ ਜਿਵੇਂ ਜਿਗਰ ਦੀ ਖ਼ਰਾਬੀ ਵਧਦੀ ਜਾਂਦੀ ਹੈ ਯਰਕਾਨ ਦੀ ਸਥਿਤੀ ਵੀ ਗੰਭੀਰ ਹੋਈ ਜਾਂਦੀ ਹੈ।
4ਗ. $ ਛਜਅਪੀ 2 (ਟਕਮ) ਜਿਗਰ ‘ਤੇ ਸ਼ਰਾਬ ਦਾ ਅਸਰ ਵੇਖਣ ਲਈ ਅਸੀਂ ਪੋਸਟ ਮਾਰਟਮ ਕੇਸਾਂ ਦੇ 150 ਜਿਗਰ ਦੇ ਸੈਂਪਲਾਂ ‘ਤੇ ਆਧਾਰਿਤ ਇੱਕ ਅਧਿਐਨ ਕੀਤਾ ਸੀ ਜਿਸ ਵਿੱਚ 40 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੇ ਪੋਸਟ ਮਾਰਟਮਾਂ ਦੌਰਾਨ ਜਿਗਰ ਲਏ ਗਏ ਸਨ। ਇਹ ਸਾਰੇ ਮ੍ਰਿਤਕ ਤਕਰੀਬਨ ਪੰਜਾਬ ਦੇ ਹੀ ਸਨ ਕਿਉਂਕਿ ਪੰਜਾਬ ਵਿੱਚ ਸ਼ਰਾਬ ਦਾ ਬਹੁਤ ਸੇਵਨ ਕੀਤਾ ਜਾਂਦਾ ਹੈ, ਇਸ ਲਈ 65 ਫ਼ੀਸਦੀ ਕੇਸਾਂ ਵਿੱਚ ਜਿਗਰ ਦੇ ਸੈੱਲਾਂ ਵਿੱਚ ਚਰਬੀ (ਫ਼ੈਟੀ ਲਿਵਰ) ਤੇ ਜਿਗਰ ਦਾ ਸਿਰੋਸਿਸ ਪਾਏ ਗਏ ਸਨ।
ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਸ਼ਰਾਬ ਪੀਣੀ ਸ਼ੁਰੂ ਹੀ ਨਾ ਕੀਤੀ ਜਾਵੇ। ਇਸ ਅਲਾਮਤ ਤੋਂ ਬਚਣ ਲਈ ਸਿਰਫ਼ ਸਿਆਣਪ ਵਰਤਣ ਦੀ ਜ਼ਰੂਰਤ ਹੈ। ਫ਼ਿਰ ਵੀ ਜੋ ਲੋਕ ਅਜਿਹੀ ਸੰਗਤ ਮਾਨਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਆਪ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ ਅਤੇ ਸ਼ਰਾਬ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦੇਣਾ ਚਾਹੀਦਾ। ਇਸ ਦੇ ਨਾਲ ਨਾਲ ਆਪਣੇ ਜਿਗਰ ਦੇ ਰਾਜ਼ੀ-ਬਾਜ਼ੀ ਹੋਣ ਦੀ ਸਥਿਤੀ ਨੂੰ ਦਰਸਾਉਣ ਵਾਲੇ ਖ਼ੂਨ ਅਤੇ ਪਿਸ਼ਾਬ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਟੈਸਟਾਂ ਨਾਲ ਜਿਗਰ ਦੀ ਖ਼ਰਾਬੀ ਦਾ ਜੇ ਮੁੱਢਲੀ ਸਟੇਜ ‘ਤੇ ਹੀ ਪਤਾ ਲਗਾ ਲਿਆ ਜਾਵੇ ਤਾਂ ਮੁਕੰਮਲ ਸ਼ਰਾਬਬੰਦੀ ਤੇ ਇਲਾਜ ਨਾਲ ਹੋਰ ਵਧੇਰੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਪਰ ਜੇ ਨੁਕਸ ਦਾ ਪਤਾ ਲੱਗਣ ਦੇ ਬਾਅਦ ਵੀ ਬੰਦਾ ਸ਼ਰਾਬ ਪੀਣੀ ਨਾ ਛੱਡੇ ਤਾਂ ਉਸ ਨੂੰ ਆਪਣੀ ਜ਼ਿੰਦਗੀ ਦੇ ਬਾਕੀ ਰਹਿੰਦੇ ਦਿਨਾਂ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ।ਠੀਕ-ਠਾਕ ਸਿਹਤ ਵਾਲੇ ਇੱਕ ਸਾਧਾਰਨ ਬੰਦੇ ਦਾ ਜਿਗਰ ਤਕਰੀਬਨ ਡੇਢ ਕਿਲੋ ਗ੍ਰਾਮ ਹੁੰਦਾ ਹੈ ਜੋ ਪੇਟ ਵਿੱਚ ਸੱਜੇ ਪਾਸੇ ਪੱਸਲੀਆਂ ਦੇ ਹੇਠਾਂ ਲੁਕਿਆ ਹੋਇਆ ਹੁੰਦਾ ਹੈ। ਇਸ ਦਾ ਆਕਾਰ ਵਧਣ ਨਾਲ ਇਹ, ਹੇਠਾਂ ਪੇਟ ਵੱਲ ਨੂੰ ਟੋਹ ਕੇ  ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਇਸ ਆਕਾਰ ਕਾਫ਼ੀ ਵੱਡਾ ਹੋ ਜਾਵੇ ਤਾਂ ਇਹ ਧੁੰਨੀ ਤਕ ਵਧ ਸਕਦਾ ਹੈ। ਆਕਾਰ ਵਧਣ ਨਾਲ ਇਸ ਦਾ ਭਾਰ ਵੀ ਵਧ ਜਾਂਦਾ ਹੈ।
ਜਿਹੜੇ ਮਨੁੱਖ ਬੇਹਿਸਾਬੀ ਸ਼ਰਾਬ ਪੀਂਦੇ ਹਨ ਉਹ ਕਈ ਤਰ੍ਹਾਂ ਦੇ ਵਿਕਾਰ ਜਾਂ ਬਿਮਾਰੀਆਂ ਸਹੇੜ ਲੈਂਦੇ ਹਨ। ਸ਼ਰਾਬ ਕਾਰਨ ਜਿਗਰ ਦੀ ਬਿਮਾਰੀ ਆਮ ਕਰਕੇ 30 ਤੋਂ 55 ਸਾਲ ਦੇ ਬੰਦਿਆਂ ਵਿੱਚ ਹੁੰਦੀ ਹੈ। ਉਂਜ ਜੋ ਲੋਕ ਬੇਹਿਸਾਬੀ ਪੀਂਦੇ ਹਨ, ਉਨ੍ਹਾਂ ਨੂੰ ਇਸ ਉਮਰ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਜਿਗਰ ਰੋਗ ਹੋ ਜਾਂਦਾ ਹੈ। ਰੋਗੀ ਨੂੰ ਕਮਜ਼ੋਰੀ, ਸੁਸਤੀ, ਭਾਰ ਤੇ ਭੁੱਖ ਦੀ ਘਾਟ ਅਤੇ ਯਰਕਾਨ ਹੋ ਜਾਂਦਾ ਹੈ। ਕੁਝ ਦੇਰ ਬਾਅਦ ਪੇਟ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਪੈਰਾਂ ‘ਤੇ ਸੋਜ਼ਿਸ਼ ਵੀ ਪੈ ਜਾਂਦੀ ਹੈ। ਸ਼ਰਾਬ ਮੁਕੰਮਲ ਰੂਪ ਵਿੱਚ ਨਾ ਛੱਡੀ ਜਾਵੇ ਤਾਂ ਕੁਝ ਹੀ ਮਹੀਨਿਆਂ ਵਿੱਚ ਜਿਗਰ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ। ਇਸੇ ਹਾਲਤ ਨੂੰ ‘ਜਿਗਰ ਫ਼ੇਲ੍ਹ’ ਕਹਿੰਦੇ ਹਨ। ਜਦੋਂ ਹਾਲਾਤ ਇੱਥੋਂ ਤਕ ਪੁੱਜ ਜਾਣ ਤਾਂ ਜਿਊਣ ਦੀ ਉਮੀਦ ਫ਼ਿੱਕੀ ਪੈ ਜਾਂਦੀ ਹੈ। ਭਾਵੇਂ ਦੁਨੀਆਂ ਦੇ ਕਈ ਮੁਲਕਾਂ ਵਿੱਚ ਜਿਗਰ ਬਦਲਣ ਦੀਆਂ ਸੁਵਿਧਾਵਾਂ ਹਨ, ਫ਼ਿਰ ਵੀ ਜਿਗਰ-ਦਾਨੀਆਂ ਦੀ ਘਾਟ, ਆਰਥਿਕ ਅਤੇ ਹੋਰ ਕਾਰਨਾਂ ਕਰਕੇ ਭਾਰਤ ਵਿੱਚ ਅਜੇ ਇਹ  ਸੰਭਵ ਨਹੀਂ। ਡੂੰਘੀ ਬੇਹੋਸ਼ੀ (ਕੋਮਾ), ਪੇਟ ਅੰਦਰ ਖ਼ੂਨ ਦੀ ਨਾੜੀ ਫ਼ਟਣਾ, ਦਿਮਾਗ ਦੀ ਨਾੜੀ ਫ਼ਟਣਾ, ਖ਼ੂਨ ਦੀ ਉਲਟੀ, ਟੱਟੀ ਰਸਤੇ ਖ਼ੂਨ, ਨਕਸੀਰ ਅਤੇ ਇਨਫ਼ੈਕਸ਼ਨਾਂ ਆਦਿ ਅਜਿਹੇ ਰੋਗੀਆਂ ਵਿੱਚ ਮੌਤ ਦਾ ਕਾਰਨ ਬਣਦੀਆਂ ਹਨ।
ਪੱਛਮੀ ਦੇਸ਼ਾਂ ਵਿੱਚ ਜਿਗਰ ਦੇ ਖ਼ਰਾਬ ਹੋਣ ਦਾ ਮੁੱਖ ਕਾਰਨ ਸ਼ਰਾਬ ਹੈ। ਇਸ ਖ਼ਰਾਬੀ ਦੇ 60 ਤੋਂ 70 ਫ਼ੀਸਦੀ ਰੋਗੀ, ਵਧੇਰੇ ਅਤੇ ਬਿਨਾਂ ਪਾਣੀ (ਨੀਟ) ਸ਼ਰਾਬ ਪੀਣ ਵਾਲੇ ਹੁੰਦੇ ਹਨ। ਸ਼ਰਾਬ ਵਿੱਚਲਾ ਜ਼ਹਿਰੀਲਾ ਰਸਾਇਣ ਈਥੇਨੋਲ ਜਿਗਰ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ। ਇਨ੍ਹਾਂ ਸੈੱਲਾਂ ਦੇ ਖ਼ਤਮ ਹੋਣ ਨਾਲ ਖਰੀਂਢ ਬਣ ਜਾਂਦਾ ਹੈ, ਇਸ ਨੂੰ ਜਿਗਰ ਦਾ ਸਿਰੋਸਿਸ ਕਿਹਾ ਜਾਂਦਾ ਹੈ। ਸਾਧਾਰਨ ਜਿਗਰ ਦਾ ਬਾਹਰਲਾ ਤਲ ਨਰਮ ਅਤੇ ਪੱਧਰਾ ਹੁੰਦਾ ਹੈ ਪਰ ਸਿਰੋਸਿਸ ਵਿੱਚ ਇਹ ਉਧੜ-ਗੁਧੜਾ ਅਤੇ ਸਖ਼ਤ ਹੋ ਜਾਂਦਾ ਹੈ। ਸ਼ਰਾਬ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਜੇ ਆਦਮੀ ਦੀ ਜ਼ਿੰਦਗੀ ਕੁਝ ਸਾਲ ਹੋਵੇ ਤਾਂ ਉਸ ਦੌਰਾਨ ਜਿਗਰ ਦਾ ਕੈਂਸਰ ਉਤਪੰਨ ਹੋਣ ਦਾ ਬਹੁਤ ਖ਼ਤਰਾ ਹੁੰਦਾ ਹੈ। ਜਿਗਰ ਤੋਂ ਇਲਾਵਾ ਸ਼ਰਾਬ ਦੇ ਕਹਿਰ ਦਾ ਸ਼ਿਕਾਰ ਹੋਣ ਵਾਲੇ ਬਾਕੀ ਅੰਗ ਹਨ- ਗਲਾ, ਜੀਭ, ਬੁੱਲ੍ਹ, ਭੋਜਨ-ਨਾਲੀ, ਮਿਹਦਾ ਅਤੇ ਮਸਾਨਾ ਆਦਿ। ਇਨ੍ਹਾਂ ਅੰਗਾਂ ਵਿੱਚ ਵੀ ਕੈਂਸਰ ਵਿਕਸਿਤ ਹੋ ਸਕਦੇ ਹਨ। ਸ਼ਰਾਬ ਨਾਲ ਮਨੋਵਿਗਿਆਨਿਕ ਰੋਗ ਅਤੇ ਦਿਮਾਗੀ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।ਯਰਕਾਨ ਕੋਈ ਬਿਮਾਰੀ ਨਹੀਂ, ਇਹ ਤਾਂ ਜਿਗਰ ਦੇ ਨੁਕਸਾਨੇ ਜਾਣ ਦਾ ਇੱਕ ਚਿੰਨ੍ਹ/ਲੱਛਣ ਹੈ। ਇਸ ਲਈ ਯਰਕਾਨ ਸੋਫ਼ੀਬੰਦਿਆਂ ਵਿੱਚ ਵੀ ਹੁੰਦਾ ਹੈ। ਜਿਗਰ ਦੀਆਂ ਵਾਇਰਲ ਇਨਫ਼ੈਕਸ਼ਨਜ਼, ਜਿਗਰ ਦੀ ਸੋਜ਼ਿਸ਼ ਜਾਂ ਹੈਪੇਟਾਇਟਿਸ ਪੈਦਾ ਕਰਦੀਆਂ ਹਨ ਜਿਸ ਨਾਲ ਯਰਕਾਨ ਹੋ ਜਾਂਦਾ ਹੈ। ਹੈਪੇਟਾਇਟਿਸ ‘ਏ’ ਵਾਇਰਸ, ਹੈਪੇਟਾਇਟਿਸ ‘ਬੀ’ ਤੇ ‘ਸੀ’ ਤੋਂ ਇਲਾਵਾ ਡੈਲਟਾ ਅਤੇ ਹੋਰ ਵੀ ਵਾਇਰਸ ਹਨ ਜੋ ਹੈਪੇਟਾਇਟਿਸ ਪੈਦਾ ਕਰਦੇ ਹਨ। ਇਨ੍ਹਾਂ ਵਿੱਚੋਂ ‘ਬੀ’ ਤੇ ‘ਸੀ’ ਸਭ ਤੋਂ ਵੱਧ ਖ਼ਤਰਨਾਕ ਹਨ। ਇਸ ਕਿਸੇ ਵੀ ਤਰ੍ਹਾਂ ਦੀ ਉਕਤ ਵਾਇਰਲ ਇਨਫ਼ੈਕਸ਼ਨ ਹੋਵੇ ਤਾਂ ਯਰਕਾਨ, ਥੋੜ੍ਹਾ-ਥੋੜ੍ਹਾ ਬੁਖ਼ਾਰ, ਸੱਜੇ ਪਾਸੇ ਪੱਸਲੀਆਂ ਥੱਲੇ  ਦਰਦ, ਜੀਅ ਕੱਚਾ, ਕਦੇ ਕਦੇ ਉਲਟੀ, ਭੁੱਖ ਦਾ ਘਟਣਾ ਅਤੇ ਗੂੜ੍ਹੇ ਰੰਗ ਦਾ ਪਿਸ਼ਾਬ ਆਦਿ ਲੱਛਣ ਹੁੰਦੇ ਹਨ। ਇਨ੍ਹਾਂ ਇਨਫ਼ੈਕਸ਼ਨਜ਼ ਦੇ ਮਰੀਜ਼ਾਂ ਨੂੰ ਆਮ ਕਰਕੇ ਜ਼ਿਆਦਾ ਕਾਰਬੋਹਾਈਡ੍ਰੇਟਸ (ਚੌਲ, ਆਲੂ, ਗੁੜ ਤੇ ਰੌਹ ਆਦਿ) ਵਾਲੇ ਅਤੇ  ਚਿਕਨਾਈ-ਰਹਿਤ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਨੁਕਸਾਨੇ ਹੋਏ ਜਿਗਰ ਨੂੰ ਕੁਝ ਆਰਾਮ ਮਿਲ ਸਕੇ।
ਪਿੱਤੇ ਦੀ ਪਥਰੀ, ਨਾਲੀ ਵਿੱਚ ਫ਼ਸ ਜਾਣ ਨਾਲ ਜਾਂ ਲਬਲਬੇ ਦਾ ਕੈਂਸਰ ਤੇ ਯਰਕਾਨ ਵੀ ਹੋ ਜਾਂਦਾ ਹੈ, ਜੋ ਥੋੜ੍ਹੇ ਸਮੇਂ  ਵਿੱਚ ਕਾਫ਼ੀ ਗਹਿਰਾ ਹੋ ਜਾਂਦਾ ਹੈ। ਇਸ ਲਈ ਵਿਸਤ੍ਰਿਤ ਜਾਂਚ ਤੇ ਇਨਵੈਸਟੀਗੇਸ਼ਨਜ਼ ਤੋਂ ਬਾਅਦ, ਸਰਜਰੀ ਵਗੈਰਾ ਨਾਲ ਇਲਾਜ ਕੀਤਾ ਜਾਂਦਾ ਹੈ।
