4ਚੰਡੀਗੜ੍ਹ : ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਖਿਲਾਫ ਆਉਣ ਤੋਂ ਬਾਅਦ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ‘ਤੇ ਪੰਜਾਬ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਜ਼ਰੂਰੀ ਸੀ ਕਿ ਕਾਂਗਰਸੀ ਵੀਰ ਵੀ ਅੱਜ ਹਾਜ਼ਰ ਹੁੰਦੇ। ਬਾਦਲ ਨੇ ਸਪੀਕਰ ਨੂੰ ਕਿਹਾ ਕਿ ਤੁਸੀਂ ਕਾਂਗਰਸੀਆਂ ਦੇ ਅਸਤੀਫੇ ਮਨਜ਼ੂਰ ਕਰੋ ਜਾਂ ਨਾ, ਇਸ ਨਾਲ ਮੈਨੂੰ ਕੋਈ ਮਤਲਬ ਨਹੀਂ ਪਰ ਮੈਂ ਕਾਂਗਰਸ ਦੀ ਸਲਾਹ ਲੈਣੀ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਅਫਸੋਸ ਹੈ ਕਿ ਕਾਂਗਰਸ ਮੈਦਾਨ ਛੱਡ ਗਈ ਤੇ ਸ਼ਬਦੀ ਲੜਾਈ ਲੜਨ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਇਕ ਪਾਰਟੀ ਦਾ ਨਹੀਂ, ਸਗੋਂ ਪੂਰੇ ਪੰਜਾਬ ਦਾ ਹੈ।ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਸੁਪਰੀਮ ਕੋਰ ਨੇ ਰਾਸ਼ਟਰਪਤੀ ਨੂੰ ਜੋ ਸਲਾਹ ਦਿੱਤੀ ਹੈ, ਉਸ ਨਾਲ ਇਕ ਸੰਕਟ ਪੈਦਾ ਹੋਇਆ ਹੈ, ਜਿਸ ਕਾਰਨ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਪਾਣੀ ਨਹੀਂ ਮਿਲੇਗਾ ਤਾਂ ਸੂਬੇ ਦੀ ਆਰਥਿਕਤਾ ‘ਤੇ ਵੱਡਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਰਾਜਸਥਾਨ ਸੰਗਮਰਮਰ ਦੀ ਰਾਇਲਟੀ ਲੈਂਦਾ ਹੈ, ਇਸ ਕਰਕੇ ਪੰਜਾਬ ਦੇ ਪਾਣੀ ‘ਤੇ ਡਾਕਾ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜੇਕਰ ਅਸੀਂ ਛੋਟੀ ਜਿਹੀ ਗਲਤੀ ਵੀ ਕਰ ਗਏ ਤਾਂ ਕਈ ਸਦੀਆਂ ਤੱਕ ਨੁਕਸਾਨ ਦੀ ਭਰਪਾਈ ਨਹੀਂ ਹੋਵੇਗੀ।

LEAVE A REPLY