1ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਅਤੇ ਆਵਾਜ਼-ਏ-ਪੰਜਾਬ ਦੇ ਮੋਹਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਗੱਲਬਾਤ ਦੂਜੀ ਵਾਰ ਟੁੱਟ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗੱਲਬਾਤ ਟੁੱਟਣ ਦਾ ਮੁੱਖ ਕਾਰਨ ਸਿੱਧੂ ਧੜੇ ਵੱਲੋਂ ਮੰਗੀਆਂ ਸੀਟਾਂ ਅਤੇ ਹੋਰ ਮੰਗਾਂ ਹਨ। ਆਪ’ ਦੇ ਇੱਕ ਸੀਨੀਅਰ ਆਗੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿੱਧੂ ਦਾ ਧੜਾ 30 ਸੀਟਾਂ, ਉਪ ਮੁੱਖ ਮੰਤਰੀ ਸਮੇਤ ਮੰਤਰੀਆਂ ਦੇ ਤਿੰਨ ਚਾਰ ਅਹੁਦੇ ਮੰਗ ਰਿਹਾ ਸੀ, ਜੋ ‘ਆਪ’ ਨੂੰ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਸੀ।
ਅਸਲ ਵਿੱਚ ਆਮ ਆਦਮੀ ਪਾਰਟੀ ਸਿੱਧੂ ਧੜੇ ਨੂੰ ਪੰਜ ਸੀਟਾਂ ਦੇਣ ਲਈ ਤਿਆਰ ਸੀ ਜਿਸ ਉੱਤੇ ਨਵਜੋਤ ਸਿੰਘ ਸਿੱਧੂ ਰਾਜ਼ੀ ਨਹੀਂ ਹੋਇਆ। ਦੱਸਣਯੋਗ ਹੈ ਕਿ ਸਿੱਧੂ ਨਾਲ ਮੁੱਖ ਤੌਰ ’ਤੇ ‘ਆਪ’ ਦੇ ਕੌਮੀ ਜਥੇਬੰਦਕ ਆਗੂ ਦੁਰਗੇਸ਼ ਪਾਠਕ ਗੱਲ ਕਰ ਰਹੇ ਸਨ। ਸਿੱਧੂ ਪਹਿਲਾਂ ਕਈ ਦਿਨ ਕਾਂਗਰਸ ਦੀ ਕੌਮੀ ਲੀਡਰਸ਼ਿਪ ਦੇ ਵੀ ਸੰਪਰਕ ਵਿੱਚ ਰਹੇ ਪਰ ਉੱਥੇ ਵੀ ਕੋਈ ਸਿਆਸੀ ‘ਸੌਦੇਬਾਜ਼ੀ’ ਨਾ ਹੋਣ ਕਾਰਨ ਉਨ੍ਹਾਂ ਮੁੜ ‘ਆਪ’ ਨਾਲ ਗੱਲ ਸ਼ੁਰੂ ਕੀਤੀ ਸੀ।
ਸੂਤਰਾਂ ਅਨੁਸਾਰ ਸਿੱਧੂ ਨੇ ਪਿਛਲੇ ਦਿਨੀਂ ਕਾਂਗਰਸ ਦੇ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਮੀਟਿੰਗ ਕੀਤੀ ਸੀ ਪਰ ਗੱਲ ਸਿਰੇ ਨਹੀਂ ਚੜ੍ਹੀ। ਆਵਾਜ਼-ਏ-ਪੰਜਾਬ ਦੇ ਮੁੱਖ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ‘ਆਪ’ ਵਾਲੇ ਖ਼ੁਦ ਵਾਰ ਵਾਰ ਵੱਖ ਵੱਖ ਤਜਵੀਜ਼ਾਂ ਲੈ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਚਾਈ ਨਹੀਂ ਹੈ ਕਿ ਉਨ੍ਹਾਂ ‘ਆਪ’ ਜਾਂ ਕਾਂਗਰਸ ਕੋਲੋਂ ਟਿਕਟਾਂ ਜਾਂ ਕਿਸੇ ਹੋਰ ਅਹੁਦੇ ਦੀ ਮੰਗ ਕੀਤੀ ਹੈ, ਉਹ ਤਾਂ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਤਜਵੀਜ਼ਾਂ ਸੁਣ ਰਹੇ ਹਨ।

LEAVE A REPLY