main-news-300x150-1-300x150ਸੱਥ ਵਿੱਚ ਬੈਠੇ ਬਾਬੇ ਸੱਜਣ ਸਿਉਂ ਨੂੰ ਇੱਕ ਲਵੀ ਜੀ ਉਮਰ ਦੇ ਮੁੰਡੇ ਨੇ ਆ ਕੇ ਪੁੱਛਿਆ, ”ਬਾਬਾ! ਐਥੇ ਮੇਰਾ ਭਾਪਾ ਨ੍ਹੀ ਆਇਆ?”
ਬਾਬੇ ਦੇ ਕੋਲ ਬੈਠੇ ਮਾਹਲੇ ਨੰਬਰਦਾਰ ਨੇ ਜੁਆਕ ਨੂੰ ਪੁੱਛਿਆ, ”ਕਿੰਨ੍ਹਾਂ ਦਾ ਮੁੰਡਾ ਪੁੱਤ ਤੂੰ?”
”ਕੌਰੂ ਦਾ ਮੁੰਡਾਂ ਤਾਇਆ।” ਜੁਆਕ ਬੋਲਿਆ।
ਸੀਤਾ ਮਰਾਸੀ ਕਹਿੰਦਾ, ”ਕੌਰੂ ਆਜੜੀ ਦਾ ਕੁ ਕੌਰੂ ਭਾਨੇ ਕੇ ਦਾ?”
ਜੁਆਕ ਕਹਿੰਦਾ, ”ਭੇਡਾਂ ਬੱਕਰੀਆਂ ਆਲੇ ਕੌਰੂ ਦਾ।”
ਸੀਤਾ ਮਰਾਸੀ ਨੰਬਰਦਾਰ ਨੂੰ ਕਹਿੰਦਾ, ”ਨੰਬਰਦਾਰਾ! ਜੁਆਕ ਤੈਨੂੰ ਤਾਇਆ-ਤਾਇਆ ਕਹੀ ਜਾਂਦੈ, ਤੈਨੂੰ ਜੁਆਕ ਬਾਰੇ ਪਤਾ ਨ੍ਹੀ ਬਈ ਕੀਹਦਾ ਮੁੰਡਾ ਇਹੇ।”
ਮਰਾਸੀ ਦੀ ਗੱਲ ਸੁਣ ਕੇ ਜੱਗੇ ਕਾਮਰੇਡ ਨੇ ਫ਼ੜਿਆ ਫ਼ਿਰ ਸੀਤੇ ਮਰਾਸੀ ਤੋਂ ਮਾਇਕ, ”ਬੁੱਢੇ ਕੁੱਕੜ ਆਂਗੂੰ ਤੁਰਦਾ ਵੇਖਕੇ ਹੁਣ ਤਾਂ ਹਰੇਕ ਈ ਨੰਬਰਦਾਰ ਨੂੰ ਤਾਇਆ ਕਹਿ ਛੱਡਦਾ। ਆਹ ਹੋਰ ਦੋਹ ਵਰ੍ਹਿਆਂ ਨੂੰ ਲੋਕਾਂ ਨੇ ਨੰਬਰਦਾਰ ਦਾ ਨਾਂ ਈ ਤਾਇਆ ਨੰਬਰਦਾਰ ਧਰ ਲੈਣੈ।”
ਗੱਲਾਂ ਕਰਦਿਆਂ ਤੋਂ ਜੁਆਕ ਦੀ ਮਾਂ ਧੋਲਾਂ ਨੂੰ ਵੀ ਸੱਥ ਵੱਲ ਤੁਰੀ ਆਉਂਦੀ ਨੂੰ ਵੇਖ ਕੇ ਬੁੱਘਰ ਦਖਾਣ ਜੁਆਕ ਨੂੰ  ਕਹਿੰਦਾ, ”ਔਹ ਤੇਰੀ ਮਾਂ ਵੀ ਐਧਰ ਨੂੰ ਤੁਰੀ ਆਉਂਦੀ ਐ ਓਏ। ਕਿਤੇ ਕੌਰੂ ਰੁੱਸ ਰੱਸ ਕੇ ਤਾਂ ਨ੍ਹੀ ਘਰੋਂ ਭੱਜ ਗਿਐ। ਸਾਰਾ ਟੱਬਰ ਈ ਮਗਰ ਮੂਹਰੇ ਇਉਂ ਭੱਜਿਆ ਫ਼ਿਰਦਾ ਜਿਮੇਂ ਢੁੱਡੀਕਿਆਂ ਆਲੇ ਕੇਹਰੂ ਦੇ ਮਗਰ ਬੱਗੜ ਚੌਂਕੀਦਾਰ ਚੌਂਕੀਦਾਰੇ ਨੂੰ ਤੁਰਿਆ ਫ਼ਿਰਦਾ ਰਹਿੰਦੈ।”
ਏਨੇ ਚਿਰ ਨੂੰ ਨਾਥਾ ਅਮਲੀ ਵੀ ਰੋਡਵੇਜ਼ ਦੀ ਬੱਸ ਵਾਂਗੂੰ ਵਿੰਗ ਟੇਢ ਜੀ ਪਾਉਂਦਾ ਸੱਥ ‘ਚ ਆ ਕੇ ਬਾਬੇ ਸੱਜਣ ਸਿਉਂ ਨੂੰ ਫ਼ਤਹਿ ਬੁਲਾ ਕੇ ਕਹਿੰਦਾ, ”ਕਿਮੇਂ ਆਂ ਬਾਬਾ। ਤਕੜੈਂ?”
ਬਾਬਾ ਕਹਿੰਦਾ, ”ਮੈਂ ਤਾਂ ਅਮਲੀਆ ਤਕੜਾਂ, ਪਰ ਆਹ ਜੁਆਕ ਦੀ ਫ਼ਰਿਆਦ ਸੁਣ।”
ਅਮਲੀ ਜੁਆਕ ਵੱਲ ਵੇਖ ਕੇ ਸੀਤੇ ਮਰਾਸੀ ਨੂੰ ਕਹਿੰਦਾ, ”ਕੀਹਦਾ ਮੁੰਡਾ ਇਹੇ ਸੀਤਾ ਸਿਆਂ?”
ਜੁਆਕ ਦੇ ਕੋਲ ਖੜ੍ਹਾ ਸੀਤਾ ਮਰਾਸੀ ਕਹਿੰਦਾ, ”ਕੌਰੂ ਆਜੜੀ ਦਾ ਮੁੰਡਾ ਅਮਲੀਆ। ਆਵਦੇ ਪਿਉ ਨੂੰ ਭਾਲਦੈ ਇਹੇ। ਇਹਦੀ ਮਾਂ ਵੀ ਐਧਰ ਨੂੰ ਆਉਂਦੀ-ਆਉਂਦੀ ਜੰਗੇ ਰਾਹੀ ਕਿਆ ਆਲੀ ਬੀਹੀ ਮੁੜ ਗੀ।”
ਕੌਰੂ ਬਾਰੇ ਸੁਣ ਕੇ ਨਾਥਾ ਅਮਲੀ ਕਹਿੰਦਾ, ”ਉਹ ਤਾਂ ਸਾਧੂ ਸਲੋਤਰੀ ਕੇ ਘਰੇ ਖੜ੍ਹਾ। ਇਨ੍ਹਾਂ ਦੀ ਬੱਕਰੀ ਬੁੱਕਰੀ ਬਮਾਰ ਠਮਾਰ ਐ ਕੋਈ, ਉਹਦੀ ਦੁਆ ਬੂਟੀ ਦੀ ਗੱਲ ਕਰੀ ਜਾਂਦਾ ਸੀ।”
ਸੀਤੇ ਮਰਾਸੀ ਨੇ ਮੁੰਡੇ ਨੂੰ ਪੁੱਛਿਆ, ”ਕੀ ਹੋ ਗਿਆ ਓਏ ਬੱਕਰੀ ਨੂੰ ?”
ਤਾਰਾ ਵਪਾਰੀ ਕਹਿੰਦਾ, ”ਠੱਕਾ ਮਾਰ ਗਿਆ ਹੋਣਾ ਹੋਰ ਕਿਤੇ ਗੁਆਰਾ ਖਾ ਕੇ ਤਾਂ ਨ੍ਹੀ ਆਫ਼ਰਗੀ। ਤਿੰਨ ਚਾਰ ਦਿਨ ਤਾਂ ਹੋ ਗੇ ਠੰਢੀ ਠਾਰ ਹਵਾ ਵਗਦੀ ਨੂੰ। ਇਹ ਬੱਕਰੀ, ਅਮਲੀ ਤੇ ਬਜੁਰਗਾਂ ਨੂੰ ਠੱਕਾ ਈ ਮਾਰਦੈ। ਕਿਉਂ ਨਾਥਾ ਸਿਆਂ ਠੀਕ ਐ ਗੱਲ?”
ਗੱਲਾਂ ਹੁੰਦੀਆਂ ਤੋਂ ਬੁੜ੍ਹਾ ਬੰਤ ਸਿਉਂ ਜੁਆਕ ਨੂੰ ਕਹਿੰਦਾ, ”ਜਾਹ ਪੁੱਤ ਸਾਧੂ ਸਲੋਤਰੀ ਕੇ ਘਰੇ ਐ ਤੇਰਾ ਭਾਪਾ, ਓੱਥੇ ਜਾ ਵੜਾ।”
ਬਾਬੇ ਸੱਜਣ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ, ”ਸਾਧੂ ਸਲੋਤਰੀ ਦੇ ਘਰੇ ਕੀ ਕਰਦਾ ਅਮਲੀਆ ਕੌਰੂ?”
ਅਮਲੀ ਕਹਿੰਦਾ, ”ਤੈਨੂੰ ਦੱਸਿਆ ਤਾਂ ਹੈ ਬਾਬਾ, ਬਈ ਬੱਕਰੀ ਬੰਬਾਰ ਵਾਸਤੇ ਕੋਈ ਦੁਆ ਬੂਟੀ ਕਰਾਉਣ ਗਿਆ ਵਿਐ ਹੋਣੈ।”
ਤਾਰਾ ਵਪਾਰੀ ਕਹਿੰਦਾ, ”ਇਹਦੀਆਂ ਤਾਂ ਕਈ ਬੱਕਰੀਆਂ ਜੀਆਂ ਢਿੱਲੀਆਂ ਮੱਠੀਆਂ ਹੋਈਆਂ ਪਈਐਂ।”
ਸੀਤਾ ਮਰਾਸੀ ਕਹਿੰਦਾ, ”ਹਰਾ ਪੱਠਾ ਦੱਥਾ ਤਾਂ ਹੈਨ੍ਹੀ। ਸੁੱਕੀ ਤੂੜੀ ਤੰਦ ਨੂੰ ਡੰਗਰ ਨ੍ਹੀ ਮੂੰਹ ਲਾਉਂਦੇ। ਜੇ ਬਾਹਰ ਛੱਡ ਕੇ ਲਜਾਂਦਾ ਤਾਂ ‘ਕੱਲੇ ਤੋਂ ਸੰਭਦੀਆਂ ਨ੍ਹੀ। ਸੁੱਕੀ ਤੂੜੀ ਨਾਲ ਤਾਂ ਬਮਾਰ ਈ ਹੋਣਾ ਬੱਕਰੀਆਂ ਨੇ। ਜਾਂ ਫ਼ਿਰ ਤਾਰੇ ਆਲੇ ਗੱਲ ਹੋਊ ਬਈ ਠੱਕੇ ਦੀ ਮਾਰੀ ਬੱਕਰੀ ਦੇ ਸੁੱਕੀ ਤੂੜੀ ਕਿੱਥੋਂ ਨੰਘਦੀ ਐ।”
ਜੱਗਾ ਕਾਮਰੇਡ ਟਿੱਚਰ ‘ਚ ਹੱਸ ਕੇ ਕਹਿੰਦਾ, ”ਹੁਣ ਫ਼ੇਰ ਨੋਟ ਪਾ ਕੇ ਵੇਖ ਲੈਣ। ਪੰਜ-ਪੰਜ ਸੌ ਤੇ ਹਜਾਰ-ਹਜਾਰ ਵਾਲੇ ਨੋਟ ਹੁਣ ਚੱਲਦੇ ਤਾਂ ਹੈਨ੍ਹੀ। ਸਰਕਾਰ ਨੇ ਤਾਂ ਬੰਦ ਕਰ ‘ਤੇ, ਉਹ ਵੇਖ ਲੈਣ ਪਾ ਕੇ। ਫ਼ੇਰ ਵੇਖੀਂ ਬੱਕਰੀ ਨੋਟ ਖਾਂਦੀ ਐ ਕੁ ਨਹੀਂ।”
ਨਾਥਾ ਅਮਲੀ ਕਾਮਰੇਡ ਦੀ ਗੱਲ ਸੁਣ ਕੇ ਕਹਿੰਦਾ, ”ਨੋਟਾਂ ਦੀ ਤਾਂ ਕਾਮਰੇਟਾ ਐਨੀ ਦੁਰਦਸ਼ਾ ਹੋਗੀ, ਜੇ ਕਿਤੇ ਗਧਿਆਂ ਨੂੰ ਪਾ ਦੀਏ ਨਾਹ, ਹੁਣ ਤਾਂ ਉਨ੍ਹਾਂ ਨੇ ਮਨ੍ਹੀ ਸਿਆਨਣੇ। ਊਂ ਹੋਇਆ ਤਾਂ ਬਾਬਾ ਵਧੀਆ। ਜਿਨ੍ਹਾਂ ਨੇ ਬੋਰੀਆਂ ਭਰ ਭਰ ਰੱਖੀਆਂ ਸੀ, ਹੁਣ ਇਉਂ ਚੱਕੀ ਫ਼ਿਰਦੇ ਜਿਮੇਂ ਭਾਂਡਿਆਂ ਆਲਾ ਬਨਾਰਸੀ ਪਿੰਡਾਂ ‘ਚੋਂ ਟੁੱਟੇ ਫੁੱਟੇ ਭਾਡੇ ਖਰੀਦ ਕੇ ਬੋਰੀ ਸ਼ੈਂਕਲ ਦੇ ਮਗਰ ਰੱਖੀ ਫ਼ਿਰਦਾ ਹੁੰਦੈ।”
ਸੀਤਾ ਮਰਾਸੀ ਕਹਿੰਦਾ, ”ਆਹ ਰੁਲਦੂ ਮਾਹਟਰ ਨੇ ਵੀ ਆਵਦੀ ਬਹੂ ਨੋਟਾਂ ਦੇ ਬਿੱਘ ‘ਚ ਈ ਕੁੱਟ ਕੁੱਟ ਢਹੇ ਗੀਰ੍ਹੇ ਅਰਗੀ ਕੀਤੀ ਪਈ ਐ।”
ਬਾਬੇ ਨੇ ਪੁੱਛਿਆ, ”ਉਹ ਕਿਮੇਂ ਬਈ?”
