8ਨਵੀਂ ਦਿੱਲੀ  :  ਇਸ ਸਮੇਂ ਜਦੋਂ ਭਾਰਤ ਪ੍ਰਦੂਸ਼ਣ ਦੀ ਵਧਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਤਰੀਕਿਆਂ ‘ਤੇ ਵਿਚਾਰ ਕਰ ਰਿਹਾ ਹੈ, ਤਾਂ ਇਹ ਨਵੀਂ ਤਕਨੀਕ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਦਰਅਸਲ ਜਰਮਨੀ ਨੇ ਇਕ ਅਜਿਹੀ ਟਰੇਨ ਪੇਸ਼ ਕੀਤੀ ਹੈ, ਜਿਹੜੀ ਕਿ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਦੱਸੀ ਜਾ ਰਹੀ ਹੈ। ਜਰਮਨੀ ਦੀ ਵਪਾਰਕ ਪ੍ਰਦਰਸ਼ਨੀ ‘ਚ ਦੁਨੀਆ ਦੀ ਪਹਿਲੀ ਕਾਰਬਨ ਡਾਈ-ਆਕਸਾਈਡ ਨਿਕਾਸੀ ਮੁਕਤ ਟਰੇਨ ਪੇਸ਼ ਕੀਤੀ ਗਈ ਹੈ। ਹਾਈਡ੍ਰੋਜਨ ਨਾਲ ਚੱਲਣ ਵਾਲੀ ‘ਕੋਰਾਡੀਆ ਆਈਲਿੰਟ’ ਨਾਮਕ ਇਸ ਟਰੇਨ ਨੂੰ ਫਰਾਂਸਿਸੀ ਕੰਪਨੀ ਅਲਸਟਾਮ ਨੇ ਬਣਾਇਆ ਹੈ। ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਵੀ ਭਾਰਤ ‘ਚ ਟਰੇਨਾਂ ਦੇ ਇਲੈਕਟ੍ਰਾਨਿਕ ਕਰਨ ‘ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ। ਇਹ ਨਵੀਂ ਤਕਨੀਕ ਸੁਰੇਸ਼ ਪ੍ਰਭੂ ਦੇ ਮਕਸਦ ਨੂੰ ਪੂਰਾ ਕਰਨ ‘ਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਆਉਣ ਵਾਲੇ ਸਮੇਂ ‘ਚ ਰੇਲ ਮੰਤਰੀ ਪ੍ਰਭੂ ਇਸ ਤਕਨੀਕ ‘ਤੇ ਵਿਚਾਰ ਕਰ ਸਕਦੇ ਹਨ। ਜਰਮਨੀ ‘ਚ ਦਸੰਬਰ 2017 ‘ਚ ਇਸ ਟਰੇਨ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਇਸ ਦੀ ਵਧ ਤੋਂ ਵਧ ਰਫਤਾਰ 140 ਕਿਲੋਮੀਟਰ ਪ੍ਰਤੀ ਘੰਟਾ ਹੈ।
ਕੀ ਹੈ ਖਾਸ?
ਆਈਲਿੰਟ ਅਜਿਹੀ ਪਹਿਲੀ ਟਰੇਨ ਹੈ, ਜਿਹੜੀ ਕਿ ਕਾਰਬਨ ਡਾਈ-ਆਕਸਾਈਡ ਪੈਦਾ ਨਹੀਂ ਕਰਦੀ ਹੈ। ਟਰੇਨ ਚੱਲਣ ਦੌਰਾਨ ਇਸ ‘ਚੋਂ ਸਿਰਫ ਭਾਫ ਬਾਹਰ ਆਉਂਦੀ ਹੈ, ਮਤਲਬ ਕਿ ਇਸ ਕਾਰਨ ਨਾਂਹ-ਮਾਤਰ ਪ੍ਰਦੂਸ਼ਣ ਹੁੰਦਾ ਹੈ। ਇਸ ਟਰੇਨ ‘ਚ ਲਿਥੀਅਮ ਆਇਨ ਬੈਟਰੀ ਲੱਗੀ ਹੈ। ਛੱਤ ‘ਤੇ ਹਾਈਡ੍ਰੋਜਨ ਬਾਲਣ ਟੈਂਕ ਲੱਗੇ ਹਨ। ਇਹ ਹਾਈਡ੍ਰੋਜਨ ਆਕਸੀਜਨ ਦੇ ਨਾਲ ਜਲ ਕੇ ਊਰਜਾ ਪੈਦਾ ਕਰਦੀ ਹੈ ਅਤੇ ਵਾਧੂ ਪਦਾਰਥ ਦੇ ਰੂਪ ‘ਚ ਸਿਰਫ ਪਾਣੀ ਨਿਕਲਦਾ ਹੈ। ਜ਼ਿਕਰਯੋਗ ਹੈ ਕਿ ਜਰਮਨੀ ‘ਚ ਇਸ ਨੂੰ ਡੀਜ਼ਲ ਟਰੇਨਾਂ ਦਾ ਬਦਲ ਬਣਾਉਣ ਦੀ ਤਿਆਰੀ ਹੋ ਰਹੀ ਹੈ। ਇਸ ਨੂੰ ਫਰਾਂਸ ਦੀ ਕੰਪਨੀ ਅਲਸਟਾਮ ਨੇ ਬਣਾਇਆ ਹੈ। ਇਸ ਟਰੇਨ ਦਾ ਪਰੀਖਣ ਸਫਲ ਰਹਿੰਦਾ ਹੈ ਤਾਂ ਜਲਦੀ ਹੀ 14 ਹੋਰ ਟਰੇਨਾਂ ਚਲਾਈਆਂ ਜਾਣਗੀਆਂ। ਇਸ ਟਰੇਨ ਦਾ ਪਰੀਖਣ ਇਸੇ ਸਾਲ ਦੇ ਅਖੀਰ ਤਕ ਕੀਤਾ ਜਾਵੇਗਾ ਅਤੇ ਅਗਲੇ ਸਾਲ ਦੇ ਅਖੀਰ ਤਕ ਇਹ ਯਾਤਰੀਆਂ ਲਈ ਉਪਲੱਬਧ ਹੋਵੇਗੀ।

LEAVE A REPLY