sports-news-300x150-2ਰਾਮਪੁਰਾ ਫ਼ੂਲ-ਮਹਿਰਾਜ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਅੱਜ ਵਿਸ਼ਵ ਕੱਪ ਦੇ ਨਾਕ ਆਊਟ ਮੈਚਾਂ ਦੀ ਸ਼ੁਰੂਆਤ ਹੋਈ, ਜਿੱਥੇ ਪੁਰਸ਼ ਤੇ ਮਹਿਲਾ ਵਰਗ ਦੇ ਖੇਡੇ ਗਏ ਇਕ-ਇਕ ਸੈਮੀਫ਼ਾਈਨਲ ਮੁਕਾਬਲਿਆਂ ਵਿੱਚ ਇੰਗਲੈਂਡ ਦੀ ਪੁਰਸ਼ ਅਤੇ ਭਾਰਤ ਦੀ ਮਹਿਲਾ ਟੀਮ ਨੇ ਜਿੱਤ ਹਾਸਲ ਕਰਦਿਆਂ ਫ਼ਾਈਨਲ ਵਿੱਚ ਦਾਖਲਾ ਪਾਇਆ। ਮਹਿਲਾ ਵਰਗ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਇਕਪਾਸੜ ਮੁਕਾਬਲੇ ਵਿੱਚ 41-19 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਦਾਖਲਾ ਪਾਇਆ। ਦੂਜੇ ਪਾਸੇ ਪੁਰਸ਼ ਵਰਗ ਦੇ ਪਹਿਲੇ ਸੈਮੀ ਫ਼ਾਈਨਲ ਮੈਚ ਵਿੱਚ ਦੋ ਇਤਿਹਾਸ ਸਿਰਜੇ ਗਏ। ਛੇ ਵਿਸ਼ਵ ਕੱਪਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੈਚ ਦਾ ਸਕੋਰ ਨਿਰਧਾਰਤ ਸਮੇਂ ਵਿੱਚ ਬਰਾਬਰ ਰਹਿਣ ਤੋਂ ਬਾਅਦ ਫ਼ੈਸਲਾ ਟਾਈਬ੍ਰੇਕਰ ਵਿੱਚ ਹੋਇਆ, ਜਿਸ ਵਿੱਚ ਇੰਗਲੈਂਡ ਨੇ ਇਰਾਨ ਨੂੰ 41-39 ਨਾਲ ਹਰਾ ਕੇ ਫ਼ਾਈਨਲ ਵਿੱਚ ਦਾਖਲਾ ਪਾਇਆ। ਇੰਗਲੈਂਡ ਦੀ ਪੁਰਸ਼ ਟੀਮ ਫ਼ਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਯੂਰੋਪੀਅਨ ਟੀਮ ਬਣ ਗਈ। ਇਸ ਤੋਂ ਪਹਿਲਾਂ ਸੈਮੀ ਫ਼ਾਈਨਲ ਮੈਚਾਂ ਦਾ ਰਸਮੀ ਉਦਘਾਟਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਮਹਿਰਾਜ ਪਿੰਡ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਜਿੱਥੇ ਦਰਸ਼ਕਾਂ ਦੇ ਰਿਕਾਰਡ ਤੋੜ ਇਕੱਠ ਨੇ ਫ਼ਸਵੇਂ ਮੈਚਾਂ ਦਾ ਆਨੰਦ ਮਾਣਿਆ। ਪਹਿਲਾ ਮੈਚ ਪੁਰਸ਼ ਦਾ ਪਹਿਲਾ ਸੈਮੀਫ਼ਾਈਨਲ ਇੰਗਲੈਂਡ ਤੇ ਇਰਾਨ ਵਿੱਚਾਲੇ ਖੇਡਿਆ ਗਿਆ, ਜਿਹੜਾ ਵਿਸ਼ਵ ਕੱਪ ਦਾ ਸਭ ਤੋਂ ਫ਼ਸਵਾਂ ਅਤੇ ਰੌਚਕ ਮੁਕਾਬਲਾ ਰਿਹਾ। ਇਹ ਮੈਚ ਵਿਸ਼ਵ ਕੱਪ ਦੇ ਬਾਕੀ ਮੈਚਾਂ ਮੁਕਾਬਲੇ ਜਾਫ਼ੀਆਂ ਦੇ ਨਾਂ ਰਿਹਾ। ਇੰਗਲੈਂਡ ਦੇ ਕਪਤਾਨ ਸੰਦੀਪ ਸੰਧੂ ਨੰਗਲ ਅੰਬੀਆ ਨੇ ਕਪਤਾਨੀ ਖੇਡ ਖੇਡਦਿਆਂ ਰਿਕਾਰਡ 14 ਜੱਫ਼ੇ ਲਾ ਕੇ ਟਾਈਬ੍ਰੇਕਰ ਵਿੱਚ ਗਏ, ਇਸ ਮੈਚ ਵਿੱਚ ਇਰਾਨ ਨੂੰ 41-39 