ਨਾਥਾ ਅਮਲੀ ਕਹਿੰਦਾ, ”ਕੰਜਰਦੀ ਕਮਲੀ ਤੀਮੀਂ ਸ਼ਰਾਬੀ ਹੋਏ ਰੁਲਦੂ ਦੀ ਜੇਬ੍ਹ ‘ਚੋਂ ਚੋਰੀ ਇੱਕ ਦੋ ਨੋਟ ਕੱਢ ਲਿਆ ਕਰੇ, ਬਾਹਰੋਂ ਹੱਟ ਤੋਂ ਛੋਟੇ ਨੋਟ ਦੇ ਕੇ ਪੰਜ ਸੌ ਹਜਾਰ ਦੇ ਬੱਝੇ ਨੋਟ ਲੈ ਲਿਆ ਕਰੇ। ਉਹਨੇ ਤਾਂ ਬਾਬਾ ‘ਕੱਠੇ ਕਰ-ਕਰ ਦੱਸਦੇ ਐ ਬਣਾ ਲਿਆ ਦਸ ਬਾਰਾਂ ਲੱਖ ਰਪੀਆ। ਰਜਾਈਆਂ ਗਦੈਲਿਆਂ ‘ਚ ਪਾ ਕੇ ਪੇਟੀ ‘ਚ ਸਾਂਭੀ ਗਈ। ਹੁਣ ਜਦੋਂ ਸਰਕਾਰ ਨੇ ਵੱਡੇ ਨੋਟ ਬੰਦ ਕਰ ‘ਤੇ, ਹੁਣ ਪੇਟੀ ‘ਚੋਂ ਕੱਢ ਕੇ ਮਾਹਟਰ ਦੇ ਮੂਹਰੇ ਇਉਂ ਢੇਰੀ ਲਾ ‘ਤੀ ਜਿਮੇਂ ਕਤਾਬਾਂ ਆਲੇ ਪ੍ਰਗਾਸ਼ ਕੀ ਹੱਟ ‘ਚ ਕਤਾਬਾਂ ਕਾਪੀਆਂ ਪਈਆਂ ਹੁੰਦੀਐਂ। ਜਦੋਂ ਮਾਹਟਰ ਨੇ ਪੁੱਛਿਆ ਬਈ ‘ਇਹ ਕਿੱਥੋਂ ਆਏ’ ਤਾਂ ਜਦ ਉਹਨੇ ਦੱਸਿਆ ਤਾਂ ਮਾਹਟਰ ਨੇ ਢਾਹ ਲੀ ਫ਼ਿਰ ਜਿਮੇਂ ਮਲ੍ਹੱਪਾਂ ਆਲੀ ਦੁਆਈ ਦੇਣ ਵੇਲੇ ਕੱਟਾ ਢਾੲ੍ਹੀਦਾ ਹੁੰਦਾ। ਕੁੱਟ-ਕੁੱਟ ਕੇ ਤੂੰਬਾ ਬਣਾ ‘ਤੀ। ਐਥੋਂ ਦੀ ਵੇਖੀ ਨ੍ਹੀ ਨੰਘੀ ਜਾਂਦੀ ਕਿਮੇਂ ਤੁਰਦੀ ਸੀ ਜਿਮੇਂ ਕਛਰਾਲੀ ਨਿੱਕਲੀ ਆਲਾ ਗਧਾ ਤੁਰਦਾ ਹੁੰਦਾ।”
ਬੁੱਘਰ ਦਖਾਣ ਕਹਿੰਦਾ, ”ਆਪਣੇ ਗੁਆੜ ਤਾਂ ਕਈਆਂ ਨੇ ਆਵਦੀਆਂ ਬਹੂਆਂ ਏਸੇ ਬਿੱਘ ਚੀ ਕੁੱਟ ਤੀਆਂ। ਜਦੋਂ ਕਦੇ ਬੰਦੇ ਨੇ ਕੋਈ ਦੋ ਚਾਰ ਸੈ ਮੰਗਣਾ ਤਾਂ ਬੁੜ੍ਹੀਆਂ ਨੇ ਕਹਿ ਦੇਣਾ ‘ਮੇਰੇ ਕੋਲੇ ਕਿੱਥੇ ਐ, ਮੇਰੀ ਕਿਹੜਾ ਤਨਖਾਹ ਆਉਂਦੀ ਐ’? ਹੁਣ ਜਦੋਂ ਸਰਕਾਰ ਨੇ ਬੰਦ ਕਰ ‘ਤੇ, ਹੁਣ ਵੇਖ ਕਿਮੇਂ ਕੱਢ ਕੱਢ ਫ਼ੜਾਉਂਦੀਐਂ ਜਿਮੇਂ ਗੀਰ੍ਹਾ ਚਿਣਨ ਵੇਲੇ ਇੱਕ ਦੂਜੀ ਨੂੰ ਹੱਥੋ ਹੱਥੀ ਪਾਥੀਆਂ ਫ਼ੜਾਉਂਦੀਆਂ ਹੁੰਦੀਐਂ।”
