ਆਮ ਆਦਮੀ ਪਾਰਟੀ ਨੇ ਨਰਸਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਕੀਤੀ ਨਿੰਦਾ

1ਚੰਡੀਗਡ਼੍ਹ -ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਅੱਗੇ ਰੋਸ-ਧਰਨਾ ਦੇਣ ਪਹੁੰਚੀਆਂ ਨਰਸਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੇ ਸਖਤ ਰੋਸ ਪ੍ਰਗਟ ਕੀਤਾ ਹੈ। ਸ਼ਨੀਵਾਰ ਨੂੰ ਆਪ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ (ਘੁੱਗੀ) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਕਈ ਸਾਲਾਂ ਤੋਂ ਖੱਜਲ-ਖੁਆਰ ਹੁੰਦੀਆਂ ਆ ਰਹੀਆਂ ਨਰਸਾਂ ਦੀ ਗੱਲ ਨਾ ਸੁਣਨਾ ਨਿੰਦਣਯੋਗ ਹੈ। ਉਨਾਂ ਦੱਸਿਆ ਕਿ ਇਹ ਨਰਸਾਂ ਪਿਛਲੇ ਪੰਜ-ਛੇ ਸਾਲ ਤੋਂ ਨਿਗੁਣੀ ਤਨਖਾਹ ਉਪਰ ਕੰਮ ਕਰ ਰਹੀਆਂ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਹੋਣ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਇਨਾਂ ਨਾਲ ਲਾਅਰੇਬਾਜੀ ਕਰਦੀ ਆ ਰਹੀ ਹੈ, ਜਿਸ ਤੋਂ ਅੱਕ ਕੇ ਇਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਫੈਸਲਾ ਲਿਆ ਸੀ। ਦੋ ਦਿਨਾਂ ਦੀ ਕੋਸ਼ਿਸ਼ ਉਪਰੰਤ ਅੱਜ ਸਵੇਰੇ ਪੰਜ ਵਜੇ 50 ਤੋਂ ਵੱਧ ਨਰਸਾਂ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਪਹੁੰਚਣ ਵਿੱਚ ਕਾਮਯਾਬ ਹੋ ਗਈਆਂ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਨਾਂ ਨਰਸਾਂ ਨੂੰ ਤੁਰੰਤ ਚੰਡੀਗਡ਼ ਪੁਲਿਸ ਤੋਂ ਚੁਕਵਾ ਕੇ ਸੈਕਟਰ 3 ਦੇ ਥਾਣੇ ਵਿੱਚ ਡੱਕ ਦਿੱਤਾ ਗਿਆ।  ਗੁਰਪ੍ਰੀਤ ਸਿੰਘ ਵਡ਼ੈਚ ਨੇ ਪੰਜਾਬ ਸਰਕਾਰ ਉਪਰ ਵਿਅੰਗ ਕਸਦੇ ਹੋਏ ਕਿਹਾ ਕਿ ਉਹ ਤਿਓਹਾਰ ਦੇ ਦਿਨਾਂ ਮੌਕੇ ਧੀਆਂ-ਭੈਣਾਂ ਦੀ ਇੱਜਤ ਕਰਨਾ ਸਿੱਖਣ। ਉਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਵਾਇਆ ਕਿ ਜੇਕਰ ਉਨਾਂ ਦੇ ਦਰ ‘ਤੇ ਡਰਾਮੇਬਾਜੀ ਕਰ ਰਹੇ ਕਾਂਗਰਸੀਆਂ ਦੀ ਦਿਨ-ਰਾਤ ਆਓ-ਭਗਤ ਕੀਤੀ ਜਾ ਸਕਦੀ ਹੈ, ਤਾਂ ਇਨਾਂ ਨਰਸਾਂ ਨਾਲ ਬੈਠ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੱਲ ਕਿਓਂ ਨਹੀਂ ਕਰ ਸਕਦੇ।
ਗੁਰਪ੍ਰੀਤ ਸਿੰਘ ਵਡ਼ੈਚ ਨੇ ਇੱਕ ਨਰਸ ਦੇ ਹਵਾਲੇ ਨਾਲ ਦੱਸਿਆ ਕਿ ਗੌਰਮਿੰਟ ਰਾਜਿੰਦਰਾ ਕਾਲਜ ਪਟਿਆਲਾ, ਟੀਬੀ ਹਸਪਤਾਲ ਪਟਿਆਲਾ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਨਾਲ ਸਬੰਧਿਤ ਕਰੀਬ 600 ਨਰਸਾਂ ਦੀ ਮੰਗ ਹੈ ਕਿ ਉਨਾਂ ਨੂੰ ਰੈਗੂਲਰ ਕੀਤੇ ਜਾਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਦੀ ਪੂਰੀ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਉਨਾਂ ਨੂੰ ਨਵੇਂ ਸਿਰੇ ਤੋਂ ਬੇਸਿਕ ਸੈਲਰੀ ਉਪਰ ਕੰਮ ਕਰਨ ਦੀ ਸ਼ਰਤ ਲਗਾਈ ਜਾ ਰਹੀ ਹੈ, ਜਦਕਿ ਉਹ ਪਿਛਲੇ 6 ਸਾਲ ਤੋਂ ਮੁਢਲੇ ਵੇਤਨ ਉਪਰ ਹੀ ਕੰਮ ਕਰਦੀਆਂ ਆ ਰਹੀਆਂ ਹਨ। ਗੁਰਪ੍ਰੀਤ ਵਡ਼ੈਚ ਨੇ ਕਿਹਾ ਕਿ  ਪੰਜਾਬ ਸਰਕਾਰ ਨੌਜਵਾਨ ਵਰਗ ਨਾਲ ਘੋਰ ਬੇਇਨਸਾਫੀ ਕਰ ਰਹੀ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਇਨਾਂ ਨਰਸਾਂ ਵੱਲੋਂ ਸਰਕਾਰ ਦੇ ਵਾਅਦਿਆਂ ਉਪਰ ਵੀ ਵਿਸ਼ਵਾਸ਼ ਨਹੀਂ ਕੀਤਾ ਜਾ ਰਿਹਾ।
ਗੁਰਪ੍ਰੀਤ ਵਡ਼ੈਚ ਨੇ ਇਨਾਂ ਨਰਸਾਂ ਨੂੰ ਵਿਸ਼ਵਾਸ ਦੁਆਇਆ ਕਿ ਕੁੱਝ ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਉਨਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।

LEAVE A REPLY