ਪੰਜਾਬ ਕਾਂਗਰਸ ਨੇ ਬਾਦਲ ਸਰਕਾਰ ‘ਤੇ ਅਰਾਜਕਤਾ ਫੈਲ੍ਹਾਉਣ ਤੇ ਦੁਹਰੇ ਮਾਪਦੰਡ ਰੱਖਣ ਦਾ ਲਗਾਇਆ ਦੋਸ਼

1ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਬਾਦਲ ਸਰਕਾਰ ਉਪਰ ਅਪਰਾਧੀਆਂ ਨੂੰ ਸ਼ੈਅ ਦੇ ਕੇ ਅਤੇ ਦੁਹਰੇ ਮਾਪਦੰਡ ਅਪਣਾ ਕੇ ਸੂਬੇ ਨੂੰ ਪੂਰੀ ਤਰ੍ਹਾਂ ਅਰਾਜਕਤਾ ਦੀ ਸਥਿਤੀ ‘ਚ ਧਕੇਲਣ ਦਾ ਦੋਸ਼ ਲਗਾਇਆ ਹੈ।
ਇਥੇ ਜ਼ਾਰੀ ਬਿਆਨ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਸੂਬੇ ‘ਚ ਮਾਡ਼ੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਾਦਲ ਸਰਕਾਰ ਦੀਆਂ ਲੋਕ ਵਿਰੋਧੀ ਤੇ ਅਪਰਾਧ ਹਿਤੈਸ਼ੀ ਨੀਤੀਆਂ ਦਾ ਨਤੀਜ਼ਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਜਗਮੋਹਨ ਸਿੰਘ ਕੰਗ, ਹਰਦਿਆਲ ਸਿੰਘ ਕੰਬੋਜ ਤੇ ਸੁੰਦਰ ਸ਼ਾਮ ਅਰੋਡ਼ਾ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਦ ਪਿੰਡ ਰਨਸੀਕੇ ਮੀਰਾ ‘ਚ ਸ੍ਰੋਮਣੀ ਅਕਾਲੀ ਦਲ ਦੇ ਸਰਪੰਚ ਵੱਲੋਂ ਕਬ੍ਰਿਸਤਾਨ ਨੂੰ ਜਾਣ ਵਾਲੇ ਰਸਤੇ ਨੂੰ ਬੰਦ ਕਰਨਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੁਹਰੇ ਮਾਪਦੰਡਾਂ ਦਾ ਖੁਲਾਸਾ ਕਰਦਾ ਹੈ, ਜਿਨ੍ਹਾਂ ਨੇ ਵੀਰਵਾਰ ਨੂੰ ਸੂਬੇ ‘ਚ ਕਬ੍ਰਿਸਤਾਨ ਬਣਾਉਣ ਲਈ ਕ੍ਰਿਸ਼ਚਿਅਨ ਤੇ ਮੁਸਲਿਮ ਸਮਾਜ ਨੂੰ 100 ਕਰੋਡ਼ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।
ਇਸ ਲਡ਼ੀ ਹੇਠ ਡੇਰਾ ਬਾਬਾ ਨਾਨਕ ਦੀ ਘਟਨਾ ਵੀਰਵਾਰ ਨੂੰ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੁੱਕੀ ਗਈ ਹੈ, ਜਿਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਉਕਤ ਮਾਮਲਾ ਪਹਿਲਾਂ ਹੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਤੇ ਬਟਾਲਾ ਦੇ ਐਸ.ਐਸ.ਪੀ ਦਲਜਿੰਦਰ ਸਿੰਘ ਢਿਲੋਂ ਦੇ ਧਿਆਨ ‘ਚ ਲਿਆ ਚੁੱਕੇ ਹਨ। ਪ੍ਰਦੇਸ਼ ਕਾਂਗਰਸ ਦੇ ਆਗੂ ਨੇ ਦੋਸ਼ ਲਗਾਇਆ ਕਿ ਦੋਵੇਂ ਅਫਸਰ ਜਾਣਬੁਝ ਕੇ ਉਕਤ ਸ਼ਿਕਾਇਤ ਪ੍ਰਤੀ ਅੱਖਾਂ ਬੰਦ ਕਰੀ ਬੈਠੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ‘ਚ ਮਾਹਿਰ ਹਨ, ਜਿਨ੍ਹਾਂ ਦੇ ਗੁਨਾਹਾਂ ਨੇ ਸੂਬੇ ਦੀ ਕਾਨੂੰਨ ਤੇ ਵਿਵਸਥਾ ਨੂੰ ਸੱਭ ਤੋਂ ਮਾਡ਼ੇ ਹਾਲਾਤਾਂ, ਅਰਾਜਕਤਾ ਤੇ ਮਾਫੀਆ ਕੰਟਰੋਲ ਹੇਠ ਧਕੇਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਨੇ ਘਟਨਾਵਾਂ ਬਾਦਲ ਸਰਕਾਰ ਦੇ ਅਪਰਾਧਿਕ, ਸੰਪ੍ਰਦਾਇਕ ਤੇ ਮਾਫੀਆ ਤਾਕਤਾਂ ਵਿਚਾਲੇ ਮਿਲੀਭੁਗਤ ਦਾ ਭਾਂਡਾਫੋਡ਼ ਕਰ ਦਿੱਤਾ ਹੈ।