ਨਾਥਾ ਅਮਲੀ ਹੱਸ ਕੇ ਟਿੱਚਰ ‘ਚ ਬਾਬੇ ਨੂੰ ਕਹਿੰਦਾ, ”ਕਿਉਂ ਬਾਬਾ! ਕੋਈ ਵੀ ਬੰਦਾ ਆਵਦੀ ਘਰਵਾਲੀ ਤੋਂ ਨਮੀਂ ਪੰਜੀ ਨ੍ਹੀ ਕਢਾਅ ਸਕਿਆ। ਆਹ ਇੱਕ ਛੜੇ ਬੰਦੇ ਨੇ ਸਾਰਿਆਂ ਦੀਆਂ ਘਰ ਆਲੀਆਂ ਤੋਂ ਸਕਿੰਟਾਂ ‘ਚ ਨੋਟ ਕਢਾ ਲੇ।”
ਸੀਤਾ ਮਰਾਸੀ ਕਹਿੰਦਾ, ”ਤਾਹੀਉਂ ਤਾਂ ਉਹਨੇ ਨ੍ਹੀ ਆਵਦੇ ਘਰ ਆਲੀ ਨੂੰ ਨਾਲ ਰੱਖਿਆ ਬਈ ਕਿਤੇ ਮੇਰੀ ਜੇਬ੍ਹ ਨੂੰ ਨਾ ਕੁੰਡੀ ਲਾ ਲੇ।”
ਨਾਥਾ ਅਮਲੀ ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਓਧਰਲੇ ਗੁਆੜ ਆਲੇ ਨੱਥੇ ਕੇ ਚਰਨੇ ਦੀ ਬਹੂ ਹਜਾਰ ਦੇ ਨੋਟਾਂ ਦੀ ਗੁੱਟੀ ਰਸੋਈ ‘ਚ ਰੱਖ ਕੇ ਚਰਨੇ ਨੂੰ ਕਹਿੰਦੀ ‘ਆਹ ਰਪੀਏ ਰਸੋਈ ‘ਚ ਤੁਸੀਂ ਰੱਖੇ ਐ ਜੀ’? ਅਕੇ ਚਰਨਾ ਕਹਿੰਦਾ ‘ਮੈਂ ਤਾਂ ਨ੍ਹੀ ਰੱਖੇ ਕਿਤੇ ਮੋਦੀ ਨਾ ਰੱਖ ਗਿਆ ਹੋਵੇ’। ਜਦੋਂ ਬਹੂ ਨੇ ਚਰਨੇ ਨੂੰ ਨੋਟਾਂ ਆਲੀ ਗੁੱਟੀ ਫ਼ੜਾਈ ਤਾਂ ਚਰਨੇ ਨੇ ਬਹੂ ਢਾਹ ਲੀ। ਮਾਰ ਮਾਰ ਹੁੱਜਾਂ ਬਹੂ ਦੇ ਬੰਭਲੇ ਬਲਾ ‘ਤੇ। ਹੁਣ ਚੁੱਪ ਕੀਤੇ ਡਾਕਦਾਰ ਦੇ ਇਉਂ ਸਿਰ ਜਾ ਸਿੱਟੀ ਪਈ ਐ ਜਿਮੇਂ ਕੁੱਕੜ ਨੂੰ ਭੰਗ ਚੜ੍ਹੀ ਹੁੰਦੀ ਐ।”
ਜੱਗਾ ਕਾਮਰੇਡ ਕਹਿੰਦਾ, ”ਚੁੱਪਕੀਤਾ ਡਾਕਦਾਰ ਨ੍ਹੀ ਓਏ ਅਮਲੀਆ, ਗੁਪਤਾ ਡਾਕਦਾਰ ਐ। ਅੱਜ ਤਾਂ ਬਾਹਲ਼ੇ ਈ ਨਸ਼ੇ ਖਿੰਡਗੇ ਲੱਗਦੇ ਐ।”
ਬੁੱਘਰ ਦਖਾਣ ਕਹਿੰਦਾ, ”ਹੁਣ ਤਾਂ ਸੁਣਿਐ ਕਈ ਥਾਈਂ ਅਗਲਿਆਂ ਨੇ ਗੋਲਕਾਂ ਦੀ ਵੀ ਰਾਖੀ ਬੰਦੇ ਬਹਾ ‘ਤੇ।”
ਬਾਬੇ ਨੇ ਪੁੱਛਿਆ, ”ਬਈ ਕਿਤੇ ਕੋਈ ਗੋਲਕ ਈ ਨਾ ਚੱਕ ਕੇ ਲੈ ਜਾਣ?”
