7ਪਣਜੀ— ਕਾਲੇ ਧਨ ‘ਤੇ ਰੋਕ ਲਗਾਉਣ ਨੂੰ 500 ਤੇ 1000 ਦੇ ਨੋਟਾਂ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ। ਅਜੇ ਇਸ ਪ੍ਰੋਗਰਾਮ ਲਈ ਉਨ੍ਹਾਂ ਦੇ ਦਿਮਾਗ ਵਿਚ ਕਈ ਯੋਜਨਾਵਾਂ ਹਨ ਅਤੇ ਕਈ ਹੋਰ ਐਕਸ਼ਨ ਲਏ ਜਾਣਗੇ? ਉਹ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਹਨ ਕਿਉਂਕਿ ਕਈ ਅਜਿਹੀਆਂ ਤਾਕਤਾਂ ਹਨ ਜੋ ਕਾਲੇ ਧਨ ਦੇ ਕਾਰੋਬਾਰ ਵਿਚ ਸ਼ਾਮਲ ਹਨ। ਉਹ ਮੈਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡਣਗੀਆਂ, ਭਾਵੇਂ ਮੈਨੂੰ ਜ਼ਿੰਦਾ ਸਾੜ ਦਿੱਤਾ ਜਾਵੇ ਮੈਂ ਆਪਣੇ ਫੈਸਲੇ ‘ਤੇ ਅਟੱਲਹਾਂ। ਦੇਸ਼ ਦੀ ਜਨਤਾ ਮੈਨੂੰ ਇਸ ਕੰਮ ਵਿਚ ਸਹਿਯੋਗ ਦੇਵੇ।
ਮੋਦੀ ਨੇ ਗੋਆ ਵਿਚ ਗੋਪਾ ਗ੍ਰੀਨਫੀਲਡ ਹਵਾਈ ਅੱਡੇ ਦਾ ਨੀਂਹ ਪੱਥਰ ਅਤੇ ਇਲੈਕਟ੍ਰਨਿਕ ਸਿਟੀ ਦਫਤਰ ਦਾ ਉਦਘਾਟਨ ਕਰਨ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅੰਤ ਨਹੀਂ ਹੈ। ਜਨਤਾ 50 ਦਿਨ ਤਕ ਮੇਰੀ ਮਦਦ ਕਰੇ, ਮੈਂ ਤੁਹਾਨੂੰ ਅਜਿਹਾ ਭਾਰਤ ਦੇਵਾਂਗਾ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ। ਮੈਂ ਦੇਸ਼ ਨੂੰ ਕਦੇ ਹਨੇਰੇ ਵਿਚ ਨਹੀਂ ਰੱਖਿਆ। ਜੇਕਰ ਮੈਂ ਕੋਈ ਗਲਤ ਕੰਮ ਕਰਦਾ ਹਾਂ ਤਾਂ ਲੋਕ ਮੈਨੂੰ ਜੋ ਵੀ ਸਜ਼ਾ ਦੇਣਗੇ ਮੈਂ ਭੁਗਤਣ ਲਈ ਤਿਆਰ ਹਾਂ।
ਮੋਦੀ ਨੇ ਕਿਹਾ ਕਿ ਮੇਰੀ ਸਰਕਾਰ ਦਾ ਅਗਲਾ ਨਿਸ਼ਾਨਾ ਬੇਨਾਮੀ ਜਾਇਦਾਦ ਦਾ ਹੋਵੇਗਾ। ਕਾਨੂੰਨ ਦੇ ਤਹਿਤ ਬੇਨਾਮੀ ਜਾਇਦਾਦ ‘ਤੇ ਸਰਜੀਕਲ ਸਟ੍ਰਾਈਕ ਕੀਤਾ ਜਾਵੇਗਾ। ਇਹ ਕਾਲੇ ਧਨ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੱਡਾ ਕਦਮ ਹੈ। ਜੇਕਰ ਭਾਰਤ ਵਿਚ ਕੋਈ ਧਨ ਲੁਟਿਆ ਗਿਆ ਹੈ ਜਾਂ ਦੇਸ਼ ਦੇ ਬਾਹਰ ਜਾ ਚੁੱਕਾ ਹੈ। ਸਾਡਾ ਫਰਜ਼ ਹੈ ਕਿ ਉਸ ਦਾ ਪਤਾ ਲਗਾਇਆ ਜਾਵੇ ਅਤੇ ਉਸ ਨੂੰ ਵਾਪਸ ਲਿਆਂਦਾ ਜਾਵੇ। ਜਨਤਾ ਨੇ 2014 ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਸਾਨੂੰ ਵੋਟਾਂ ਪਾਈਆਂ ਸਨ। ਮੈਂ ਉਹੀ ਕਰ ਰਿਹਾ ਹਾਂ ਜੋ ਜਨਤਾ ਨਾਲ ਵਾਅਦਾ ਕੀਤਾ ਸੀ।
