6ਚੰਡੀਗੜ੍ਹ : ਭਾਰਤੀ ਫੌਜ ਵੱਲੋਂ ਰੂਪਨਗਰ ਵਿਖੇ ਸਰਵਿਸ ਸਿਲੈਕਸ਼ਨ ਸੈਂਟਰ (ਉੱਤਰੀ) ਦੇ ਨਿਰਮਾਣ ਦਾ ਕੰਮ ਬਹੁਤ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਰਸਮੀ ਕਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਬਾਰੇ ਜਾਣਕਾਰੀ ਫੌਜ ਦੀ ਪੱਛਮੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਏ.ਵੀ.ਐਸ.ਐਮ., ਵੀ.ਐਸ.ਐਮ. ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਬੀਤੀ ਸ਼ਾਮ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਦੌਰਾਨ ਦਿੱਤੀ।
ਇਸ ਮੌਕੇ ਪੱਛਮੀ ਕਮਾਂਡਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਰਵਿਸ ਸਿਲਕੈਸ਼ਨ ਸੈਂਟਰ ਨੂੰ ਆਰਜ਼ੀ ਤੌਰ ‘ਤੇ ਕਪੂਰਥਲਾ ਵਿਖੇ ਚਲਾਇਆ ਜਾ ਰਿਹਾ ਹੈ ਅਤੇ ਰੂਪਨਗਰ ਵਿਖੇ ਸਿਲੈਕਸ਼ਨ ਸੈਂਟਰ ਦੇ ਨਿਰਮਾਣ ਦਾ ਕੰਮ ਮੁੰਕਮਲ ਹੋਣ ਉਪਰੰਤ ਇਹ ਸੈਂਟਰ ਇੱਥੇ ਸ਼ਿਫਟ ਕਰ ਦਿੱਤਾ ਜਾਵੇਗਾ। ਇਹ ਜ਼ਿਕਰਯੋਗ ਹੈ ਕਿ ਇਸ ਸਿਲੈਕਸ਼ਨ ਸੈਂਟਰ ਲਈ ਪੰਜਾਬ ਸਰਕਾਰ ਨੇ 200 ਏਕੜ ਕੀਮਤੀ ਜ਼ਮੀਨ ਭਾਰਤੀ ਫੌਜ ਨੂੰ ਦਿੱਤੀ ਹੈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਲੈਫਟੀਨੈਂਟ ਜਨਰਲ ਨੂੰ ਆਖਿਆ ਕਿ ਸੂਬੇ ਦੇ ਵੱਕਾਰੀ ਸੈਨਿਕ ਸਕੂਲ ਕਪੂਰਥਲਾ ਲਈ ਸੂਬਾ ਸਰਕਾਰ ਵਿੱਤੀ ਮਦਦ ਮੁਹੱਈਆ ਕਰਵਾਉਣ ਲਈ ਤਿਆਰ ਹੈ ਅਤੇ ਇਸ ਲਈ ਲੋੜੀਂਦੇ ਫੰਡਾਂ ਬਾਰੇ ਤੁਰੰਤ ਤਜਵੀਜ਼ ਬਣਾ ਕੇ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਕੂਲ ਤੋਂ ਤਾਲੀਮ ਹਾਸਲ ਕਰਕੇ ਬਹੁਤ ਪੰਜਾਬੀ ਫੌਜ ਦੇ ਉਚ ਅਹੁਦਿਆਂ ‘ਤੇ ਸੇਵਾ ਨਿਭਾਅ ਰਹੇ ਹਨ ਜਿਸ ਕਰਕੇ ਇਸ ਸਕੂਲ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣਾ ਸਾਡਾ ਫਰਜ਼ ਬਣਦਾ ਹੈ।
ਮੁਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਤਰਜ਼ ‘ਤੇ ਮਾਈ ਭਾਗੋ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਸੈਂਟਰ ਦੇਸ਼ ਵਿੱਚ ਆਪਣੀ ਕਿਸਮ ਦਾ ਵਿਲੱਖਣ ਸੈਂਟਰ ਹੈ ਜੋ ਪੰਜਾਬ ਦੀਆਂ ਧੀਆਂ ਨੂੰ ਵੀ ਫੌਜ ਵਿੱਚ ਸੇਵਾ ਕਰਨ ਦੇ ਬਿਹਤਰੀਨ ਮੌਕੇ ਮੁਹੱਈਆ ਕਰਵਾਏਗਾ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਇਸ ਇੰਸਟੀਚਿਊਟ ਵਿੱਚ ਹੋਰਨਾਂ ਲੜਕੀਆਂ ਲਈ ਵੀ ਫੌਜ ਵਿੱਚ ਜਾਣ ਲਈ ਸੇਧ ਦੇਣ ਵਾਸਤੇ ਘੱਟ ਸਮੇਂ ਵਾਲੇ ਕੋਰਸ ਸ਼ੁਰੂ ਕੀਤੇ ਜਾ ਸਕਦੇ ਹਨ ਜਿਸ ਨਾਲ ਸੂਬੇ ਦੀਆਂ ਲੜਕੀਆਂ ਨੂੰ ਬਹੁਤ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਸਹਿਮਤੀ ਪ੍ਰਗਟਾਉਂਦਿਆਂ ਇਸ ਸੁਝਾਅ ‘ਤੇ ਗੌਰ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਮਿਲਟਰੀ ਐਸਿਟੈਂਟ ਕਰਨਲ ਆਈ.ਐਸ. ਭੱਲਾ ਵੀ.ਐਸ.ਐਮ. ਹਾਜ਼ਰ ਸਨ।

LEAVE A REPLY