ਨਾਥਾ ਅਮਲੀ ਕਹਿੰਦਾ, ”ਗੋਲਕ ਚੱਕਣ ਦੀ ਗੱਲ ਨ੍ਹੀ ਬਾਬਾ। ਗੱਲ ਤਾਂ ਇਉਂ ਹੋਣੀ ਐ ਬਈ ਕਿਤੇ ਕੋਈ ਪੰਜ ਸੌ ਜਾਂ ਹਜਾਰ ਦਾ ਨੋਟ ਈ ਨਾ ਗੋਲਕ ‘ਚ ਪਾ ਜੇ। ਆਹ ਗੱਲ ਹੋਊ। ਬਾਹਲੇ ਥਾਈਂ ਤਾਂ ਗੋਲਕ ‘ਤੇ ਈ ਲਿਖ ਕੇ ਲਾ ‘ਤਾ ਬਈ ਗੋਲਕ ‘ਚ ਪੰਜ ਸੌ ਦਾ ਤੇ ਹਜਾਰ ਦਾ ਨੋਟ ਨਾ ਪਾਓ ਜੀ।”
ਮਾਹਲਾ ਨੰਬਰਦਾਰ ਕਹਿੰਦਾ, ”ਬਈ ਜਿਹੜੇ ਇਹ ਨੋਟ ਜੇ ਬੰਦ ਹੋ ਗੇ ਹੁਣ ਕੀ ਕਰਨਗੇ ਇਨ੍ਹਾਂ ਦਾ?”
ਨਾਥਾ ਅਮਲੀ ਫ਼ੇਰ ਬੋਲਿਆ ਪੈਰਾਂ ਭਾਰ ਹੋ ਕੇ, ”ਮੈਨੂੰ ਲੱਗਦੈ ਬਈ ਹੋਰ ਤਾਂ ਕਿਸੇ ਕੰਮ ਨ੍ਹੀ ਆਉਣੇ। ਆਹ ਜਿਹੜੇ ਬੱਸਾਂ ‘ਚ ਨਮਕੀਨ ਦਾਲ ਭੁਜੀਆ ਜਾ ਵੇਚਦੇ ਫ਼ਿਰਦੇ ਹੁੰਦੇ ਐ, ਇਨ੍ਹਾਂ ਦੇ ਈ ਕੰਮ ਆਉਣਗੇ। ਨੋਟਾਂ ‘ਤੇ ਪਾ ਕੇ ਦਾਲ, ਉੱਤੇ ਨੇਂਬੂ ਜਾ ਛਿੜਕੇ ਹੋਕਾ ਦੇ ਕੇ ਕਿਹਾ ਕਰਨਗੇ ‘ਦੋਂਹ ਦੀ ਦਾਲ, ਹਜਾਰ ਦਾ ਨੋਟ। ਚੱਕ ਮੇਰੇ ਭਾਈ, ਖਾ ਲੈ ਹੋ ਕੇ ਲੋਟ।”
ਸੀਤਾ ਮਰਾਸੀ ਕਹਿੰਦਾ, ”ਆਹ ਸੰਤੋਖੇ ਬਿੰਬਰ ਕੇ ਵਿਆਹ ‘ਚ ਪੰਜ-ਪੰਜ ਸੌ ਦੇ ਨੋਟਾਂ ਪਿੱਛੇ ਸਾਲੀਆਂ ਨੇ ਜੀਜਾ ਬੰਬੂਕਾਟ ਬਣਾ ‘ਤਾ। ਗਿੱਧੇ ‘ਚ ਨੱਚਦੀਆਂ ਸਾਲੀਆਂ ਉੱਤੋਂ ਦੀ ਜੀਜਾ ਪੰਜ-ਪੰਜ ਸੌ ਦੇ ਨੋਟ ਵਾਰਨ ਲੱਗ ਪਿਆ। ਸਾਲੀਆਂ ਕਹਿੰਦੀਆਂ ਜੇ ਬਾਹਲ਼ਾ ਵੱਡਾ ਸ਼ਾਹੂਕਾਰ ਐਂ ਤਾਂ ਸੌ-ਸੌ ਦੇ ਵਾਰ ਕੇ ਵਖਾ। ਉਹ ਪੰਜ ਸੌ ਤੇ ਹਜਾਰ ਦੇ ਵਾਰੀ ਜਾਵੇ। ਮੱਛਰੀਆਂ ਵੀਆਂ ਸਾਲੀਆਂ ਨੇ ਸ਼ਰਾਬੀ ਹੋਇਆ ਜੀਜਾ ਚੱਕ ਕੇ ਪੱਠਿਆਂ ਆਲੀ ਖੁਰਲੀ ‘ਚ ਠੋਕਿਆ।”