ਨਾਲ ਹਰਾ ਕੇ ਆਪਣੀ ਟੀਮ ਨੂੰ ਫ਼ਾਈਨਲ ਵਿੱਚ ਪਹੁੰਚਾਇਆ। ਇੰਗਲੈਂਡ ਪਹਿਲੀ ਯੂਰੋਪੀਅਨ ਟੀਮ ਹੈ ਜਿਹੜੀ ਫ਼ਾਈਨਲ ਵਿੱਚ ਪੁੱਜੀ ਹੈ। ਇਹ ਮੈਚ ਸੰਦੀਪ ਦੇ ਨਾਂ ਰਿਹਾ ਜਿਸ ਨੇ ਇਰਾਨ ਦੇ ਧਾਕੜ ਰੇਡਰਾਂ ਨੂੰ ਲਗਾਤਾਰ ਡੱਕੀ ਰੱਖਿਆ। ਇਸ ਮੈਚ ਵਿੱਚ ਸ਼ੁਰੂਆਤ ‘ਚ ਇਰਾਨ ਨੇ ਲੀਡ ਲੈ ਲਈ ਪਰ ਫ਼ੇਰ ਇੰਗਲੈਂਡ ਨੇ ਲੀਡ ਬਣਾ ਲਈ। ਮੈਚ ਵਿੱਚ ਕਿਸੇ ਵੀ ਸਮੇਂ 4-5 ਅੰਕਾਂ ਤੋਂ ਵੱਧ ਲੀਡ ਦਾ ਫ਼ਰਕ ਨਹੀਂ ਰਿਹਾ। ਅੰਤਲੇ ਪਲਾਂ ਵਿੱਚ ਇਰਾਨ ਵਲੋਂ ਕੀਤੀ ਵਾਪਸੀ ਸਦਕਾ ਨਿਰਧਾਰਤ ਸਮੇਂ ਤਕ ਸਕੋਰ 35-35 ਨਾਲ ਬਰਾਬਰ ਰਿਹਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਾਕ ਆਊਟ ਮੁਕਾਬਲਾ ਟਾਈਬ੍ਰੇਕਰ ਵਿੱਚ ਗਿਆ, ਜਿੱਥੇ ਦੋਵੇਂ ਟੀਮਾਂ ਨੂੰ 5-5 ਰੇਡਾਂ ਪਾਉਣ ਦਾ ਮੌਕਾ ਦਿੱਤਾ ਗਿਆ। ਟਾਈਬ੍ਰੇਕਰ ਵਿੱਚ ਇਕ ਵਾਰ ਇਰਾਨ 39-36 (4-1) ਨਾਲ ਅੱਗੇ ਸੀ। ਇਸ ਮੌਕੇ ਸੰਦੀਪ ਵੱਲੋਂ ਲਗਾਏ ਦੋ ਜੱਫ਼ਿਆਂ ਅਤੇ ਜਗਤਾਰ ਦੇ ਇਕ ਜੱਫ਼ੇ ਸਦਕਾ ਇੰਗਲੈਂਡ ਨੇ ਲਗਾਤਾਰ ਪੰਜ ਅੰਕ ਲਏ ਅਤੇ ਸੈਮੀਫ਼ਾਈਨਲ ਮੈਚ 41-39 ਨਾਲ ਜਿੱਤ ਲਿਆ। ਦਿਨ ਦਾ ਦੂਜਾ ਤੇ ਆਖਰੀ ਮੈਚ ਮਹਿਲਾ ਵਰਗ ਦਾ ਪਹਿਲਾ ਸੈਮੀ ਫ਼ਾਈਨਲ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ। ਭਾਰਤ ਦੀ ਟੀਮ ਨੇ ਅਸਾਨੀ ਨਾਲ ਨਿਊਜ਼ੀਲੈਂਡ ਨੂੰ 41-19 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਦਾਖਲਾ ਪਾਇਆ। ਭਾਰਤੀ ਟੀਮ ਵਲੋਂ ਕਰਮੀ ਨੇ 7, ਰਾਮ ਬਟੇਰੀ ਨੇ 5 ਅਤੇ ਸੁੱਖੀ ਤੇ ਨੋਨਾ ਨੇ 3-3 ਅੰਕ ਲਏ ਜਦੋਂ ਕਿ ਜਾਫ਼ ਲਾਈਨ ਵਿੱਚੋਂ ਰਣਦੀਪ ਨੇ 5, ਖੁਸ਼ਬੂ ਨੇ 3 ਤੇ ਸੁਖਦੀਪ ਨੇ 2 ਜੱਫ਼ੇ ਲਾਏ। ਨਿਊਜ਼ੀਲੈਂਡ ਵਲੋਂ ਰੇਡਰ ਪਰੇਸੀ ਨੇ 8, ਕ੍ਰਿਸਟੀਅਨ ਮੋਟੋ ਤੇ ਜਾਇਲਾ ਨੇ 3-3 ਅੰਕ ਲਏ ਅਤੇ ਜਾਫ਼ੀ ਟਾਇਲਾ ਫ਼ੋਰਡ ਨੇ 2 ਤੇ ਐਟਲੀਨਾ ਨੇ 1 ਜੱਫ਼ਾ ਲਾਇਆ।     ਇਸ ਮੌਕੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਰਵੀ ਤੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਆਦਿ ਵੀ ਹਾਜ਼ਰ ਸਨ।

LEAVE A REPLY