ਮੋਦੀ ਨੇ ਕਿਹਾ ਕਿ ਕੁਝ ਲੱਖ ਭ੍ਰਿਸ਼ਟ ਲੋਕਾਂ ਨੂੰ ਛੱਡ ਕੇ ਪੂਰੀ ਆਬਾਦੀ ਇਸ ਕਦਮ ਨੂੰ ਸਫਲ ਬਣਾਉਣ ਲਈ ਕੰਮ ਕਰ ਰਹੀ ਹੈ। 8 ਨਵੰਬਰ ਦੀ ਰਾਤ ਨੂੰ ਜਦੋਂ 500 ਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਗਿਆ ਸੀ ਤਾਂ ਕਰੋੜਾਂ ਲੋਕ ਸ਼ਾਂਤੀ ਨਾਲ ਸੁੱਤੇ ਪਏ ਸਨ ਅਤੇ ਭ੍ਰਿਸ਼ਟ ਲੋਕਾਂ ਦੀ ਨੀਂਦ ਉਡ ਗਈ ਸੀ। ਮੋਦੀ ਨੇ ਕਿਹਾ ਕਿ 2 ਲੱਖ ਰੁਪਏ ਦੇ ਗਹਿਣਿਆਂ ਦੀ ਖਰੀਦ ਲਈ ਪੈਨ ਕਾਰਡ ਜ਼ਰੂਰੀ ਹੋਵੇਗਾ। ਦੇਸ਼ ਵਿਚ ਈਮਾਨਦਾਰ ਲੋਕਾਂ ਦੀ ਘਾਟ ਨਹੀਂ। ਉਨ੍ਹਾਂ ਦੀ ਮਦਦ ਨਾਲ ਮੈਂ ਆਪਣਾ ਕੰਮ ਪੂਰਾ ਕਰਾਂਗਾ।
ਦੇਸ਼ ਵਿਚ ਨਮਕ ਦੀ ਅਫਵਾਹ ‘ਤੇ ਮੋਦੀ ਨੇ ਕਿਹਾ ਕਿ ਅਜਿਹਾ ਉਹ ਲੋਕ ਕਰ ਰਹੇ ਹਨ ਜਿਨ੍ਹਾਂ ਦਾ ਕਾਲਾ ਧਨ ਬੇਕਾਰ ਹੋ ਰਿਹਾ ਹੈ। ਮੋਦੀ ਨੇ ਕਿਹਾ ਕਿ ਰਾਜਗ ਦੇ ਸੱਤਾ ਵਿਚ ਆਉਂਦੇ ਹੀ ਦੇਸ਼ ਤੋਂ ਬਾਹਰ ਰੱਖੇ ਕਾਲੇ ਧਨ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਅਸੀਂ ਟੈਕਸ ਛੋਟ ਯੋਜਨਾ ਦੇ ਤਹਿਤ 67 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਸਨ। ਪਿਛਲੇ ਦੋ ਸਾਲਾਂ ਵਿਚ ਛਾਪੇ, ਸਰਵੇ ਅਤੇ ਐਲਾਨਾਂ ਦੇ ਰਾਹੀਂ ਸਰਕਾਰ ਨੇ 12,500 ਕਰੋੜ ਰੁਪਏ ਇਕੱਠੇ ਕੀਤੇ। ਮੈਂ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਛੋਟੀ-ਛੋਟੀ ਖੁਰਾਕ ਦਿੰਦਾ ਰਿਹਾ ਹਾਂ। ਉਨ੍ਹਾਂ ਕਿਹਾ ਕਿ 30 ਦਸੰਬਰ ਮਗਰੋਂ ਕਾਲੇ ਧਨ ਨੂੰ ਕਢਵਾਉਣ ਲਈ ਹੋਰ ਸਖਤ ਕਦਮ ਚੁੱਕੇ ਜਾਣਗੇ। ਮੋਦੀ ਨੇ ਚੇਤਾਵਨੀ ਦਿੱਤੀ ਕਿ ਜੋ ਲੋਕ ਇਹ ਸਮਝਦੇ ਹਨ ਕਿ ਉਹ ਅੱਗੇ ਦੇਖ ਲੈਣਗੇ, Àੁਹ ਮੈਨੂੰ ਪਛਾਣ ਲੈਣ। ਉਨ੍ਹਾਂ ਕਿਹਾ ਕਿ 70 ਸਾਲ ਦੀ ਬੀਮਾਰੀ ਨੂੰ 17 ਮਹੀਨਿਆਂ ਵਿਚ ਦੂਰ ਕਰ ਦੇਵਾਂਗਾ। ਲੋਕਾਂ ਨੂੰ ਵੱਡੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਕੋਈ ਪਰੇਸ਼ਾਨੀ ਹੋਈ ਹੈ, ਉਸ ਦਾ ਮੈਨੂੰ ਦੁੱਖ ਹੈ ਪਰ ਇਸ ਦੇ ਸਫਲ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
► ਮੋਦੀ ਨੇ ਜੰਗ ਦੀਆਂ ਗੱਲਾਂ ਵੱਲ ਨਹੀਂ ਦਿੱਤਾ ਧਿਆਨ