ਇਸੇ ਤਰ੍ਹਾਂ, ਸਮਾਨਾ ਪੁਲਿਸ ਵੱਲੋਂ ਇਕ ਅਕਾਲੀ ਕੌਂਸਲਰ ਸਮੇਤ ਤਿੰਨ ਹੋਰ ਲੋਕਾਂ ਨੂੰ ਇਕ ਸਕੂਲ ਅਧਿਆਪਕ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤੇ ਜਾਣ ਦੀ ਖ਼ਬਰ ਉਪਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਅਪਰਾਧੀਆਂ ਤੇ ਅਕਾਲੀ ਆਗੂਆਂ ਵਿਚਾਲੇ ਡੂੰਘੀ ਮਿਲੀਭੁਗਤ ਹੈ ਅਤੇ ਜਿਨ੍ਹਾਂ ਬਾਰੇ ਹੋਰ ਸਬੂਤ ਦਿੱਤੇ ਜਾਣ ਦੀ ਲੋਡ਼ ਨਹੀਂ ਹੈ। ਆਏ ਦਿਨ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ, ਹਾਲਾਤਾਂ ਦੀ ਗੰਭੀਰਤਾ ਦਾ ਖੁਲਾਸਾ ਕਰਦੀਆਂ ਹਨ, ਜਿਨ੍ਹਾਂ ‘ਤੇ ਅਕਾਲੀ ਅਗਵਾਈ ਜ਼ਿਆਦਾ ਸਮੇਂ ਤੱਕ ਪਰਦਾ ਨਹੀਂ ਪਾ ਸਕਦੀ।
ਸਿਰਫ ਕੁਝ ਦਿਨ ਪਹਿਲਾਂ, ਸੰਗਰੂਰ ‘ਚ ਇਕ ਅਕਾਲੀ ਕੌਂਸਲਰ ਨੂੰ ਇਕ ਪੱਤਰਕਾਰ ਦੀ ਹੱਤਿਆ ਲਈ ਨਾਮਜ਼ਦ ਕੀਤਾ ਗਿਆ, ਇਸੇ ਤਰ੍ਹਾਂ ਇਕ ਹੋਰ ਮਾਮਲੇ ‘ਚ ਯੂਥ ਅਕਾਲੀ ਦਲ ਮਾਲਵਾ ਦੇ ਜਨਰਲ ਸਕੱਤਰ ਕਲਿਆਣ ਸਿੰਘ ਨੂੰ ਇਕ ਵਪਾਰੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਲਿਸਟ ਬਹੁਤ ਲੰਬੀ ਹੈ। ਜੋਂ ਪੰਜਾਬ ਅੰਦਰ ਅਕਾਲੀਆਂ-ਅਪਰਾਧੀਆਂ ਵਿਚਾਲੇ ਅਨੈਤਿਕ ਮਿਲੀਭੁਗਤ ਦਾ ਨਤੀਜ਼ਾ ਹੈ। ਪ੍ਰਦੇਸ਼ ਕਾਂਗਰਸ ਆਗੂਆਂ ਨੇ ਕਿਹਾ ਕਿ ਬਾਦਲ ਇਨ੍ਹਾਂ ਗੁਨਾਹਾਂ ਤੋਂ ਨਹੀਂ ਭੱਜ ਸਕਦੇ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਲੋਕ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਣਗੇ।
ਇਸ ਲਡ਼ੀ ਹੇਠ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਿਲ ਅਕਾਲੀ ਆਗੂਆਂ ਤੇ ਵਰਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਇਕ ਵਾਰ ਫਿਰ ਤੋਂ ਚੋਣ ਕਮਿਸ਼ਨ ਨੂੰ ਹਾਲਾਤਾਂ ਦੀ ਗੰਭੀਰਤਾ ‘ਤੇ ਸਖ਼ਤ ਨੋਟਿਸ ਲੈਣ ਲਈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਅਪਰਾਧੀਕਰਨ ਨੂੰ ਰੋਕਣ ਲਈ ਲੋਡ਼ੀਂਦੇ ਕਦਮ ਚੁੱਕਣ ਲਈ ਕਿਹਾ ਹੈ।

LEAVE A REPLY