5ਚੰਡੀਗਡ਼੍ਹ – 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮੂਹਰਲੀਆਂ ਸਫਾਂ ਵਿਚ ਲਿਆ ਕੇ ਕਾਂਗਰਸ ਨੇ ਇੱਕ ਵਾਰ ਫਿਰ ਆਪਣਾ ਅਸਲੀ ਰੰਗ ਵਿਖਾ ਦਿੱਤਾ ਹੈ। ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਰਾਹੁਲ ਦੇ ਨੱਕ ਦੇ ਵਾਲ ਬਣੇ ਹੋਏ ਹਨ। ਕਾਂਗਰਸ ਉਪ ਪ੍ਰਧਾਨ ਦੁਆਰਾ ਅਜਿਹੇ ਵਿਅਕਤੀਆਂ ਨੂੰ  ਦਿੱਲੀ ‘ਚ ਆਪਣੇ ਸੱਜੇ-ਖੱਬੇ ਲੈ ਕੇ ਘੁੰਮਣਾ ਇਹ ਸੰਕੇਤ ਦਿੰਦਾ ਹੈ ਕਿ 32 ਸਾਲ ਪਹਿਲਾਂ ਕੀਤੇ ਗਏ ਉਸ ਅਣ-ਮਨੁੱਖੀ ਕਾਰੇ ਦਾ ਕਾਂਗਰਸ ਲੀਡਰਸ਼ਿਪ ਵੀ ਸਮਰਥਨ ਕਰ ਰਹੀ ਹੈ।
ਕਾਂਗਰਸ ਪਾਰਟੀ ਉੱਪਰ ਤਿੱਖਾ ਹਮਲਾ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਖਾਸ ਕਰਕੇ ਗਾਂਧੀ ਪਰਿਵਾਰ ਦਾ ਤਾਂ ਡੀਐਨਏ ਹੀ ਸਿੱਖ-ਵਿਰੋਧੀ ਹੈ। ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ ਦੇ ਅਖਾਣ ਵਾਂਗ ਕਾਂਗਰਸ ਨੇ ਭਾਂਵੇ 1984 ਦੇ ਕਤਲੇਆਮ ਦਾ ਪਛਤਾਵਾ ਕਰ ਲਿਆ ਸੀ, ਪਰ ਉਸ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਥਾਪਡ਼ਦੇ ਰਹਿਣਾ ਅਜੇ ਵੀ ਇਸ ਦੀ ਸਿਆਸੀ ਰਣਨੀਤੀ ਦਾ ਹਿੱਸਾ ਹੈ।
ਸ਼ਬਾਦਲ ਨੇ ਕਿਹਾ ਕਿ ਨਹੀਂ ਤਾਂ ਉੱਚ ਪਾਰਟੀ ਲੀਡਰਸ਼ਿਪ ਦੁਆਰਾ ਸੱਜਣ ਅਤੇ ਟਾਇਟਲਰ ਨੂੰ ਆਪਣੇ ਸੱਜੇ-ਖੱਬੇ ਰੱਖਣ ਦੀ ਕੀ ਤੁਕ ਬਣਦੀ ਹੈ? ਸਪੱਸ਼ਟ ਹੈ ਕਿ ਕਾਂਗਰਸ ਇਹਨਾਂ ਗੁੰਡਿਆਂ ਦੇ ਜ਼ਰੀਏ ਅਜੇ ਵੀ ਸਿੱਖਾਂ ਨੂੰ ਧਮਕਾ ਰਹੀ ਹੈ। ਕਾਂਗਰਸ ਦੀ ਪੁਸ਼ਤਪਨਾਹੀ ਸਦਕਾ ਹੀ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ‘ਚ ਇਹ ਗੁੰਡੇ ਅਦਾਲਤ ਦੀ ਪ੍ਰਕ੍ਰਿਆ ‘ਚ ਅਡ਼ਿੱਕੇ ਪਾਉਂਦੇ ਰਹਿੰਦੇ ਹਨ। ਜੇ ਕਾਂਗਰਸ ਨੂੰ 1984 ਦੇ ਕਤਲੇਆਮ ਦਾ ਰੱਤੀ ਭਰ ਵੀ ਅਫਸੋਸ ਹੁੰਦਾ ਤਾਂ ਉਸ ਨੇ ਸੱਜਣ-ਟਾਈਟਲਰ ਵਰਗੇ  ਵਿਅਕਤੀਆਂ ਤੋਂ ਜਰੂਰ ਦੂਰੀ ਬਣਾ ਕੇ ਰੱਖਣੀ ਸੀ।
ਸ਼ ਬਾਦਲ ਨੇ ਰਾਹੁਲ ਗਾਂਧੀ ਤੇ ਤਨਜ਼ ਕਸਦਿਆਂ ਕਿਹਾ ਕਿ ਜੇ ਰਾਹੁਲ ਅਜਿਹੇ ਅਪਰਾਧੀਆਂ ਤੋਂ ਦੂਰੀ ਬਣਾ ਕੇ ਨਹੀਂ ਰੱਖ ਸਕਦਾ ਤਾਂ ਉਸ ਨੂੰ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਪ੍ਰਚਾਰ ਵਾਸਤੇ ਸੱਜਣ ਤੇ ਟਾਇਟਲਰ ਨੂੰ ਭੇਜ ਦੇਣਾ ਚਾਹੀਦਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਪਾਰਟੀ ਦਾ ਇਸ ਫੈਸਲੇ ਦਾ ਦੋਵੇਂ ਬਾਹਵਾਂ ਖੋਲ੍ਹ ਕੇ ਸਵਾਗਤ ਕਰੇਗਾ, ਕਿਉਂਕਿ ਉਹ ਟਾਇਟਲਰ ਨੂੰ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕਿਆ ਹੈ।
ਸ਼ ਬਾਦਲ ਨੇ ਸੁਆਲ ਕੀਤਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਸੀ। ਉਸ ਦੇ ਸੱਜਣ ਤੇ ਟਾਇਟਲਰ ਵਰਗੇ ਅਪਰਾਧੀਆਂ ਨੂੰ ਨਾਲ ਲੈ ਕੇ ਘੁੰਮਣ ਨਾਲ ਆਮ ਲੋਕਾਂ ਵਿਚ ਕੀ ਸੁਨੇਹਾ ਜਾਂਦਾ ਹੈ?
ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟ ਦੇਈਂ ਬੈਠਾ ਹੈ ਜਦਕਿ ਉਸ ਖਿਲਾਫ ਅਦਾਲਤਾਂ ਵਿਚ ਕੇਸ ਅਜੇ ਸੁਣਵਾਈ ਅਧੀਨ ਹਨ। ਸਪੱਸਟ ਹੈ ਕਿ ਅਮਰਿੰਦਰ ਸਿੰਘ ਵਾਰ ਵਾਰ ਸੱਜਣ ਅਤੇ ਟਾਇਟਲਰ ਦੇ ਹੱਕ ਵਿਚ ਖਲੋ ਕੇ ਗਾਂਧੀ ਪਰਿਵਾਰ ਪ੍ਰਤੀ ਆਪਣੀ ਵਫਾਦਾਰੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ -ਨਹਿਰੂ ਤੋਂ ਲੈ ਕੇ ਰਾਹੁਲ ਤਕ- ਨੇ ਹਮੇਸ਼ਾਂ ਹੀ ਸਿੱਖਾਂ ਅੰਦਰ ਫੁੱਟ ਪਾਉਣ ਅਤੇ ਉਹਨਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਦਾ ਬੱਜਰ ਗੁਨਾਹ ਕੀਤਾ ਤਾਂ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ਨੂੰ ‘ਜਬ ਬਡ਼ਾ ਪੇਡ਼ ਗਿਰਤਾ ਹੈ’ ਵਾਲਾ ਬਿਆਨ ਦੇ ਕੇ ਸਹੀ ਠਹਿਰਾਇਆ। ਉਸ ਤੋਂ ਪਹਿਲਾਂ ਨਹਿਰੂ ਨੇ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਲੋਕਾਂ ਦੀ ਸ਼੍ਰੇਣੀ ਵਿਚ ਰੱਖਿਆ ਸੀ। ਇੰਨਾ ਹੀ ਨਹੀਂ ਪੰਜਾਬੀਆਂ ਨੂੰ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਬਣਵਾਉਣ ‘ਚ ਦੂਜੇ ਰਾਜਾਂ ਨਾਲੋਂ 10 ਸਾਲ ਵੱਧ ਲੱਗੇ। ਜਦਕਿ ਬਾਕੀ ਰਾਜਾਂ ਦੀ ਸਥਾਪਨਾ 1956 ਵਿਚ ਰਾਜ ਪੁਨਰ ਗਠਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮਗਰੋਂ ਕਰ ਦਿੱਤੀ ਗਈ ਸੀ।
ਉਹਨਾਂ ਕਿਹਾ ਕਿ ਹੁਣ ਰਾਹੁਲ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਸੱਜਣ ਤੇ ਟਾਈਟਲਰ ਨੂੰ ਆਪਣੇ ਸੱਜੇ ਖੱਬ ਰੱਖ ਕੇ ਸਿੱਖ-ਵਿਰੋਧੀ ਅਤੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦੇ ਰਿਹਾ ਹੈ। ਇਸ ਨੂੰ ਵੇਖ ਕੇ ਸਿੱਖਾਂ ਅੰਦਰ ਕਾਂਗਰਸ ਖਿਲਾਫ ਗੁੱਸਾ ਭਡ਼ਕਣਾ ਲਾਜ਼ਮੀ ਹੈ, ਜਿਹਡ਼ੀ ਸਿੱਖਾਂ ਨੂੰ ਇਨਸਾਫ ਦਿਲਾਉਣ ਦੀ ਥਾਂ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ‘ਚ ਰੁੱਝੀ ਹੈ।

LEAVE A REPLY