4ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿਚ ਸੁਰੱਖਿਆ ਬਲਾਂ ਵਲੋਂ ਅੱਜ ਸਵੇਰ ਤੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਮਗਰੋਂ ਹੋਈਆਂ ਹਿੰਸਕ ਝੜਪਾਂ ਵਿਚ ਸੁਰੱਖਿਆ ਬਲ ਦੇ ਇਕ ਅਧਿਕਾਰੀ ਸਣੇ ਘੱਟੋ-ਘੱਟ 30 ਵਿਅਕਤੀ ਜ਼ਖਮੀ ਹੋ ਗਏ।
ਪੁਲਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਜ਼ਖਮੀਆਂ ਵਿਚ ਇਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ ਜਦ ਕਿ ਕੁਝ ਨਾਗਰਿਕ ਪੈਲੇਟ ਲੱਗਣ ਨਾਲ ਜ਼ਖਮੀ ਹੋ ਗਏੇ। ਉਨ੍ਹਾਂ ਦਸਿਆ ਕਿ ਸ਼ੌਰਾ ਇਲਾਕੇ ਵਿਚ ਇਕ ਧਾਰਮਿਕ ਅਸਥਾਨ ਵਿਚ ਅੱਗ ਲੱਗਣ ਦੀ ਰਿਪੋਰਟ ਮਿਲਣ ਮਗਰੋਂ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਸਥਾਨ ‘ਤੇ ਸੁਰੱਖਿਆ ਬਲਾਂ ਨੇ ਅੱਗ ਬੁਝਾਊ ਦਸਤਿਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ।
ਉਨ੍ਹਾਂ ਦਸਿਆ ਕਿ ਇਲਾਕੇ ਦੀ ਤਲਾਸ਼ੀ ਦਾ ਵਿਰੋਧ ਕਰ ਰਹੇ ਵਿਖਾਵਾਕਾਰੀਆਂ ਨੂੰ ਭਜਾਉਣ ਲਈ ਸੁਰੱਖਿਆ ਬਲਾਂ ਨੇ ਹਵਾਈ ਫਾਇਰਿੰਗ ਕੀਤੀ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਵਿਖਾਵਾਕਾਰੀਆਂ ਨੇ ਸੁਰੱਖਿਆ ਬਲਾਂ ‘ਤੇ ਪਥਰਾਅ ਵੀ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਸੁਰੱਖਿਆ ਬਲ ਤੇ ਪੁਲਸ ਦੇ ਜਵਾਨਾਂ ਨੇ ਜੇਨਾਬ ਸਾਹਿਬ ਸ਼ੋਰਾ ਅਤੇ ਅੰਚਰ ਇਲਾਕੇ ਦੀ ਘੇਰਾਬੰਦੀ ਕਰ ਕੇ ਘਰ-ਘਰ ਤਲਾਸ਼ੀ ਲੈਣੀ ਸ਼ੁਰੂ ਕੀਤੀ ਜਿਸ ਦਾ ਸਥਾਨਕ ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਔਰਤਾਂ ਸਣੇ ਕਈ ਵਿਖਾਵਾਕਾਰੀ ਘਰਾਂ ਵਿਚੋਂ ਨਿਕਲ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ ਅਤੇ ਸੁਰੱਖਿਆ ਬਲਾਂ ਨਾਲ ਉਲਝ ਪਏ। ਇਸ ਦੇ ਮਗਰੋਂ ਜਵਾਨਾਂ ਨੇ ਵਿਖਾਵਾਕਾਰੀਆਂ ਨੂੰ ਭਜਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਪਰ ਉਨ੍ਹਾਂ ਤੇ ਇਸ ਦਾ ਕੋਈ ਅਸਰ ਨਾ ਪਿਆ ਤੇ ਉਹ ਸੁਰੱਖਿਆ ਬਲਾਂ ‘ਤੇ ਪਥਰਾਅ ਕਰਨ ਲੱਗੇ। ਜ਼ਖਮੀਆਂ ਨੂੰ ਐੱਸ. ਕੇ. ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ ਦਾਖਲ ਕਰਵਾਇਆ ਗਿਆ ਹੈ।

LEAVE A REPLY