ਜੰਗ ਛੇੜਣ ਦੀਆਂ ਗੱਲਾਂ ਵੱਲ ਧਿਆਨ ਨਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਜੰਗ ਬਾਰੇ ਉਪਦੇਸ਼ਾਂ ਦੇਣਾ ਸੌਖਾ ਹੈ ਪਰ ਸਰਕਾਰ ਨੂੰ ਆਮ ਆਦਮੀ ਲਈ ਇਸ ਦੇ ਉਲਟ ਨਤੀਜਿਆਂ ਬਾਰੇ ਸੋਚਣਾ ਹੋਵੇਗਾ। ਮੋਦੀ ਨੇ ਕਿਹਾ, ”ਮੈਂ ਹਾਲ ਹੀ ਵਿਚ ਇਕ ਪੱਤਰਕਾਰ ਨਾਲ ਗੱਲ ਕਰ ਰਿਹਾ ਸੀ ਜਿਸ ਨੇ ਕਿਹਾ ਕਿ ਜੰਗ ਛੇੜ ਦਿੱਤੀ ਜਾਵੇ। ਮੈਂ ਉਸ ਕੋਲੋਂ ਪੁੱਛਿਆ ਕਿ ਜੇਕਰ ਸਮੱਸਿਆਵਾਂ ਹੋਣਗੀਆਂ ਤਾਂ ਤੁਸੀਂ ਕੀ ਕਰੋਗੇ? ਕੋਈ ਬਿਜਲੀ ਨਹੀਂ ਹੋਵੇਗੀ, ਸਪਲਾਈ ਰੁਕ ਜਾਵੇਗੀ, ਰੇਲ ਗੱਡੀਆਂ ਰੱਦ ਹੋ ਜਾਣਗੀਆਂ।” ਪ੍ਰਧਾਨ ਮੰਤਰੀ ਦਾ ਬਿਆਨ 29 ਸਤੰਬਰ ਨੂੰ ਫੌਜ ਵਲੋਂ ਕੰਟਰੋਲ ਰੇਖਾ ਦੇ ਪਾਰ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਕੁਝ ਹਫਤਿਆਂ ਮਗਰੋਂ ਆਇਆ।
► ਡੈਬਿਟ ਅਤੇ ਕ੍ਰੈਡਿਟ ਕਾਰਡ ਵਰਤਨ ਲਈ ਮੋਦੀ ਨੇ ਕੀਤੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟਾਂ ਦੇ ਬੰਦ ਕਰਨ ਨੂੰ ਕਾਲੇ ਧਨ ‘ਤੇ ਸਖਤ ਵਾਰ ਕਰਾਰ ਦਿੰਦੇ ਹੋਏ ਲੋਕਾਂ ਨੂੰ ਨੋਟਾਂ ‘ਤੇ ਨਿਰਭਰਤਾ ਘੱਟ ਕਰ ਕੇ ਡੈਬਿਟ ਅਤੇ ਕਰੈਡਿਟ ਕਾਰਡ ਵਰਤਣ ਦੀ ਅੱਜ ਅਪੀਲ ਕੀਤੀ। ਮੋਦੀ ਨੇ ਇਕ ਪ੍ਰੋਗਰਾਮ ਵਿਚ ਕਿਹਾ, ”ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਭੁਗਤਾਨ ਦੇ ਬਦਲਵੇਂ ਸਾਧਨਾਂ ਜਿਵੇਂ ਕਿ ਕਰੈਡਿਟ, ਡੈਬਿਟ ਕਾਰਡਾਂ, ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰਨ। ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪ੍ਰਚੱਲਤ ਕਰੰਸੀ ‘ਤੇ ਨਿਰਭਰਤਾ ਦੀ ਬਜਾਏ ‘ਪਲਾਸਟਿਕ ਮਨੀ’ ਦੀ ਵੱਧ ਤੋਂ ਵੱਧ ਵਰਤੋਂ ਕਰਨ।
► ਦੇਸ਼ ਲਈ ਘਰ, ਪਰਿਵਾਰ ਅਤੇ ਜਾਇਦਾਦ ਛੱਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਸੇਵਾ ਲਈ ਘਰ, ਪਰਿਵਾਰ ਅਤੇ ਜਾਇਦਾਦ ਨੂੰ ਛੱਡ ਦਿੱਤਾ।
ਮੋਦੀ ਨੇ ਕਿਹਾ ਕਿ ਮੈਂ ਕੁਰਸੀ ਲਈ ਪੈਦਾ ਨਹੀਂ ਹੋਇਆ। ਮੇਰੇ ਕੋਲ ਜੋ ਕੁਝ ਵੀ ਸੀ ਮੇਰਾ ਪਰਿਵਾਰ ਅਤੇ ਮੇਰਾ ਘਰ ਮੈਂ ਸਭ ਦੇਸ਼ ਲਈ ਛੱਡ ਦਿੱਤਾ। ਮੋਦੀ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨਾਲ ਮੇਰੀ ਤੁਲਨਾ ਨਾ ਕਰੋ ਤਾਂ ਚੰਗਾ ਹੈ। ਮੈਂ ਦੇਸ਼ ਦੀ ਸੇਵਾ ਕਰਦਾ ਰਹਾਂਗਾ।

LEAVE A REPLY