ਜਿਗਰ ਰੋਗ ਤੋਂ ਬਗੈਰ ਯਰਕਾਨ: ਇਹ ਇੱਕ ਲੱਛਣ ਹੈ ਜੋ ਜਿਗਰ ਰੋਗ ਤੋਂ ਬਗੈਰ ਖ਼ੂਨ ਦੇ ਲਾਲ ਸੈੱਲਾਂ ਦੇ ਟੁੱਟਣ ਨਾਲ ਵੀ ਉਤਪੰਨ ਹੁੰਦਾ ਹੈ। ਸਾਧਾਰਨ ਹਾਲਤਾਂ ਵਿੱਚ ਪੀਲੇ ਰੰਗ ਦੇ ਤੱਤ ਬਿਲੀਰੂਬਿਨ ਦੀ ਮਾਤਰਾ 0.2 ਤੋਂ 0.8 ਮਿਲੀਗ੍ਰਾਮ ਫ਼ੀਸਦੀ ਹੁੰਦੀ ਹੈ ਜੋ ਸਾਧਾਰਨ ਹਾਲਤਾਂ ਵਿੱਚ ਪੁਰਾਣੇ ਲਾਲ ਸੈੱਲ ਟੁੱਟਣ ਤੋਂ ਪੈਦਾ ਹੁੰਦੀ ਹੈ। ਜੇ ਕਿਸੇ ਕਾਰਨ ਕਰਕੇ ਲਾਲ ਸੈੱਲ ਤੇਜ਼ੀ ਨਾਲ ਟੁੱਟਣ ਕਰਕੇ ਯਰਕਾਨ ਹੋਵੇ ਤਾਂ ਜਿਗਰ ਬਿਲਕੁਲ ਤੰਦਰੁਸਤ ਹੁੰਦਾ ਹੈ। ਇਸ ਤਰ੍ਹਾਂ ਦਾ ਯਰਕਾਨ ਛੋਟੇ ਬੱਚਿਆਂ ਵਿੱਚ ਜਾਂ ਗ਼ਲਤ-ਮੈਚ ਵਾਲਾ ਖ਼ੂਨ ਦਾਨ ਲੈਣ, ਸੱਪ ਲੜਨ ਜਾਂ ਨਾ ਸੂਟ ਕਰਨ ਵਾਲੀਆਂ ਦਵਾਈਆਂ ਖਾਣ ਨਾਲ ਹੋ ਜਾਂਦਾ ਹੈ। ਕਈ ਜਮਾਂਦਰੂ ਕਾਰਨਾਂ ਕਰਕੇ ਵੀ ਯਰਕਾਨ ਹੋ ਸਕਦਾ ਹੈ।
ਸਰੀਰ ਦੀਆਂ ਕਈ ਬਿਮਾਰੀਆਂ ਲਈ ਵਹਿਮ-ਭਰਮ ਤੇ ਟੂਣਾ-ਝਾੜਾ ਕਰਨ ਵਾਲਿਆਂ ਬਾਰੇ ਆਮ ਹੀ ਸੁਣਿਆ ਜਾਂਦਾ ਹੈ। ਕਿਤੇ ਕੋਈ ਅਖੌਤੀ ਮਾਹਿਰ ਇੱਕੋ ਪੁੜੀ ਨਾਲ ਮਰਜ਼ ਠੀਕ ਕਰ ਦਿੰਦਾ ਹੈ ਤੇ ਕਿਤੇ ਕੋਈ ਬਾਬਾ ਕੰਨ ਰਾਹੀਂ ਯਰਕਾਨ ਬਾਹਰ ਕੱਢ ਦਿੰਦਾ ਹੈ। ਭੋਲੇ-ਭਾਲੇ ਲੋਕ ਅਜਿਹੇ ਬਾਬਿਆਂ ਤੇ ਅਖੌਤੀਆਂ ਸਿਆਣਿਆਂ ਕੋਲ ਇਲਾਜ ਵਾਸਤੇ ਜਾਂਦੇ ਹਨ, ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਯਰਕਾਨ ਜਿਗਰ ਦੇ ਨੁਕਸਾਨੇ ਜਾਣ ਦਾ ਇੱਕ ਲੱਛਣ ਹੈ। ਇਸ ਲਈ ਜਾਂਚ ਦੁਆਰਾ ਬਿਮਾਰੀ ਦੀ ਤਹਿ ਤਕ ਜਾ ਕੇ ਹੀ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।
ਡਾ. ਮਨਜੀਤ ਸਿੰਘ ਬੱਲ
9872843491

LEAVE A REPLY