8ਚੰਡੀਗੜ੍ਹ : ਆਮ ਆਦਮੀ ਪਾਰਟੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਸਰੇ ਦੌਰ ਦੀ ਗੱਲਬਾਤ ਨਤੀਜੇ ਤੱਕ ਵਧ ਰਹੀ ਹੈ। ਹੁਣ ਤੱਕ ਹੋਈ ਗੱਲਬਾਤ ਵਿਚ ਸਿੱਧੂ ਅਤੇ ‘ਆਵਾਜ਼-ਏ-ਪੰਜਾਬ’ ਦੇ ਹੋਰ ਸਾਥੀਆਂ ਲਈ ਪੰਜ ਸੀਟਾਂ ‘ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਤੇ ਇਸ ਲਈ ‘ਆਵਾਜ਼-ਏ-ਪੰਜਾਬ’ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਐਲਾਨ ਕਰਨਾ ਹੋਵੇਗਾ, ਜਦਕਿ ‘ਆਵਾਜ਼-ਏ-ਪੰਜਾਬ’ 5 ਸੀਟਾਂ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਵਾਅਦੇ ਦੇ ਨਾਲ-ਨਾਲ ‘ਆਪ’ ਵਿਚ ਰਲੇਵਾਂ ਚਾਹ ਰਹੀ ਹੈ। ‘ਆਪ’ ਤੇ ‘ਆਵਾਜ਼-ਏ-ਪੰਜਾਬ’ ਦੇ ਉਚ ਪੱਧਰੀ ਸੂਤਰਾਂ ਮੁਤਾਬਕ ਦੀਵਾਲੀ ਤੋਂ ਬਾਅਦ ਇਸ ‘ਤੇ ਫੈਸਲਾ ਹੋਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਿੱਧੂ ਦੇ ਨਾਲ ਬੈਠਕਾਂ ਦਾ ਦੌਰ ਕੁਝ ਹੀ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ, ਜਿਸ ਵਿਚ ਨਵਜੋਤ ਸਿੰਘ ਸਿੱਧੂ ਤੇ ਅਰਵਿੰਦ ਕੇਜਰੀਵਾਲ ਪੱਧਰ ‘ਤੇ ਗੱਲਬਾਤ ਹੋਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਚਾਨਕ ‘ਆਪ’ ਦੇ ਘੱਟ ਹੋਏ ਰੁਝਾਨ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਵੀ ਜਲਦੀ ਤੋਂ ਜਲਦੀ ਡੀਲ ਸਟ੍ਰਾਈਕ ਕਰਨ ਦੇ ਮੂਡ ਵਿਚ ਹੈ। ਸੂਤਰ ਦੱਸਦੇ ਹਨ ਕਿ ਸਿੱਧੂ ਤੇ ਉਨ੍ਹਾਂ ਦੀ ਟੀਮ ਪਾਰਟੀ ਵਿਚ ਰਲੇਵੇਂ ਦੇ ਪੱਖ ਵਿਚ ਹੈ, ਜਿਸ ਦਾ ਵੱਡਾ ਕਾਰਨ ਚੋਣ ਨਤੀਜਿਆਂ ਤੋਂ ਬਾਅਦ ਦੀ ਸਥਿਤੀ ਨੂੰ ਸਾਹਮਣੇ ਰੱਖ ਕੇ ਬਣਦੀ ਤਸਵੀਰ ਹੈ।
‘ਆਵਾਜ਼-ਏ-ਪੰਜਾਬ’ ਦੇ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਬਾਹਰੀ ਸਮਰਥਨ ਕਰਕੇ ਚੋਣ ਲੜੀ ਜਾਂਦੀ ਹੈ ਤੇ ਦਿੱਲੀ ਜਿਹੇ ਨਤੀਜੇ ਆਉਂਦੇ ਹਨ ਤਾਂ ਸਮਰਥਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਜਦਕਿ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਅਜਿਹੀ ਕੋਈ ਚਿੰਤਾ ਨਹੀਂ ਰਹੇਗੀ। ਉਧਰ ਆਮ ਆਦਮੀ ਪਾਰਟੀ ਦੇ ਨੇਤਾ ਬਾਹਰੀ ਸਮਰਥਨ ਦੇ ਫਾਰਮੂਲੇ ‘ਤੇ ਹੀ ਅੱਗੇ ਵਧਣਾ ਚਾਹੁੰਦੇ ਹਨ, ਕਿਉਂਕਿ ਪਾਰਟੀ ਦਾ ਸੰਵਿਧਾਨ ਕਿਸੇ ਵੀ ਹਾਲਤ ਵਿਚ ਇਕ ਹੀ ਪਰਿਵਾਰ ਵਿਚ ਦੋ ਟਿਕਟਾਂ ਦੀ ਆਗਿਆ ਨਹੀਂ ਦਿੰਦਾ। ਖ਼ਬਰ ਦੀ ਪੁਸ਼ਟੀ ਕਰਦਿਆਂ ‘ਆਪ’ ਦੇ ਇਕ ਉਚ ਪੱਧਰੀ ਨੇਤਾ ਨੇ ਕਿਹਾ ਕਿ ਸਿੱਧੂ ਅਤੇ ਆਪ ਦੋਹਾਂ ਨੂੰ ਹੀ ਇਕ-ਦੂਜੇ ਦਾ ਫਾਇਦਾ ਹੋਵੇਗਾ ਤੇ ਦੋਹਾਂ ਦਾ ਬਾਦਲਾਂ ਦੇ ਭ੍ਰਿਸ਼ਟ ਰਾਜ ਤੋਂ ਪੰਜਾਬ ਨੂੰ ਮੁਕਤੀ ਦਿਵਾਉਣ ਦਾ ਟੀਚਾ ਵੀ ਪੂਰਾ ਹੋਵੇਗਾ।
ਇਸ ਬਾਰੇ ‘ਚ ਪੁੱਛੇ ਜਾਣ ‘ਤੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਸਿੱਧੂ ਨਾਲ ਗੱਲ ਚੱਲ ਰਹੀ ਹੈ, ਇਹ ਅਰਵਿੰਦ ਕੇਜਰੀਵਾਲ ਵੀ ਸਪੱਸ਼ਟ ਕਰ ਚੁੱਕੇ ਹਨ ਤੇ ਪੰਜਾਬ ਦੀ ਭਲਾਈ ਨੂੰ ਦੇਖਦਿਆਂ ਹੀ ਅੱਗੇ ਵਧਿਆ ਜਾਵੇਗਾ, ਜਦੋਂ ਕਿ ਪੰਜਾਬ ਆਪ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦਾ ਕਹਿਣਾ ਹੈ ਕਿ ਸਿੱਧੂ ਬਿਲਕੁਲ ਬੇਦਾਗ ਅਕਸ ਵਾਲੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਤਿੱਖੇ ਸ਼ਬਦਾਂ ਦੇ ਕਾਰਨ ਕੇਜਰੀਵਾਲ ਅਜੇ ਵੀ ਉਨ੍ਹਾਂ ਦੇ ਨਾਲ ਸੰਪਰਕ ਵਿਚ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ‘ਆਪ’ ਵਿਚ ਸਭ ਦਾ ਸੁਆਗਤ ਹੈ ਤੇ ਇਹ ਸੁਆਗਤ ਬਿਨਾਂ ਸ਼ਰਤ ਆਉਣ ਵਾਲਿਆਂ ਦਾ ਹੈ।

LEAVE A REPLY