ਸੀਤਾ ਮਰਾਸੀ ਕਹਿੰਦਾ, ”ਤੇ ਆਹ ਪ੍ਰੀਤੇ ਬਾਵੇ ਦੇ ਮੁੰਡੇ ਨੇ ਆਵਦੇ ਵਿਆਹ ਦਾ ਦਿਨ ਬੰਨ੍ਹ ਕੇ ਜਵਾਬ ਈ ਦੇ ‘ਤਾ। ਕਹਿੰਦਾ ਮੈਂ ਨ੍ਹੀ ਹਜੇ ਵਿਆਹ ਕਰਾਉਂਦਾ ਲੋਕ ਪੰਜ-ਪੰਜ ਸੌ ਦੇ ਨੋਟ ਨਾ ਕਿਤੇ ਸਗਨ ‘ਚ ਪਾ ਜਾਣ।”
ਨਾਥੇ ਅਮਲੀ ਨੇ ਫ਼ੇਰ ਬੰਨ੍ਹਿਆ ‘ਖਾੜਾ। ਬਾਬੇ ਨੂੰ ਕਹਿੰਦਾ, ”ਜਿੰਨੀ ਬੇਕਦਰੀ ਬਾਬਾ ਲੋਕਾਂ ਨੇ ਵੱਡੇ ਨੋਟਾਂ ਦੀ ਕੀਤੀ ਐ, ਓਦੂੰ ਬਾਹਲੀ ਬੁਰੀ ਨੋਟਾਂ ਨੇ ਲੋਕਾਂ ਦੀਆਂ ਤੀਮੀਆਂ ਦੀ ਕਰ ‘ਤੀ। ਚਾਰ ਪੰਜ ਬਡੋਸ ਤਾਂ ਆਪਣੇ ਪਿੰਡ ਚੀ ਹੋ ਗੇ ਨੋਟਾਂ ਪਿੱਛੇ।”
ਬੁੱਘਰ ਦਖਾਣ ਕਹਿੰਦਾ, ”ਬਡੋਸ ਨ੍ਹੀ ਓਏ ਅਮਲੀਆ ਡਫ਼ੋਸ ਹੁੰਦਾ।”
ਸੂਬੇਦਾਰ ਰਤਨ ਸਿਉਂ ਬੁੱਘਰ ਦੀ ਗੱਲ ਤੋਂ ਹੱਸ ਕੇ ਕਹਿੰਦਾ, ”ਬੁੱਘਰ ਸਿਆਂ ਤੂੰ ਵੀ ਪੁੱਠੇ ਚੱਕਰਾਂ ‘ਤੇ ਹੋ ਗਿਐਂ। ਡਫ਼ੋਸ ਨ੍ਹੀ, ਡਵੋਰਸ ਹੁੰਦੈ।”
ਨਾਥਾ ਅਮਲੀ ਕਹਿੰਦਾ, ”ਇੱਕ ਹੋਰ ਸੁਣ ਲੋ ਆਪਣੇ ਪਿੰਡ ਦਾ ਨਮਾ ਨਮੂਨਾ। ਨੋਟਾਂ ਨੇ ‘ਕੱਲੀਆਂ ਬਹੂਆਂ ਈ ਨ੍ਹੀ ਛੱਡੀਆਂ, ਮੱਝਾਂ ਗਾਈਆਂ ਦੇ ਸੌਦੇ ਵੀ ਮਕਰਾ ‘ਤੇ। ਵਪਾਰੀਆਂ ਦੇ ਬਾਬੂ ਫ਼ੈਨੇ ਕੀ ਬੁੜ੍ਹੀ ਗੂੰਗੀ ਐ। ਫ਼ੈਨੇ ਕਿਆਂ ਨੇ ਜਿਹੜੀ ਮੱਝ ਮੁੱਝ ਜਿੰਨੇ ਹਜਾਰ ਦੀ ਵੇਚਣੀ ਹੁੰਦੀ ਐ, ਬੁੜ੍ਹੀ ਓਹਦੇ ਗਲ ‘ਚ ਓਨੇ ਨੋਟ ਹਜਾਰ-ਹਜਾਰ ਦੇ ਪਾ ਦਿੰਦੀ ਐ। ਜਦੋਂ ਮੱਝ ਖਰੀਦਣ ਆਲਾ ਕੋਈ ਆਉਂਦੈ, ਉਹਨੂੰ ਅਸ਼ਾਰਿਆਂ ਨਾਲ ਸਮਝਾ ਦਿੰਦੀ ਐ ਬਈ ਮੱਝ ਦੇ ਗਲ ‘ਚ ਜਿੰਨੇ ਨੋਟ ਐ ਓਨੇ ਹਜਾਰ ਦੀ ਵੇਚਣੀ ਐਂ ਮੱਝ। ਮੱਝ ਲੈਣ ਆਲਾ ਗਲ ‘ਚ ਨੋਟ ਵੇਖ ਕੇ ਮੱਝ ਛੱਡ ਜਾਂਦੈ। ਆਪਣੇ ਓਧਰਲੇ ਗੁਆੜ ਆਲਾ ਸੁਰਜਨ ਪਾਠੀ ਮੱਝ ਵੇਖਣ ਆਇਆ ਬੁੜ੍ਹੀ ਨੂੰ ਕਹਿੰਦਾ ‘ਮੱਝ ਤਾਂ ਮੈਂ ਲੈ ਜੂੰ, ਪਰ ਆਹ ਹਜਾਰ-ਹਜਾਰ ਦੇ ਨੋਟ ਗਲ ‘ਚੋਂ ਲਾਹ ਪਹਿਲਾਂ’। ਮੱਝ ਦਾ ਸੌਦਾ ਹੋਣ ਪਿੱਛੋਂ ਬੁੜ੍ਹੀ ਨੇ ਜਦੋਂ ਨੋਟਾਂ ਆਲਾ ਹਾਰ ਲਾਹਿਆ ਤਾਂ ਨਾਲ ਈ ਮੱਝ ਦਾ ਸੰਗਲ ਲਾਹ ਲਿਆ। ਸੁਰਜਨ ਕਹਿੰਦਾ ‘ਸੰਗਲ ਤਾਂ ਮੈਂ ਲੈ ਕੇ ਜਾਊਂ’। ਬੁੜ੍ਹੀ ਕਹੇ ਜੇ ਸੰਗਲ ਲੈ ਕੇ ਜਾਣਾ ਤਾਂ ਨੋਟ ਵੀ ਲੈ ਕੇ ਜਾਹ’। ਐਨੀ ਗੱਲ ਪਿੱਛੇ ਬਾਬਾ ਸੌਦਾ ਫ਼ੇਲ ਹੋ ਗਿਆ।”
ਗੱਲਾਂ ਕਰੀ ਜਾਂਦਿਆਂ ਤੋਂ ਜਿਉਂ ਹੀ ਬਾਬੇ ਖੰਡਾ ਕਾ ਜੋਗਾ ਤੇ ਰਤਨੇ ਮੈਂਬਰ ਕਾ ਸੁੱਖਾ ਗੱਲਾਂ ਸੁਣਦੇ-ਸੁਣਦੇ ਸੱਥ ‘ਚੋਂ ਉੱਠ ਕੇ ਜਾਣ ਲੱਗੇ ਤਾਂ ਨਾਥਾ ਅਮਲੀ ਉਨ੍ਹਾਂ ਨੂੰ ਟਿੱਚਰ ‘ਚ ਕਹਿੰਦਾ, ”ਤੁਸੀਂ ਕਿੱਧਰ ਹਜਾਰ ਦੇ ਨੋਟ ਹੋਈ ਜਾਨੇ ਐਂ ਓਏ।”
ਜਦੋਂ ਦੋ ਤਿੰਨ ਜਾਣੇ ਹੋਰ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰ ਪਏ ਤਾਂ ਬਾਬਾ ਸੱਜਣ ਸਿਉਂ ਕਹਿੰਦਾ, ”ਚੱਲੋ ਯਾਰ ਆਪਾਂ ਵੀ ਚੱਲੀਏ ਨੇਰ੍ਹਾ ਹੋ ਚੱਲਿਆ। ਹੁਣ ਤਾਂ ਦਰਿਆ ਵੀ ਖੜ੍ਹ ਗੇ। ਉੱਠ ਓਏ ਅਮਲੀਆ।”
ਅਮਲੀ ਬਾਬੇ ਦੀ ਗੱਲ ਸੁਣ ਕੇ ਹੱਸ ਕੇ ਕਹਿੰਦਾ, ”ਪੰਜ ਸੱਤ ਜਾਣਿਆਂ ਤੋਂ ਤਾਂ ਬਾਬਾ ਹੋਰ ਕਟਾ ਚੱਲੀਏ ਬਹੂਆਂ। ਬਹਿ ਜਾ ਚੱਲਦੇ ਐ।”
ਜਿਉਂ ਹੀ ਬਾਬਾ ਤੇ ਨੰਬਰਦਾਰ ਸੱਥ ‘ਚੋਂ ਉੱਠ ਕੇ ਘਰਾਂ ਨੂੰ ਤੁਰ ਪਏ ਤਾਂ ਬਾਕੀ ਦੀ ਸੱਥ ਵਾਲੇ ਵੀ ਨੋਟਾਂ ਦੀਆਂ ਗੱਲਾਂ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।

LEAVE A REPLY