6ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 500 ਤੇ 1000 ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਦੇਸ਼ ਦਾ ਹਰ ਨਾਗਰਿਕ ਸੋਚ ਰਿਹਾ ਹੈ ਕਿ ਉਸ ਕੋਲ ਪਏ ਪੈਸੇ ਦਾ ਕੀ ਹੋਵੇਗਾ। ‘ਜਗ ਬਾਣੀ’ ਤੁਹਾਨੂੰ ਦੱਸਣ ਜਾ ਰਿਹਾ ਹੈ ਕਿ ਤੁਸੀਂ ਆਪਣੇ ਪੈਸੇ ਬਦਲੇ ਉਸ ਦੀ ਪੂਰੀ ਕੀਮਤ ਕਿਵੇਂ ਹਾਸਲ ਕਰ ਸਕਦੇ ਹੋ ਅਤੇ ਇਸ ਵਿਚ ਤੁਹਾਡੀ ਲਿਮਟ ਕੀ ਹੈ।
1. ਤੁਹਾਡੇ ਬੈਂਕ ਖਾਤੇ ਵਿਚ ਪਏ ਪੈਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਸਾਰਾ ਪੈਸਾ ਇਕ ਨੰਬਰ ਦਾ ਹੈ। ਤੁਸੀਂ ਕਿਸੇ ਵੀ ਸਮੇਂ ਚੈਕ ਰਾਹੀਂ ਕਿਸੇ ਨੂੰ ਵੀ ਪੇਮੇਂਟ ਕਰ ਸਕਦੇ ਹੋ ਅਤੇ ਆਪਣੇ ਖਾਤੇ ‘ਚੋਂ ਪੈਸੇ ਕਢਵਾ ਵੀ ਸਕਦੇ ਹੋ।
2. ਸਰਕਾਰ ਨੇ ਕੁਝ ਸਮੇਂ ਲਈ ਪੈਸੇ ਕਢਾਉਣ ‘ਤੇ ਲਿਮਟ ਤੈਅ ਕਰ ਦਿੱਤੀ ਹੈ। ਜੇਕਰ ਤੁਹਾਡੇ ਖਾਤੇ ਵਿਚ 10 ਲੱਖ ਰੁਪਿਆ ਵੀ ਪਿਆ ਹੈ ਤਾਂ ਤੁਸੀਂ ਇਕ ਦਿਨ 4 ਹਜ਼ਾਰ ਤੋਂ ਜ਼ਿਆਦਾ ਕੈਸ਼ ਨਹੀਂ ਕਢਵਾ ਸਕੋਗੇ।
3. ਜੇਕਰ ਤੁਹਾਨੂੰ 4 ਹਜ਼ਾਰ ਤੋਂ ਜ਼ਿਆਦਾ ਕੈਸ਼ ਦੀ ਲੋੜ ਹੈ ਤਾਂ ਤੁਸੀਂ ਸੈਲਫ ਚੈੱਕ ਜਾਂ ਪੇਅ ਸਲਿੱਪ ਦੇ ਰਾਹੀਂ 10 ਹਜ਼ਾਰ ਰੁਪਏ ਤੱਕ ਇਕ ਦਿਨ ਵਿਚ ਕਢਵਾ ਸਕਦੇ ਹੋ ਪਰ ਅਜਿਹਾ ਕਰਨ ਲਈ ਤੁਹਾਨੂੰ ਹਫਤੇ ਵਿਚ ਦੋ ਦਿਨ ਹੀ ਮੌਕਾ ਮਿਲੇਗਾ। ਯਾਨੀ ਕਿ ਤੁਸੀਂ ਇਕ ਹਫਤੇ ਵਿਚ ਜ਼ਿਆਦਾ ਤੋਂ ਜ਼ਿਆਦਾ 20 ਹਜ਼ਾਰ ਰੁਪਿਆ ਕੱਢਵਾ ਸਕਦੇ ਹੋ। ਇਸ 20 ਹਜ਼ਾਰ ਰੁਪਏ ਵਿਚ ਤੁਹਾਡੇ ਵੱਲੋਂ ਏ. ਟੀ. ਐੱਮ. ਰਾਹੀਂ ਕਢਵਾਏ ਜਾਣ ਵਾਲੇ ਪੈਸੇ ਵੀ ਸ਼ਾਮਲ ਹੋਣਗੇ।
4. ਜੇਕਰ ਤੁਹਾਡੇ ਕੋਲ ਕੈਸ਼ ਵਿਚ ਵੱਡੀ ਰਕਮ ਪਈ ਹੈ ਤਾਂ ਉਸ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਇਸ ਪੈਸੇ ਦਾ ਬੈਂਕ ਨੂੰ ਹਿਸਾਬ ਦੇ ਕੇ ਇਹ ਪੈਸਾ ਆਪਣੇ ਖਾਤੇ ਵਿਚ ਜਮਾਂ ਕਰਵਾ ਸਕਦੇ ਹੋ ਅਤੇ ਬਾਅਦ ਵਿਚ ਕਿਸੇ ਨੂੰ ਵੀ ਚੈੱਕ ਰਾਹੀਂ ਆਪਣੇ ਖਾਤੇ ‘ਚੋਂ ਪੇਮੈਂਟ ਕਰ ਸਕਦੇ ਹੋ।
5. ਸਰਕਾਰ ਨੇ 30 ਦਸੰਬਰ ਤੱਕ ਰੋਜ਼ਾਨਾ ਇਕ ਵਿਅਕਤੀ ਲਈ 4 ਹਜ਼ਾਰ ਰੁਪਏ ਤੱਕ ਦੀ ਕਰੰਸੀ ਬਦਲਵਾਉਣ ਦੀ ਸਹੂਲਤ ਦਿੱਤੀ ਹੈ। ਅਗਲੇ 50 ਦਿਨਾਂ ਦੌਰਾਨ ਸਾਰੇ ਵਰਕਿੰਗ ਡੇਜ਼ ਵਿਚ ਤੁਸੀਂ ਰੋਜ਼ਾਨਾ 4 ਹਜ਼ਾਰ ਰੁਪਏ ਬਦਲਵਾ ਸਕਦੇ ਹੋ। ਜੇਕਰ ਤੁਹਾਡੇ ਘਰ ਵਿਚ 5 ਜੀਅ ਹਨ ਤਾਂ 20000 ਰੁਪਏ ਤੱਕ ਦੀ ਕਰੰਸੀ ਰੋਜ਼ ਬਦਲੀ ਜਾ ਸਕਦੀ ਹੈ। ਹਾਲਾਂਕਿ ਇਸ ਲਈ ਤੁਹਾਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਪਵੇਗਾ।
6. ਜੇਕਰ ਤੁਹਾਡਾ ਬੈਂਕ ਖਾਤਾ ਨਹੀਂ ਹੈ ਤਾਂ ਤੁਸੀਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦਾ ਬੈਂਕ ਖਾਤਾ ਵਿਚ ਆਪਣੇ ਕੋਲ ਮੌਜੂਦ ਕੈਸ਼ ਨੂੰ ਜਮਾਂ ਕਰਵਾਉਣ ਲਈ ਇਸਤੇਮਾਲ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਇਸ ਲਈ ਆਪਣੇ ਦੋਸਤ ਜਾਂ ਰਿਸ਼ਤੇਦਾਰ ਕੋਲ ਸਹਿਮਤੀ ਪੱਤਰ ਲੈਣਾ ਪਵੇਗਾ ਅਤੇ ਉਸ ਸਹਿਮਤੀ ਪੱਤਰ ਦੇ ਨਾਲ-ਨਾਲ ਆਪਣਾ ਪਛਾਣ ਪੱਤਰ ਬੈਂਕ ਨੂੰ ਦਿਖਾਉਣਾ ਪਵੇਗਾ।
7. ਜੇਕਰ ਤੁਸੀਂ ਐੱਨ. ਆਰ. ਆਈ. ਹੋ ਅਤੇ ਤੁਹਾਡਾ ਪੈਸਾ ਤੁਹਾਡੇ ਐੱਨ. ਆਰ. ਓ. ਅਕਾਊਂਟ ਵਿਚ ਜਮਾਂ ਹੋ ਸਕਦਾ ਹੈ।
8. ਜੇਕਰ ਤੁਸੀਂ ਵਿਦੇਸ਼ ਵਿਚ ਹੋ ਤਾਂ ਤੁਹਾਡੀ ਥਾਂ ‘ਤੇ ਕੋਈ ਹੋਰ ਵਿਅਕਤੀ ਤੁਹਾਡਾ ਪੈਸਾ ਜਮਾਂ ਕਰਵਾ ਸਕਦਾ ਹੈ ਪਰ ਇਸ ਲਈ ਤੁਹਾਨੂੰ ਵਿਦੇਸ਼ ਤੋਂ ਇਕ ਸਹਿਮਤੀ ਪੱਤਰ ਭੇਜਣਾ ਪਵੇਗਾ। ਤੁਹਾਡੀ ਥਾਂ ‘ਤੇ ਬੈਂਕ ਜਾਣ ਵਾਲਾ ਵਿਅਕਤੀ ਉਸ ਸਹਿਮਤੀ ਪੱਤਰ ਦੇ ਨਾਲ-ਨਾਲ ਆਪਣਾ ਪਛਾਣ ਪੱਤਰ ਦਿਖਾ ਕੇ ਤੁਹਾਡੇ ਐੱਨ. ਆਰ. ਓ. ਅਕਾਊਂਟ ਵਿਚ ਪੈਸਾ ਜਮਾਂ ਕਰਵਾ ਸਕਦਾ ਹੈ।

LEAVE A REPLY